ਸਮਰਾਲਾ ''ਚ ਲੁਟੇਰਿਆਂ ਨੇ ਫਾਇਨਾਂਸ ਕੰਪਨੀ ਮੁਲਾਜ਼ਮ ਕੋਲੋ ਲੁੱਟੇ 78 ਹਜ਼ਾਰ ਰੁਪਏ

Thursday, Feb 06, 2020 - 07:07 PM (IST)

ਸਮਰਾਲਾ ''ਚ ਲੁਟੇਰਿਆਂ ਨੇ ਫਾਇਨਾਂਸ ਕੰਪਨੀ ਮੁਲਾਜ਼ਮ ਕੋਲੋ ਲੁੱਟੇ 78 ਹਜ਼ਾਰ ਰੁਪਏ

ਸਮਰਾਲਾ,(ਗਰਗ, ਬੰਗੜ)-ਕੈਂਟਿਨ ਕੈਡ੍ਰਿਟਕੇਅਰ ਨੈੱਟਵਰਕ ਨਾਮਕ ਫਾਇਨਾਂਸ ਕੰਪਨੀ ਦੀ ਸਥਾਨਕ ਸਾਖਾ ਦੇ ਇਕ ਫੀਲਡ ਅਧਿਕਾਰੀ ਕੋਲੋਂ 78 ਹਜ਼ਾਰ ਰੁਪਏ ਦੀ ਨਕਦੀ ਲੁੱਟੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਲੁੱਟ ਦੀ ਇਸ ਘਟਨਾ ਤੋਂ ਬਾਅਦ ਕੰਪਨੀ ਦਾ ਇਹ ਮੁਲਾਜ਼ਮ ਇੰਨਾ ਸਹਿਮ ਗਿਆ ਕਿ ਪੱਤਰਕਾਰਾਂ ਦੇ ਪੁੱਛੇ ਜਾਣ 'ਤੇ ਵੀ ਪੂਰੀ ਜਾਣਕਾਰੀ ਦੇਣ 'ਚ ਅਸਮਰਥ ਰਿਹਾ। ਫਿਲਹਾਲ ਪੁਲਸ ਨੇ ਲੁੱਟ ਦਾ ਮਾਮਲਾ ਦਰਜ਼ ਕਰਦੇ ਹੋਏ ਫਰਾਰ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਮਿਲੀ ਜਾਣਕਾਰੀ ਮੁਤਾਬਕ ਉਕਤ ਕੰਪਨੀ ਦਾ ਫੀਲਡ ਅਫ਼ਸਰ ਰਮਨਦੀਪ ਸਿੰਘ ਕੰਪਨੀ ਵੱਲੋਂ ਦਿੱਤੇ ਗਏ ਕਰਜ਼ੇ ਦੀਆਂ ਕਿਸ਼ਤਾਂ ਦੀ ਰਾਸ਼ੀ ਲੈਣ ਰੋਜ਼ ਦੀ ਤਰ੍ਹਾ ਪਿੰਡਾਂ ਵਿੱਚ ਆਪਣੇ ਮੋਟਰਸਾਈਕਲ 'ਤੇ ਗਿਆ ਹੋਇਆ ਸੀ। ਸ਼ਾਮ ਨੂੰ ਜਦੋਂ ਉਹ ਕੰਪਨੀ ਦੀ ਕਰੀਬ 78 ਹਜ਼ਾਰ 300 ਰੁਪਏ ਦੇ ਕਰੀਬ ਰਾਸ਼ੀ ਲੈ ਕੇ ਪਿੰਡ ਕੋਟਲਾ ਬਡਲਾ ਸਾਈਡ ਤੋਂ ਵਾਪਸ ਸਮਰਾਲਾ ਪਰਤ ਰਿਹਾ ਸੀ ਤਾਂ ਇਸ ਦੌਰਾਨ ਰਾਹ ਵਿੱਚ ਪਿੰਡ ਚੜ੍ਹੀ ਨੇੜੇ ਅਣਪਛਾਤੇ ਲੁਟੇਰਿਆਂ ਨੇ ਉਸ ਨੂੰ ਘੇਰ ਕੇ ਉਕਤ ਨਕਦੀ ਖੋਹ ਲਈ ਅਤੇ ਡਰਾ-ਧਮਕਾ ਕੇ ਲੁਟੇਰੇ ਉਥੋਂ ਫਰਾਰ ਹੋ ਗਏ।
ਰਮਨਦੀਪ ਸਿੰਘ ਨੇ ਆਪਣੇ ਨਾਲ ਹੋਈ ਲੁੱਟ ਦੀ ਇਸ ਵਾਰਦਾਤ ਬਾਰੇ ਸਮਰਾਲਾ ਸਥਿਤ ਕੰਪਨੀ ਦੇ ਮੈਨੇਜਰ ਧਰਮਪਾਲ ਨੂੰ ਜਾਣਕਾਰੀ ਦਿੱਤੀ। ਸਥਾਨਕ ਪੁਲਸ ਨੂੰ ਵੀ ਤੁਰੰਤ ਇਸ ਲੁੱਟ ਦੀ ਵਾਰਦਾਤ ਬਾਰੇ ਸਾਰੀ ਜਾਣਕਾਰੀ ਦਿੰਦੇ ਹੋਏ ਫਰਾਰ ਹੋਏ ਲੁਟੇਰਿਆਂ ਦੇ ਹੁਲੀਏ ਬਾਰੇ ਦੱਸਿਆ। ਸਥਾਨਕ ਐਸ. ਐਚ. ਓ. ਸਿੰਕਦਰ ਸਿੰਘ ਨੇ ਮਾਮਲੇ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਪੁਲਸ ਨੇ ਮਾਮਲਾ ਦਰਜ਼ ਕਰ ਲਿਆ ਹੈ ਅਤੇ ਇਸ ਲੁੱਟ ਦੀ ਘਟਨਾ ਨੂੰ ਹੱਲ ਕਰਨ ਲਈ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।


Related News