''ਸੰਗਰੂਰ ਰੈਲੀ ਦਾ ਇਕੱਠ ਸਾਬਤ ਕਰੇਗਾ ਕਿ ਲੋਕ ਢੀਂਡਸਾ ਪਰਿਵਾਰ ਨਾਲ ਚੱਟਾਂਨ ਵਾਂਗ ਖੜ੍ਹੇ ਹਨ''

02/14/2020 5:17:44 PM

ਸੰਗਰੂਰ (ਸਿੰਗਲਾ) : ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੌਮੀ ਜਥੇਬੰਦਕ ਸਕੱਤਰ ਜਸਵਿੰਦਰ ਸਿੰਘ ਪ੍ਰਿੰਸ ਸੰਗਰੂਰ, ਜ਼ਿਲਾ ਜਨਰਲ ਸਕੱਤਰ ਅਤੇ ਉੱਘੇ ਟਰਾਂਸਪੋਰਟਰ ਤਲਵੀਰ ਸਿੰਘ ਧਨੇਸਰ ਧੂਰੀ ਅਤੇ ਜ਼ਿਲਾ ਮੀਤ ਪ੍ਰਧਾਨ ਪਰਮਜੀਤ ਸਿੰਘ ਪੰਮਾ ਧੂਰੀ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਜ਼ਿਲਾ ਸੰਗਰੂਰ ਵਿਖੇ 23 ਫਰਵਰੀ ਦੀ ਰੱਖੀ ਰੈਲੀ ਦਾ ਇਕੱਠ ਇਹ ਗੱਲ ਸਾਫ ਕਰ ਦੇਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਦੇ 80 ਪ੍ਰਤੀਸ਼ਤ ਤੋਂ ਵੱਧ ਆਗੂ ਅਤੇ ਵਰਕਰ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਦੇ ਨਾਲ ਚੱਟਾਨ ਵਾਂਗ ਖੜ੍ਹੇ ਹਨ।

ਉਨ੍ਹਾਂ ਕਿਹਾ ਕਿ ਜਿੱਥੇ ਸੰਗਰੂਰ ਦੇ ਪਿੰਡਾਂ 'ਚ ਰੈਲੀ ਨੂੰ ਲੈ ਕੇ ਭਾਰੀ ਉਤਸ਼ਾਹ ਹੈ, ਉੱਥੇ ਹੀ ਸ਼ਹਿਰੀ ਆਗੂ, ਅਕਾਲੀ ਦਲ ਦੇ ਯੂਥ ਵਰਗ, ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ 'ਚ ਵੀ ਰੈਲੀ ਦੀਆਂ ਤਿਆਰੀਆਂ ਨੂੰ ਲੈ ਕੇ ਪੂਰਾ ਜੋਸ਼ ਪਾਇਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਸਾਫ-ਸੁਥਰੀ ਅਤੇ ਸੱਚੀ ਗੱਲ ਕਰਨ ਵਾਲੇ ਆਗੂਆਂ ਨੂੰ ਸਮੇਂ-ਸਮੇਂ ਸਿਰ ਪਾਰਟੀ 'ਚੋਂ ਬਾਹਰ ਕੱਢਣ ਦਾ ਫੈਸਲਾ ਕਰ ਕੇ ਆਪਣੀ ਤਾਨਾਸ਼ਾਹੀ ਨੀਤੀ ਦਾ ਸਬੂਤ ਦਿੱਤਾ ਹੈ। ਇਸ ਕੜੀ ਤਹਿਤ ਸੁਖਦੇਵ ਸਿੰਘ ਢੀਂਡਸਾ ਤੇ ਪਰਮਿੰਦਰ ਸਿੰਘ ਢੀਂਡਸਾ ਨੂੰ ਬਿਨਾਂ ਕਿਸੇ ਨੋਟਿਸ ਦੇ ਆਪਣੀ ਹੀ ਮਰਜ਼ੀ ਨਾਲ ਪਾਰਟੀ 'ਚੋਂ ਕੱਢਣ ਦਾ ਫੈਸਲਾ ਸੁਣਾਇਆ ਹੈ। ਉਨ੍ਹਾਂ ਸੰਗਰੂਰ ਰੈਲੀ ਮੌਕੇ ਢੀਂਡਸਾ ਪਰਿਵਾਰ ਖਿਲਾਫ ਬੋਲੀ ਮਾੜੀ ਸ਼ਬਦਾਵਲੀ ਸਬੰਧੀ ਕਿਹਾ ਕਿ ਬਾਦਲ ਦੀ ਹਰ ਗੱਲ ਦਾ ਜਵਾਬ ਇਸ ਰੈਲੀ 'ਚ ਦਿੱਤਾ ਜਾਵੇਗਾ। ਜ਼ਿਲਾ ਸੰਗਰੂਰ ਹੀ ਨਹੀਂ ਪੰਜਾਬ ਦਾ ਬੱਚਾ-ਬੱਚਾ ਵੀ ਬਾਦਲਾਂ ਵੱਲੋਂ ਵਰਤੀ ਘਟੀਆ ਸ਼ਬਦਾਵਲੀ ਦੀ ਸਖਤ ਸ਼ਬਦਾਂ 'ਚ ਨਿੰਦਿਆਂ ਕਰਦਾ ਹੈ। ਉਨ੍ਹਾਂ ਕਿਹਾ ਕਿ 23 ਫਰਵਰੀ ਦੀ ਸੰਗਰੂਰ ਰੈਲੀ ਲਈ ਉਨ੍ਹਾਂ ਵੱਲੋਂ ਵੱਡੀ ਪੱਧਰ 'ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਵੱਖ-ਵੱਖ ਥਾਵਾਂ ਤੋਂ ਜ਼ਿਲਾ ਭਰ ਦੇ ਆਗੂ ਵਰਕਰ ਇਸ ਰੈਲੀ ਦੀ ਸਫਲਤਾ 'ਚ ਜੁਟੇ ਹੋਏ ਹਨ।


cherry

Content Editor

Related News