ਸਮਰਾਲਾ: ਪ੍ਰਸਾਸ਼ਨ ਘਰਾਂ ''ਚ ਜ਼ਰੂਰੀ ਵਸਤਾਂ ਪਹੁੰਚਾਉਣ ''ਚ ਹੋਇਆ ਫੇਲ, ਲੋਕਾਂ ''ਚ ਮੱਚੀ ਤੜਥੱਲੀ

03/25/2020 1:51:38 PM

ਸਮਰਾਲਾ (ਗਰਗ): 22 ਮਾਰਚ ਨੂੰ ਜਨਤਾ ਕਰਫਿਊ ਤੋਂ ਬਾਅਦ ਹੀ ਘਰਾਂ ਵਿਚ ਬੈਠੇ ਲੋਕਾਂ ਨੂੰ ਹੁਣ ਜੀਵਣ ਜਿਊਣ ਲਈ ਰੋਜ਼ਮਰਾਂ ਦੀਆਂ ਜ਼ਰੂਰੀ ਵਸਤਾਂ ਦੀ ਥੁੜ ਪੈਦਾ ਹੋਣੀ ਸ਼ੁਰੂ ਹੋ ਗਈ ਹੈ। ਡਿਪਟੀ ਕਮਿਸ਼ਨਰ ਵੱਲੋਂ ਕਰਫਿਊ 'ਚ ਕੋਈ ਢਿੱਲ ਦਿੱਤੇ ਬਗੈਰ ਲੋਕਾਂ ਨੂੰ ਘਰ-ਘਰ ਜ਼ਰੂਰੀ ਵਸਤਾਂ, ਰਾਸ਼ਨ, ਸਬਜ਼ੀਆਂ ਅਤੇ ਦੁੱਧ ਪਹੁੰਚਾਉਣ ਦੇ ਸਾਰੇ ਦਾਅਵੇ ਹਵਾ ਹੋ ਗਏ ਹਨ।

ਸਥਾਨਕ ਪ੍ਰਸ਼ਾਸਨ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਬੁੱਧਵਾਰ ਨੂੰ ਤਹਿ ਪ੍ਰੋਗਰਾਮ ਮੁਤਾਬਕ ਰਾਸ਼ਨ, ਸਬਜ਼ੀਆਂ ਅਤੇ ਦੁੱਧ ਦੀ ਹੋਮ ਡਲਿਵਰੀ ਦੇਣ 'ਚ ਅਸਫ਼ਲ ਰਿਹਾ। ਲੋਕ ਸਵੇਰੇ 6 ਵਜੇ ਤੋਂ ਹੀ ਆਪਣੇ ਘਰਾਂ ਦੇ ਬਾਹਰ ਜ਼ਰੂਰੀ ਵਸਤਾਂ ਸਪਲਾਈ ਹੋਣ ਦੀ ਉਡੀਕ ਕਰਦੇ ਰਹੇ, ਪਰ ਜਦੋਂ ਕੋਈ ਵੀ ਨਹੀਂ ਪੁੱਜਾ ਤਾਂ ਸ਼ਹਿਰ ਵਿਚ ਬੇਚੈਨੀ ਫੈਲ ਗਈ। ਮੀਡੀਆ ਮੁਲਾਜ਼ਮਾਂ ਨੂੰ ਸ਼ਹਿਰ ਦੇ ਵੱਖ-ਵੱਖ ਖੇਤਰਾਂ 'ਚੋਂ ਲੋਕਾਂ ਰਾਹੀਂ ਜ਼ਰੂਰੀ ਵਸਤਾਂ ਦੀ ਥੁੜ ਪੈਦਾ ਹੋਣ ਦੀਆਂ ਸੂਚਨਾਵਾਂ ਆਉਣੀਆਂ ਸ਼ੁਰੂ ਹੋਈਆਂ ਤਾਂ ਹਾਲਾਤ ਵੇਖੇ ਗਏ ਕਿ ਪ੍ਰਸਾਸ਼ਨ ਵੱਲੋਂ ਘਰ-ਘਰ ਜ਼ਰੂਰੀ ਵਸਤਾਂ ਅਤੇ ਦਵਾਈਆਂ ਪਹੁੰਚਾਉਣ ਦੇ ਇੰਤਜਾਮ ਨਾਕਾਫੀ ਸਨ। ਕੁਝ ਥੋੜੇ ਬਹੁਤ ਇਲਾਕਿਆਂ ਵਿਚ ਰਾਸ਼ਨ ਆਦਿ ਲੈ ਕੇ ਕੁਝ ਬੈਂਡਰ ਗੱਡੀ ਲੈ ਕੇ ਪੁੱਜੇ ਵੀ ਪਰ ਉਨ੍ਹਾਂ ਇਲਾਕਿਆਂ ਵਿਚ ਵੀ ਲੋਕਾਂ ਨੂੰ ਕੋਈ ਬਹੁਤਾ ਜ਼ਰੂਰਤ ਵਾਲਾ ਸਾਮਾਨ ਉਪਲੱਬਧ ਨਹੀਂ ਹੋਇਆ। ਸਭ ਤੋਂ ਵੱਡੀ ਗੱਲ ਇਕ ਇਹ ਵੀ ਰਹੀ ਕਿ ਅੱਜ ਜੋ ਗੱਡੀ ਘਰ-ਘਰ ਸਮਾਨ ਦੀ ਸਪਲਾਈ ਦੇਣ ਆਈ ਵੀ ਉਹ ਮੁੱਹਲੇ ਦੇ ਵਿਚਕਾਰ ਖੜੀ ਹੋ ਗਈ ਅਤੇ ਲੋਕਾਂ ਨੂੰ ਉਥੇ ਹੀ ਇੱਕਠੇ ਕਰਕੇ ਰਾਸ਼ਨ ਦਿੱਤਾ ਗਿਆ। ਇਸ ਮੌਕੇ ਰਾਸ਼ਨ ਲੈਣ ਅਤੇ ਰਾਸ਼ਨ ਦੇਣ ਵਾਲੇ ਵਿਅਕਤੀਆਂ ਦੇ ਮੁੰਹ 'ਤੇ ਮਾਸਕ ਜ਼ਰੂਰੀ ਤੌਰ 'ਤੇ ਲੱਗੇ ਹੋਣ ਦੀ ਸਰਕਾਰੀ ਹਦਾਇਤ ਨੂੰ ਵੀ ਅਣਦੇਖਿਆ ਕੀਤਾ ਗਿਆ।

ਇਸ ਤੋਂ ਇਲਾਵਾ ਸ਼ਹਿਰ ਦੇ ਲੋਕਾਂ ਨੂੰ ਦੁੱਧ ਅਤੇ ਸਬਜ਼ੀਆਂ ਦੀ ਭਾਰੀ ਕਿੱਲਤ ਮਹਿਸੂਸ ਹੋਈ ਅਤੇ ਨਾਲ ਹੀ ਰਾਸ਼ਨ ਦੀ ਥੁੜ ਪੈਦਾ ਹੋਣ ਨਾਲ ਵੀ ਹੁਣ ਤੋਂ ਹੀ ਦਿੱਕਤਾਂ ਖੜ੍ਹੀਆਂ ਹੋਣੀਆਂ ਸ਼ੁਰੂ ਹੋ ਗਈਆਂ ਹਨ। ਓਧਰ ਦੂਜੇ ਪਾਸੇ ਐੱਸ.ਡੀ.ਐੱਮ. ਸਮਰਾਲਾ ਗੀਤਿਕਾ ਸਿੰਘ ਨੇ ਮੰਨਿਆ ਕਿ ਦੇਰ ਰਾਤ ਤੱਕ ਪ੍ਰਸਾਸ਼ਨ ਕੋਲ ਦੁੱਧ, ਸਬਜ਼ੀਆਂ ਅਤੇ ਰਾਸ਼ਨ ਸਪਲਾਈ ਲਈ ਬਹੁਤੇ ਦੁਕਾਨਦਾਰਾਂ ਵੱਲੋਂ ਪਹੁੰਚ ਹੀ ਨਹੀਂ ਕੀਤੀ ਗਈ।


Shyna

Content Editor

Related News