ਚਿੱਟਾ, ਨਸ਼ੇ ਵਾਲੀਆਂ ਗੋਲੀਆਂ ਅਤੇ ਨਾਜਾਇਜ਼ ਸ਼ਰਾਬ ਸਮੇਤ 4 ਕਾਬੂ

05/30/2020 4:06:10 PM

ਸੰਗਰੂਰ (ਵਿਵੇਕ ਸਿੰਧਵਾਨੀ) : ਪੁਲਸ ਨੇ 5 ਕੇਸਾਂ 'ਚ 3 ਗ੍ਰਾਮ ਚਿੱਟਾ, 280 ਨਸ਼ੇ ਵਾਲੀਆਂ ਗੋਲੀਆਂ ਅਤੇ 60 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਦੋਂਕਿ ਇਕ ਵਿਅਕਤੀ ਫਰਾਰ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ 1 ਮਾਲੇਰਕੋਟਲਾ ਦੇ ਪੁਲਸ ਅਧਿਕਾਰੀ ਰਾਮਦਾਸ ਨੇ ਦੱਸਿਆ ਕਿ ਮੁਖਬਰ ਨੇ ਸੂਚਨਾ ਦਿੱਤੀ ਕਿ ਰਸੀਦਾ ਵਾਸੀ ਮਾਲੇਰਕੋਟਲਾ ਚਿੱਟਾ ਵੇਚਣ ਦੀ ਆਦੀ ਹੈ। ਉਹ ਅੱਜ ਵੀ ਆਪਣੇ ਘਰ ਤੋਂ ਮੇਨ ਗੇਟ ਅੱਗੇ ਬੈਠ ਕੇ ਚਿੱਟਾ ਵੇਚ ਰਹੀ ਹੈ। ਜੋ ਕਿ ਮਹਿਬੂਬ ਅਖਤਰ ਵਾਸੀ ਮਾਲੇਰਕੋਟਲਾ ਤੋਂ ਲੈ ਕੇ ਆਉਂਦੀ ਹੈ। ਸੂਚਨਾ ਦੇ ਆਧਾਰ 'ਤੇ ਰੇਡ ਕਰ ਕੇ ਉਸ ਨੂੰ 3 ਗ੍ਰਾਮ ਚਿੱਟੇ ਸਮੇਤ ਗ੍ਰਿਫਤਾਰ ਕਰ ਲਿਆ ਜਦੋਂਕਿ ਮਹਿਬੂਬ ਅਖਤਰ ਦੀ ਗ੍ਰਿਫਤਾਰੀ ਬਾਕੀ ਹੈ।

ਇਸੇ ਤਰ੍ਹਾਂ ਥਾਣਾ ਧਰਮਗੜ੍ਹ ਦੇ ਪੁਲਸ ਅਧਿਕਾਰੀ ਹਰਦੇਵ ਸਿੰਘ ਨੇ ਦੱਸਿਆ ਕਿ ਮੁਖਬਰ ਨੇ ਸੂਚਨਾ ਦਿੱਤੀ ਕਿ ਰਾਣੀ ਕੌਰ ਵਾਸੀ ਚਿੱਟਾ ਵੇਚਣ ਦਾ ਧੰਦਾ ਕਰਦੀ ਹੈ। ਉਹ ਅੱਜ ਵੀ ਆਪਣੀ ਸਕੂਟਰੀ 'ਤੇ ਸਵਾਰ ਹੋ ਕੇ ਹੰਬਲਵਾਸ ਜਖੇਪਲ ਆ ਰਹੀ ਹੈ ਅਤੇ ਗ੍ਰਾਹਕਾਂ ਨੂੰ ਚਿੱਟਾ ਵੇਚਕੇ ਜਾਵੇਗੀ। ਸੂਚਨਾ ਦੇ ਆਧਾਰ 'ਤੇ ਰੇਡ ਕਰ ਕੇ ਉਸਨੂੰ ਗ੍ਰਿਫਤਾਰ ਕੀਤਾ ਗਿਆ।

ਇਸੇ ਤਰ੍ਹਾਂ ਥਾਣਾ ਲਹਿਰਾ ਦੇ ਪੁਲਸ ਅਧਿਕਾਰੀ ਪੁਰਸ਼ੋਤਮ ਰਾਮ ਨੇ ਦੱਸਿਆ ਕਿ ਐਂਟੀ ਨਾਰਕੋਟਿਕ ਸੈੱਲ ਸੰਗਰੂਰ ਦੇ ਪੁਲਸ ਅਧਿਕਾਰੀ ਗੁਰਭੋਜ ਸਿੰਘ ਗਸ਼ਤ ਦੌਰਾਨ ਗਾਗਾ ਕੈਂਚੀਆਂ ਮੌਜੂਦ ਸੀ ਤਾਂ ਮੁਖਬਰ ਦੀ ਸੂਚਨਾ ਦੇ ਆਧਾਰ 'ਤੇ ਰੇਡ ਕਰ ਕੇ ਗੁਰਮੀਤ ਸਿੰਘ ਵਾਸੀ ਖੋਖਰ ਕਲਾਂ ਨੂੰ 1 ਮੋਟਰਸਾਈਕਲ ਤੋਂ 180 ਨਸ਼ੇ ਵਾਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਗਿਆ। ਇਕ ਹੋਰ ਮਾਮਲੇ 'ਚ ਥਾਣਾ ਧੂਰੀ ਦੇ ਪੁਲਸ ਅਧਿਕਾਰੀ ਗੁਰਭਜਨ ਸਿੰਘ ਨੇ ਦੱਸਿਆ ਕਿ ਮੁਖਬਰ ਦੀ ਸੂਚਨਾ ਦੇ ਆਧਾਰ 'ਤੇ ਵਿੱਕੀ ਵਾਸੀ ਧੂਰੀ ਦੇ ਘਰ ਰੇਡ ਕਰ ਕੇ 60 ਬੋਤਲਾਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ। ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ।

ਇਸੇ ਤਰ੍ਹਾਂ ਥਾਣਾ ਖਨੌਰੀ ਦੇ ਪੁਲਸ ਅਧਿਕਾਰੀ ਮਨਜੀਤ ਸਿੰਘ ਨੇ ਦੱÎਸਿਆ ਕਿ ਜਦੋਂ ਪੁਲਸ ਪਾਰਟੀ ਭਾਖੜਾ ਪੁਲ ਕਰੌਂਦਾ ਮੌਜੂਦ ਸੀ ਤਾਂ ਇਕ ਨੌਜਵਾਨ ਮੋਟਰਸਾਈਕਲ 'ਤੇ ਆਉਂਦਾ ਦਿਖਾਈ ਦਿੱਤਾ। ਜੋ ਪੁਲਸ ਪਾਰਟੀ ਨੂੰ ਦੇਖਕੇ ਘਬਰਾ ਗਿਆ ਅਤੇ ਉਸਦਾ ਮੋਟਰਸਾਈਕਲ ਥੱਲੇ ਡਿੱਗ ਗਿਆ। ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ 100 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਗ੍ਰਿਫਤਾਰ ਵਿਅਕਤੀ ਦੀ ਪਛਾਣ ਲੱਖੀ ਰਾਮ ਵਾਸੀ ਖਨੌਰੀ ਵਜੋਂ ਹੋਈ ਹੈ।


Baljeet Kaur

Content Editor

Related News