ਸੰਗਰੂਰ : ਵਧੀਆ ਕਾਰਗੁਜ਼ਾਰੀ ਵਾਲੇ 3300 ਅਧਿਆਪਕ ਤੇ ਸਕੂਲ ਮੁਖੀ ਸਨਮਾਨਤ

09/07/2019 5:13:16 PM

ਸੰਗਰੂਰ (ਬੇਦੀ) : ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਜ਼ਿਲਾ ਸੰਗਰੂਰ ਦੇ 219 ਸਰਕਾਰੀ ਪ੍ਰਾਇਮਰੀ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ ਦੇ ਅਧਿਆਪਕਾਂ, ਇੰਚਾਰਜਾਂ, ਮੁਖੀਆਂ ਅਤੇ ਪ੍ਰਿੰਸੀਪਲਾਂ ਨੂੰ ਸਨਮਾਨਿਤ ਕੀਤਾ। ਬੀਤੇ ਅਕਾਦਮਿਕ ਵਰ੍ਹੇ ਦੌਰਾਨ ਦਸਵੀਂ ਅਤੇ ਬਾਰਵੀਂ ਦੀਆਂ ਬੋਰਡ ਪ੍ਰੀਖਿਆਵਾਂ 'ਚ 100 ਫੀਸਦੀ ਨਤੀਜੇ ਹਾਸਲ ਕਰਨ ਵਾਲੇ ਸਕੂਲਾਂ ਦੇ ਇਨ੍ਹਾਂ ਮਿਹਨਤੀ ਅਧਿਆਪਕਾਂ ਅਤੇ ਸਰਕਾਰੀ ਸਕੂਲਾਂ ਨੂੰ ਆਪਣੀ ਅਗਾਂਹਵਧੂ ਸੋਚ ਸਦਕਾ ਸਮਾਰਟ ਸਕੂਲ ਵਜੋਂ ਵਿਕਸਤ ਕਰਨ ਵਾਲੇ ਸਕੂਲ ਮੁਖੀਆਂ ਤੇ ਪ੍ਰਿੰਸੀਪਲਾਂ ਨੂੰ ਸਨਮਾਨਿਤ ਕਰਨ ਲਈ ਆਯੋਜਿਤ ਇਸ ਸਨਮਾਨ ਸਮਾਰੋਹ ਦੌਰਾਨ ਸਕੱਤਰ ਸਕੂਲ ਸਿੱਖਿਆ ਸ੍ਰੀ ਕ੍ਰਿਸ਼ਨ ਕੁਮਾਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਇਸ ਮੌਕੇ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਪੰਜਾਬ ਦੇ ਮਿਹਨਤੀ ਤੇ ਇਮਾਨਦਾਰ ਅਧਿਆਪਕਾਂ ਦੇ ਸਹਿਯੋਗ ਨਾਲ ਸਰਕਾਰੀ ਸਕੂਲਾਂ 'ਚ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁਕਿਆ ਜਾਵੇਗਾ ਅਤੇ ਅਧਿਆਪਕਾਂ ਦੀ ਆਨਲਾਈਨ ਤਬਾਦਲਾ ਨੀਤੀ ਨੂੰ ਪਾਰਦਰਸ਼ੀ ਅਤੇ ਇਮਾਨਦਾਰੀ ਨਾਲ ਲਾਗੂ ਕਰਨ 'ਚ ਮਿਲੀ ਸਫਲਤਾ ਤੋਂ ਬਾਅਦ ਹੁਣ ਅਗਲੇ ਤਿੰਨ ਮਹੀਨਿਆਂ 'ਚ ਸਿੱਖਿਆ ਖੇਤਰ 'ਚ ਵੱਡੀ ਤਬਦੀਲੀ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਵਾਰ ਜ਼ਿਲਾ ਸੰਗਰੂਰ ਦੇ ਕਰੀਬ 3300 ਹਿੰਮਤੀ ਤੇ ਅਗਾਂਹਵਧੂ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਅਗਲੇ ਵਰ੍ਹੇ ਇਹ ਸਨਮਾਨ ਹਾਸਲ ਕਰਨ ਵਾਲਿਆਂ ਦੀ ਗਿਣਤੀ ਕਈ ਗੁਣਾਂ ਵੱਧ ਹੋਵੇਗੀ।

ਸਿੱਖਿਆ ਮੰਤਰੀ ਨੇ ਕਿਹਾ ਕਿ ਵਿਦਿਆਰਥੀ ਸਾਡੇ ਦੇਸ਼ ਦਾ ਭਵਿੱਖ ਹਨ ਅਤੇ ਆਪਾਂ ਸਾਰਿਆਂ ਨੇ ਰਲ ਕੇ ਹੀ ਇਨ੍ਹਾਂ ਨੂੰ ਕਾਬਲ ਤੇ ਹੁਨਰਮੰਦ ਬਣਾ ਕੇ ਦੇਸ਼ ਦੇ ਸਰਵਪੱਖੀ ਸੁਧਾਰ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਕਾਬਲ, ਮਿਹਨਤੀ ਤੇ ਇਮਾਨਦਾਰ ਅਧਿਆਪਕ ਬੱਚਿਆਂ ਦੇ ਭਵਿੱਖ ਨੂੰ ਹੋਰ ਸੁਨਹਿਰਾ ਬਣਾਉਣ 'ਚ ਕਾਮਯਾਬ ਹੋ ਸਕਦੇ ਹਨ ਅਤੇ ਜੇ ਨਵੀਆਂ ਪਿਰਤਾਂ ਨੂੰ ਪਾਵਾਂਗੇ ਤਾਂ ਹੀ ਰਾਜ ਵਿੱਚ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਿਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਜੇ ਮਨ 'ਚ ਮਜ਼ਬੂਤ ਇਰਾਦੇ ਹੋਣ ਤਾਂ ਕਿਸੇ ਵੀ ਮੁਕਾਮ ਨੂੰ ਹਾਸਲ ਕੀਤਾ ਜਾ ਸਕਦਾ ਹੈ। ਬੋਰਡ ਪ੍ਰੀਖਿਆਵਾਂ 'ਚ ਨਕਲ ਦੀ ਪ੍ਰਥਾ ਨੂੰ ਮੁਕੰਮਲ ਤੌਰ 'ਤੇ ਖਤਮ ਕਰਨ ਲਈ ਜੋ ਕਦਮ ਸਿੱਖਿਆ ਵਿਭਾਗ ਦੇ ਮਿਹਨਤੀ ਅਤੇ ਇਮਾਨਦਾਰ ਅਧਿਕਾਰੀ ਸ੍ਰੀ ਕ੍ਰਿਸ਼ਨ ਕੁਮਾਰ ਸਕੱਤਰ ਸਕੂਲ ਸਿੱਖਿਆ ਦੀ ਅਗਵਾਈ ਹੇਠ ਅਧਿਆਪਕ ਵਰਗ ਵੱਲੋਂ ਚੁੱਕੇ ਗਏ ਹਨ, ਉਹ ਬੇਮਿਸਾਲ ਹਨ।

ਇਸ ਤੋਂ ਪਹਿਲਾਂ ਸਕੱਤਰ ਸਕੂਲ ਸਿੱਖਿਆ ਸ੍ਰੀ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਬੋਰਡ ਦੀਆਂ ਪ੍ਰੀਖਿਆਵਾਂ 'ਚ ਨਕਲ ਨੂੰ ਰੋਕਣ 'ਚ ਅਧਿਆਪਕ ਪੂਰੀ ਤਰ੍ਹਾਂ ਸਫ਼ਲ ਹੋਏ ਹਨ ਜੋ ਕਿ ਇਕ ਵੱਡੀ ਪ੍ਰਾਪਤੀ ਮੰਨੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਸਾਲ 2018 'ਚ ਨਕਲ ਰਹਿਤ ਪ੍ਰੀਖਿਆਵਾਂ ਦਾ ਅਸਰ ਇਹ ਹੋਇਆ ਕਿ ਸਾਲ 2019 'ਚ ਸਰਕਾਰੀ ਸਕੂਲਾਂ ਦੇ ਨਤੀਜਿਆਂ 'ਚ ਵੱਡਾ ਸੁਧਾਰ ਸੰਭਵ ਹੋ ਗਿਆ। ਉਨ੍ਹਾਂ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਸਾਲਾਨਾ ਨਤੀਜਿਆਂ 'ਚ ਸਰਕਾਰੀ ਸਕੂਲਾਂ ਦੇ ਨਤੀਜੇ ਪ੍ਰਾਈਵੇਟ ਸਕੂਲਾਂ ਦੇ ਨਤੀਜਿਆਂ ਨਾਲੋਂ 8 ਪ੍ਰਤੀਸ਼ਤ ਵੱਧ ਰਹੇ ਜੋ ਕਿ ਸਾਡੇ ਅਨੁਭਵੀ ਅਧਿਆਪਕਾਂ ਦੀ ਮਿਹਨਤ ਅਤੇ ਲਗਨ ਸਦਕਾ ਹੀ ਸੰਭਵ ਹੋ ਸਕਿਆ ਹੈ। ਸ੍ਰੀ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੀ ਬਦਲਦੀ ਜਾ ਰਹੀ ਤਸਵੀਰ ਸਦਕਾ ਯਕੀਨੀ ਤੌਰ 'ਤੇ ਦਾਖਲਾ ਦਰ 'ਚ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਸਕੂਲਾਂ ਨੂੰ ਸਮਾਰਟ ਸਕੂਲ ਵਜੋਂ ਵਿਕਸਤ ਕਰਨ ਵਿੱਚ ਨਿੱਜੀ ਦਿਲਚਸਪੀ ਨਾਲ ਕਾਰਜਸ਼ੀਲ ਰਹਿਣ ਵਾਲੇ ਸਕੂਲ ਮੁਖੀ ਤੇ ਪ੍ਰਿੰਸੀਪਲ ਵੀ ਵਧਾਈ ਦੇ ਪਾਤਰ ਹਨ ਜਿਨ੍ਹਾਂ ਦੀ ਮਿਹਨਤ ਨਾਲ ਸਕੂਲਾਂ ਦੀ ਕਾਇਆ ਕਲਪ ਹੋ ਰਹੀ ਹੈ ।

ਸਨਮਾਨ ਸਮਾਰੋਹ ਦੌਰਾਨ ਜ਼ਿਲੇ ਦੇ 121 ਸਰਕਾਰੀ ਸੀਨੀਅਰ ਸੈਕੰਡਰੀ ਅਤੇ 98 ਹਾਈ ਤੇ ਪ੍ਰਾਇਮਰੀ ਸਕੂਲਾਂ ਦੇ 100 ਫੀਸਦੀ ਨਤੀਜਿਆਂ ਵਾਲੇ ਅਧਿਆਪਕਾਂ ਅਤੇ ਸੈਲਫ਼ ਮੇਡ ਸਮਾਰਟ ਸਕੂਲਾਂ ਦੇ ਮੁਖੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਸਿੱਖਿਆ ਮੰਤਰੀ ਸ਼੍ਰੀ ਸਿੰਗਲਾ ਅਤੇ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਵੱਲੋਂ ਸਰਕਾਰੀ ਸਕੂਲ ਖਨੌਰੀ ਕਲਾਂ ਦੇ ઠਵਿਦਿਆਰਥੀ ਅਕਸ਼ੇ ਕੁਮਾਰ ਨੂੰ ਵੀ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ ਜਿਸ ਨੂੰ ਇੰਗਲਿਸ਼ ਦੇઠਔਖੇ ਸ਼ਬਦ ਵੀ ਮੂੰਹ ਜ਼ੁਬਾਨੀ ਯਾਦ ਸਨ।

ਇਸ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਖਿਆ ਮੰਤਰੀ ਸ਼੍ਰੀ ਸਿੰਗਲਾ ਨੇ ਸਿੱਖਿਆ ਦੇ ਖੇਤਰ ਵਿਚ ਪੂਰੀ ਲਗਨ ਅਤੇ ਮਿਹਨਤ ਨਾਲ ਕਾਰਜਸ਼ੀਲ ਅਧਿਆਪਕਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਪਿਛਲੇ ਦੋ ਸਾਲਾਂ ਅੰਦਰ ਕਰੀਬ 3500 ਸਕੂਲਾਂ ਦਾ ਨਵੀਨੀਕਰਨ ਕੀਤਾ ਗਿਆ ਹੈ । ਉਨ੍ਹਾਂ ਕਿਹਾ ਕਿ ਅਧਿਆਪਕ ਤਬਾਦਲਾ ਨੀਤੀ ਸਮੁੱਚੇ ਪੰਜਾਬ ਦੇ ਅਧਿਆਪਕਾਂ ਲਈ ਲਾਹੇਵੰਦ ਸਾਬਤ ਹੋਈ ਹੈ ਅਤੇ ਜਿਹੜੇ ਅਧਿਆਪਕ ਆਪਣੀ ਮਿਹਨਤ, ਕਾਬਲੀਅਤ ਅਤੇ ਚੰਗੀ ਸੋਚ ਨਾਲ ਅਕਾਦਮਿਕ ਖੇਤਰ ਵਿਚ ਕੰਮ ਕਰਦੇ ਹਨ ਅਤੇ ਵਧੀਆ ਨਤੀਜੇ ਲੈ ਕੇ ਆਉਂਦੇ ਹਨ ਅਜਿਹੇ ਅਧਿਆਪਕਾਂ ਲਈ ਟਰਾਂਸਫਰ ਨੀਤੀ ਹੋਰ ਲਾਭਕਾਰੀ ਹੋਵੇਗੀ। ਸ਼੍ਰੀ ਸਿੰਗਲਾ ਨੇ ਕਿਹਾ ਕਿ ਜਨਵਰੀ 2020 ਤੱਕ ਸਿੱਖਿਆ ਵਿਭਾਗ ਦੀ ਨੁਹਾਰ ਵਿਚ ਵੱਡਾ ਸੁਧਾਰ ਕਰਨ ਦਾ ਟੀਚਾ ਮਿਥਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਵਿਚ ਗੈਰ ਅਧਿਆਪਨ ਅਮਲੇ ਦੀ ਰੈਸ਼ਨੇਲਾਈਜੇਸ਼ਨ ਪਾਲਸੀ 'ਤੇ ਵੱਡੇ ਪੱਧਰ 'ਤੇ ਕੰਮ ਚੱਲ ਰਿਹਾ ਹੈ ਜਿਸਨੂੰ ਬਹੁਤ ਜਲਦੀ ਅਮਲ ਵਿਚ ਲਿਆਂਦਾ ਜਾਵੇਗਾ।

ਸਨਮਾਨ ਸਮਾਰੋਹ ਦੌਰਾਨ ਏ.ਡੀ.ਪੀ.ਆਈ ਸ. ਜਰਨੈਲ ਸਿੰਘ ਕਾਲੇਕੇ, ਜ਼ਿਲਾ ਸਿੱਖਿਆ ਅਫ਼ਸਰ (ਸੈਕੰਡਰੀ) ਸ਼੍ਰੀ ਸੁਭਾਸ਼ ਚੰਦਰ , ਜ਼ਿਲਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ) ਸ਼੍ਰੀਮਤੀ ਪਰਮਜੀਤ ਕੌਰ, ਐਸ.ਡੀ.ਐਮ ਅਵਿਕੇਸ਼ ਗੁਪਤਾ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।


cherry

Content Editor

Related News