ਅੱਖਾਂ 'ਚ ਮਿਰਚਾਂ ਪਾ ਕੇ ਦਿਨ-ਦਿਹਾੜੇ ਨਕਾਬਪੋਸ਼ ਲੁਟੇਰਿਆਂ ਨੇ ਖੋਹੇ ਸਾਢੇ 9 ਲੱਖ

07/17/2019 5:27:06 PM

ਮੋਗਾ (ਗੋਪੀ ਰਾਊਕੇ, ਅਜ਼ਾਦ, ਸਤੀਸ਼)—ਅੱਜ ਦਿਨ ਦਿਹਾੜੇ ਧਰਮਕੋਟ ਵਿਚ ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ ਲੁਟੇਰਿਆਂ ਵੱਲੋਂ ਅੱਖਾਂ ਵਿਚ ਮਿਰਚਾ ਪਾ ਕੇ ਧਰਮਕੋਟ ਵਿਚ ਸਥਿਤ ਪੈਟਰਨ ਕ੍ਰੈਡਿਟ ਕੇਅਰ ਨੈੱਟਵਰਕ ਦੇ ਮੁਲਾਜ਼ਮਾਂ ਤੋਂ 9 ਲੱਖ 58 ਹਜ਼ਾਰ 370 ਰੁਪਏ ਖੋਹ ਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਖਿੱਚ-ਧੂਹ ਦੇ ਦੌਰਾਨ ਪੈਸਿਆਂ ਵਾਲਾ ਬੈਗ ਪਾਟਣ ਕਾਰਨ 2 ਲੱਖ 47 ਹਜ਼ਾਰ 677 ਰੁਪਏ ਉਥੇ ਹੀ ਡਿੱਗ ਗਏ।

ਘਟਨਾ ਦੀ ਜਾਣਕਾਰੀ ਮਿਲਣ 'ਤੇ ਐੱਸ.ਪੀ.ਡੀ. ਮੋਗਾ ਹਰਿੰਦਰਪਾਲ ਸਿੰਘ ਪਰਮਾਰ, ਡੀ.ਐੱਸ.ਪੀ. ਧਰਮਕੋਟ ਯਾਦਵਿੰਦਰ ਸਿੰਘ ਬਾਜਵਾ, ਡੀ.ਐੱਸ.ਪੀ. ਡੀ. ਜਸਪਾਲ ਸਿੰਘ, ਥਾਣਾ ਧਰਮਕੋਟ ਦੇ ਇੰਚਾਰਜ ਇੰਸਪੈਕਟਰ ਜਸਵੀਰ ਸਿੰਘ, ਸੀ.ਆਈ.ਏ. ਸਟਾਫ ਦੇ ਇੰਚਾਰਜ ਇੰਸਪੈਕਟਰ ਤ੍ਰਿਲੋਚਨ ਸਿੰਘ ਹੋਰ ਪੁਲਸ ਮੁਲਾਜ਼ਮਾਂ ਸਮੇਤ ਘਟਨਾ ਵਾਲੀ ਜਗ੍ਹਾ 'ਤੇ ਪੁੱਜੇ ਅਤੇ ਜਾਂਚ ਦੇ ਇਲਾਵਾ ਆਸ -ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ।

ਜਾਣਕਾਰੀ ਅਨੁਸਾਰ ਅੱਜ ਬਾਅਦ ਦੁਪਹਿਰ ਪੈਟਰਨ ਕ੍ਰੈਡਿਟ ਨੈੱਟਵਰਕ ਲਿਮਟਿਡ ਦਿੱਲੀ ਜਿਸ ਦੀ ਬ੍ਰਾਂਚ ਢੋਲੇਵਾਲਾ ਰੋਡ (ਧਰਮਕੋਟ) 'ਤੇ ਸਥਿਤ ਹੈ, ਉਕਤ ਕੰਪਨੀ ਵੱਲੋਂ ਪਿੰਡਾਂ ਵਿਚ ਮਹਿਲਾਵਾਂ ਦੇ ਗਰੁੱਪ ਬਣਾ ਕੇ ਉਨ੍ਹਾਂ ਨੂੰ ਕੰਮ ਕਰਨ ਲਈ ਕਰਜ਼ਾ ਦੇਣ ਦਾ ਕੰਮ ਕਰਦੀ ਹੈ, ਅੱਜ ਕੰਪਨੀ ਦੇ ਮੁਲਾਜ਼ਮ ਸ਼ਿਵ ਕੁਮਾਰ ਨਿਵਾਸੀ ਪਿੰਡ ਸ਼ਾਹਪੁਰ ਰਜੇਡਾ (ਯੂ.ਪੀ.) ਅਤੇ ਸੁਖਚੈਨ ਸਿੰਘ ਪਿੰਡ ਵਿਚੋਂ ਪੈਸੇ ਇਕੱਠੇ ਕਰਨ ਦੇ ਬਾਅਦ ਉਸ ਨੂੰ ਇਕ ਬੈਗ ਵਿਚ ਭਰ ਕੇ 9 ਲੱਖ 58 ਹਜ਼ਾਰ 370 ਰੁਪਏ ਮੋਗਾ ਰੋਡ 'ਤੇ ਸਥਿਤ ਪੰਜਾਬ ਨੈਸ਼ਨਲ ਬੈਂਕ ਵਿਚ ਜਮ੍ਹਾ ਕਰਵਾਉਣ ਲਈ ਆਪਣੇ ਮੋਟਰਸਾਈਕਲ 'ਤੇ ਜਾ ਰਹੇ ਸੀ। ਉਨ੍ਹਾਂ ਪੈਸਿਆਂ ਵਾਲਾ ਬੈਗ ਮੋਟਰਸਾਈਕਲ 'ਤੇ ਰੱਖਿਆ ਸੀ, ਜਦੋਂ ਹੀ ਉਹ ਬੈਂਕ ਦੇ ਕੋਲ ਪੁੱਜੇ ਤਾਂ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਲੁਟੇਰੇ ਜਿਨ੍ਹਾਂ ਦੇ ਮੂੰਹ ਢੱਕੇ ਹੋਏ ਸਨ ਉਥੇ ਆ ਧਮਕੇ ਅਤੇ ਉਨ੍ਹਾਂ ਆਉਂਦੇ ਸਾਰੇ ਹੀ ਦੋਨੋਂ ਮੁਲਾਜ਼ਮਾਂ ਦੀਆਂ ਅੱਖਾਂ ਵਿਚ ਮਿਰਚਾਂ ਪਾ ਕੇ ਅਤੇ ਪੈਸਿਆਂ ਵਾਲਾ ਬੈਗ ਖੋਹ ਲਿਆ। ਇਸ ਦੌਰਾਨ ਦੋਨੋਂ ਧਿਰਾਂ ਵਿਚਕਾਰ ਹੱਥੋਪਾਈ ਹੋਣੀ ਸ਼ੁਰੂ ਹੋ ਗਈ ਅਤੇ ਮੁਲਾਜ਼ਮਾਂ ਨੇ ਰੌਲਾ ਵੀ ਪਾਇਆ, ਜਿਸ 'ਤੇ ਉਥੇ ਆਸ-ਪਾਸ ਦੇ ਲੋਕ ਵੀ ਇਕੱਤਰ ਹੋ ਗਏ। ਇਸ ਹੱਥੋਪਾਈ ਵਿਚ ਪੈਸਿਆਂ ਵਾਲਾ ਬੈਗ ਫਟ ਗਿਆ ਅਤੇ ਉਸ ਵਿਚੋਂ 2 ਲੱਖ 47 ਹਜ਼ਾਰ 677 ਰੁਪਏ ਉਥੇ ਹੀ ਡਿੱਗ ਪਏ ਅਤੇ ਬੈਗ ਵਿਚ ਪਏ 7 ਲੱਖ 10 ਹਜ਼ਾਰ 700 ਰੁਪਏ ਉਕਤ ਲੁਟੇਰੇ ਲੈ ਕੇ ਆਪਣੇ ਮੋਟਰਸਾਈਕਲ 'ਤੇ ਭੱਜ ਗਏ।

ਜਾਣਕਾਰੀ ਅਨੁਸਾਰ ਲੋਕਾਂ ਨੇ ਲੁਟੇਰਿਆਂ ਦਾ ਪਿੱਛਾ ਕਰ ਕੇ ਉਨ੍ਹਾਂ ਨੂੰ ਦਬੋਚਣ ਦਾ ਵੀ ਯਤਨ ਕੀਤਾ ਪਰ ਉਹ ਭੱਜਣ ਵਿਚ ਸਫਲ ਹੋ ਗਏ। ਇਸ ਦੌਰਾਨ ਲੋਕਾਂ ਵੱਲੋਂ ਤੁਰੰਤ ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਗਈ, ਜਿਸ 'ਤੇ ਪੁਲਸ ਅਧਿਕਾਰੀ ਘਟਨਾ ਸਥਾਨ 'ਤੇ ਪੁੱਜੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਧਰਮਕੋਟ ਦੇ ਇੰਚਾਰਜ ਇੰਸਪੈਕਟਰ ਜਸਵੀਰ ਸਿੰਘ ਨੇ ਦੱਸਿਆ ਕਿ ਉਹ ਕੰਪਨੀ ਦੇ ਦੋਨੋਂ ਮੁਲਾਜ਼ਮਾਂ ਤੋਂ ਪੁੱਛਗਿੱਛ ਕਰਨ ਦੇ ਇਲਾਵਾ ਹੋਰ ਲੋਕਾਂ ਤੋਂ ਵੀ ਪੁੱਛਗਿੱਛ ਕਰ ਰਹੇ ਹਨ ਅਤੇ ਆਸ ਪਾਸ ਦੇ ਖੇਤਰਾਂ ਵਿਚ ਲੱਗੇ ਸਾਰੇ ਸੀ. ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ। ਇਸ ਦੇ ਇਲਾਵਾ ਮੋਗਾ ਜ਼ਿਲੇ ਵਿਚ ਸਾਰੀਆਂ ਸੜਕਾਂ 'ਤੇ ਵਿਸ਼ੇਸ਼ ਨਾਕਾਬੰਦੀ ਕਰ ਦਿੱਤੀ ਗਈ ਹੈ ਤਾਂ ਕਿ ਲੁਟੇਰੇ ਕਾਬੂ ਆ ਸਕਣ। ਉਨ੍ਹਾਂ ਕਿਹਾ ਕਿ ਜਲਦ ਹੀ ਲੁਟੇਰਿਆਂ ਦਾ ਕੋਈ ਸੁਰਾਗ ਮਿਲ ਜਾਣ ਦੀ ਸੰਭਾਵਨਾ ਹੈ। ਥਾਣਾ ਮੁਖੀ ਨੇ ਕਿਹਾ ਕਿ ਅਣਪਛਾਤੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।


Shyna

Content Editor

Related News