ਫਰੀਡਮ ਫਾਈਟਰ ਉੱਤਰਾਅਧਿਕਾਰੀ ਜੱਥੇਬੰਦੀ ਪੰਜਾਬ ਨੇ ਡੀ.ਸੀ. ਦਫਤਰ ਬਾਹਰ ਲਾਇਆ ਧਰਨਾ

09/23/2019 5:01:10 PM

ਸੰਗਰੂਰ (ਬੇਦੀ) : ਫਰੀਡਮ ਫਾਈਟਰ ਉੱਤਰਾਅਧਿਕਾਰੀ ਜੱਥੇਬੰਦੀ ਪੰਜਾਬ (ਰਜਿ) ਵੱਲੋਂ ਸੰਗਰੂਰ ਡੀ.ਸੀ ਦਫ਼ਤਰ ਦੇ ਬਾਹਰ ਆਪਣੀਆਂ ਮੰਗਾਂ 300 ਯੂਨਿਟ ਬਿਜਲੀ ਮੁਆਫ, ਫਰੀ ਬੱਸ ਪਾਸ, ਫਰੀ ਟੌਲ ਪਾਲਜਾ ਆਦਿ ਨੂੰ ਲੈ ਕੇ ਸੂਬਾ ਪ੍ਰਧਾਨ ਹਰਿੰਦਰਪਾਲ ਸਿੰਘ ਖਾਲਸਾ ਅਤੇ ਜ਼ਿਲਾ ਸਕੱਤਰ ਮੇਜਰ ਸਿੰਘ ਬਰਨਾਲਾ ਦੀ ਅਗਵਾਈ ਹੇਠ ਵਿਸ਼ਾਲ ਧਰਨਾ ਲਗਾਇਆ ਗਿਆ, ਜਿਸ ਵਿਚ ਜਰਨੈਲ ਸਿੰਘ ਪਟਿਆਲ, ਚੇਤੰਨ ਸਿੰਘ ਮਾਨਸਾ, ਚਮਕੌਰ ਸਿੰਘ ਸੰਗਰੂਰ ਆਦਿ ਦੀ ਅਗਵਾਈ ਹੇਠ ਫਰੀਡਮ ਫਾਈਟਰ ਪਰਿਵਾਰ ਧਰਨੇ ਵਿਚ ਸ਼ਾਮਲ ਹੋਏ। ਇਸ ਧਰਨੇ ਵਿਚ ਵਿਸ਼ੇਸ਼ ਤੌਰ 'ਤੇ ਫਰੀਡਮ ਫਾਈਟਰ ਬੀਬੀ ਸੁਮਿੰਦਰ ਕੌਰ, ਫਰੀਡਮ ਫਾਈਟਰ ਗੁਰਦੇਵ ਸਿੰਘ ਸੁਨਾਮ ਨੇ ਸ਼ਮੂਲੀਅਤ ਕੀਤੀ। ਥੋੜ੍ਹੀ ਦੇਰ ਦਿੱਤੇ ਧਰਨੇ ਨੂੰ ਬਾਅਦ ਵਿਚ ਅੱਗੇ ਪਾ ਦਿੱਤਾ ਗਿਆ, ਕਿਉਂਕਿ ਜ਼ਿਮਨੀ ਚੋਣਾਂ ਕਾਰਨ ਪੰਜਾਬ ਵਿਚ ਚੋਣ ਜਾਬਤਾ ਲੱਗਿਆ ਹੋਇਆ ਹੈ।

ਹਰਿੰਦਰਪਾਲ ਸਿੰਘ ਖਾਲਸਾ ਨੇ ਦੱਸਿਆ ਕਿ ਜੱਥੇਬੰਦੀ ਨੇ ਫੈਸਲਾ ਕੀਤਾ ਹੈ, ਜਿੱਥੇ ਜ਼ਿਮਨੀ ਚੋਣਾਂ ਹੋ ਰਹੀਆਂ ਹਨ, ਉਨ੍ਹਾਂ ਚਾਰਾਂ ਹਲਕਿਆਂ ਵਿਚ ਵੱਖ-ਵੱਖ ਦਿਨ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਮੁੱਲ੍ਹਾਂਪੁਰ ਦਾਖਾ ਵਿਖੇ 16 ਅਕਤੂਬਰ ਨੂੰ ਪੰਜਾਬ ਦੇ ਸਮੂਹ ਫਰੀਡਮ ਫਾਈਟਰ ਪਰਿਵਾਰ ਵਿਸ਼ਾਲ ਮਾਰਚ ਕੱਢ ਕੇ ਸਿਆਸੀ ਪਾਰਟੀਆਂ ਵੱਲੋਂ ਦੇਸ਼ ਭਗਤ ਪਰਿਵਾਰਾਂ ਨਾਲ ਕੀਤੀ ਜਾ ਰਹੀ ਬੇਇਨਸਾਫੀ ਦਾ ਪਰਦਾਫਾਸ਼ ਕੀਤਾ ਜਾਵੇਗਾ, ਕਿਉਂਕਿ 72 ਸਾਲਾਂ ਤੋਂ ਸਾਰੀਆਂ ਹੀ ਸਿਆਸੀ ਪਾਰਟੀਆਂ ਨੇ ਆਜ਼ਾਦੀ ਘੁਲਾਟੀਏ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਨਾਮ 'ਤੇ ਸਿਆਸੀ ਰੋਟੀਆਂ ਸੇਕੀਆਂ ਹਨ ਅਤੇ ਆਪਣੇ ਪਰਿਵਾਰ ਪਾਲੇ ਹਨ, ਜਿਨ੍ਹਾਂ ਨੂੰ ਨੰਗਾ ਕੀਤਾ ਜਾਵੇਗਾ। ਸੂਬਾ ਖਜਾਨਚੀ ਭਰਪੂਰ ਸਿੰਘ ਰੰਘੜਿਆਲ ਨੇ ਕਿਹਾ ਕਿ ਅੱਜ ਦਾ ਧਰਨਾ ਰੱਦ ਕਰਨ ਨਾਲ ਸਾਡੀ ਜੰਗ ਖਤਮ ਨਹੀਂ ਹੋਈ। ਜੇਕਰ ਸਰਕਾਰ ਨੇ ਸਾਡੀਆ ਮੰਗਾਂ ਸਬੰਧੀ ਨੋਟੀਫਿਕੇਸ਼ਨ ਜਾਰੀ ਨਾ ਕੀਤਾ ਤਾਂ ਚੋਣ ਜਾਬਤੇ ਉਪਰੰਤ ਦੁਬਾਰਾ ਭੁੱਖ ਹੜਤਾਲ ਸ਼ੁਰੂ ਕੀਤੀ ਜਾਵੇਗੀ। ਨੋਟੀਫਿਕੇਸ਼ਨ ਜਾਰੀ ਕਰਨ ਤੱਕ ਸਾਡੀ ਜੰਗ ਜਾਰੀ ਰਹੇਗੀ। ਇਸ ਸਮੇਂ ਜਸਵੰਤ ਸਿੰਘ ਬੁਢਲਾਡਾ ਕਾਰਜਕਾਰੀ ਮੈਂਬਰ ਪੰਜਾਬ, ਗੁਰਇੰਦਰਪਾਲ ਸਿੰਘ ਆਲ ਇੰਡਿਆ ਕਮੇਟੀ ਮੈਂਬਰ, ਜਿਲਾ ਸਕੱਤਰ ਸਿਆਸਤ ਸਿੰਘ ਸੰਗਰੂਰ ਤੋਂ ਇਲਾਵਾ ਕਾਫੀ ਵੱਡੀ ਗਿਣਤੀ ਵਿਚ ਪਰਿਵਾਰ ਹਾਜ਼ਰ ਸਨ।


cherry

Content Editor

Related News