ਲੁੱਟ-ਖੋਹ ਦੀ ਫਿਰਾਕ ’ਚ ਬੈਠਾ ਗਿਰੋਹ ਕਾਬੂ, ਹਥਿਆਰ ਵੀ ਬਰਾਮਦ

Thursday, Oct 09, 2025 - 05:47 PM (IST)

ਲੁੱਟ-ਖੋਹ ਦੀ ਫਿਰਾਕ ’ਚ ਬੈਠਾ ਗਿਰੋਹ ਕਾਬੂ, ਹਥਿਆਰ ਵੀ ਬਰਾਮਦ

ਕੋਟਕਪੂਰਾ (ਨਰਿੰਦਰ) : ਥਾਣਾ ਸਿਟੀ ਪੁਲਸ ਕੋਟਕਪੂਰਾ ਵੱਲੋਂ ਲੁੱਟ-ਖੋਹ ਕਰਨ ਦੀ ਫਿਰਾਕ ਵਿਚ ਬੈਠੇ ਗਿਰੋਹ ਦੇ ਪੰਜ ਵਿਅਕਤੀਆਂ ਨੂੰ ਵਾਰਦਾਤ ਕਰਨ ਤੋਂ ਪਹਿਲਾ ਹੀ ਕਾਬੂ ਕਰ ਲਏ ਜਾਣ ਦਾ ਪਤਾ ਲੱਗਾ ਹੈ। ਕਾਬੂ ਕੀਤੇ ਗਏ ਵਿਅਕਤੀਆਂ ਦੀ ਪਛਾਣ ਸੰਦੀਪ ਸਿੰਘ ਉਰਫ ਸੀਪਾ, ਰਾਮ ਸਿੰਘ ਉਰਫ ਰਾਮਾ, ਅੰਮ੍ਰਿਤਪਾਲ ਸਿੰਘ ਉਰਫ ਅੰਮ੍ਰਿਤ, ਅਜੇ ਸਿੰਘ ਉਰਫ ਨਸੀਰੂ ਅਤੇ ਅਮਰਜੀਤ ਬਿੰਦ ਵਜੋਂ ਹੋਈ ਹੈ, ਜੋ ਕਿ ਸਾਰੇ ਹੀ ਕੋਟਕਪੂਰਾ ਦੇ ਵਸਨੀਕ ਹਨ।

ਇਸ ਸਬੰਧੀ ਅੱਜ ਜਾਣਕਾਰੀ ਦਿੰਦੇ ਹੋਏ ਜਤਿੰਦਰ ਸਿੰਘ ਡੀ.ਐੱਸ.ਪੀ. ਕੋਟਕਪੂਰਾ ਨੇ ਦੱਸਿਆ ਕਿ ਇੰਸਪੈਕਟਰ ਚਮਕੌਰ ਸਿੰਘ ਮੁੱਖ ਅਫਸਰ ਥਾਣਾ ਸਿਟੀ ਕੋਟਕਪੂਰਾ ਦੀ ਨਿਗਰਾਨੀ ਹੇਠ ਸਹਾਇਕ ਥਾਣੇਦਾਰ ਭੁਪਿੰਦਰਜੀਤ ਸਿੰਘ ਪੁਲਸ ਪਾਰਟੀ ਸਮੇਤ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੇ ਸਬੰਧ ਵਿਚ ਸ਼ਹੀਦ ਭਗਤ ਸਿੰਘ ਕਾਲਜ ਨਜ਼ਦੀਕ ਜਾ ਰਹੇ ਸੀ ਤਾਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਕੁੱਝ ਵਿਅਕਤੀਆਂ ਜੋ ਕਿ ਜੁਰਮ ਕਰਨ ਦੇ ਆਦਿ ਹਨ ਅਤੇ ਅੱਜ ਵੀ ਗੁਰੂ ਤੇਗ ਬਹਾਦਰ ਨਗਰ ਤੋਂ ਰੱਬ ਵਾਲੇ ਖੂਹ ਵੱਲ ਨੂੰ ਜਾਂਦੇ ਬੇਅਬਾਦ ਪਈ ਖਾਲੀ ਜਗ੍ਹਾ ਵਿੱਚ ਲੁੱਟ-ਖੋਹ ਕਰਨ ਦੀ ਯੋਜਨਾ ਬਣਾ ਰਹੇ ਹਨ ਅਤੇ ਇਨ੍ਹਾਂ ਕੋਲ ਮਾਰੂ ਹਥਿਆਰ ਵੀ ਹਨ।

ਸੂਚਨਾ ਦੇ ਆਧਾਰ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਇਨ੍ਹਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਮੌਕੇ ’ਤੇ ਇਨ੍ਹਾਂ ਤੋਂ ਤੇਜ਼ਧਾਰ ਹਥਿਆਰ 2 ਖੰਡੇ, 1 ਗਰਾਰੀ ਲੱਗੀ ਲੋਹੇ ਦੀ ਰਾਡ, 1 ਕਾਪਾ ਅਤੇ 1 ਸੱਬਲ ਬਰਾਮਦ ਕੀਤੇ ਗਏ। ਇਸ ਸਬੰਧੀ ਉਕਤ ਵਿਅਕਤੀਆਂ ਖਿਲਾਫ ਥਾਣਾ ਸਿਟੀ ਕੋਟਕਪੂਰਾ ਵਿਖੇ ਮੁਕੱਦਮਾ ਦਰਜ ਕਰ ਕੇ ਇਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਇਨ੍ਹਾਂ ਦੇ ਕ੍ਰਿਮੀਨਲ ਰਿਕਾਰਡ ਦੀ ਜਾਂਚ ਕੀਤੀ ਗਈ ਤਾਂ ਇਹ ਸਾਹਮਣੇ ਆਇਆ ਕਿ ਇਸ ਗਿਰੋਹ ਵਿਚ ਸ਼ਾਮਲ ਵਿਅਕਤੀਆਂ ਖਿਲਾਫ ਪਹਿਲਾਂ ਵੀ ਨਸ਼ੇ ਦੀ ਤਸਕਰੀ ਅਤੇ ਚੋਰੀ ਦੀਆਂ ਵਾਰਦਾਤਾਂ ਸਬੰਧੀ 5 ਮਾਮਲੇ ਦਰਜ ਹਨ।


author

Gurminder Singh

Content Editor

Related News