ਲੁਟੇਰਿਆਂ ਨੇ ਗੈਸ ਏਜੰਸੀ ਦੇ ਕਰਿੰਦੇ ਦੀ ਕੁੱਟਮਾਰ ਕਰ ਖੋਹੀ ਨਕਦੀ
10/03/2022 1:33:48 AM

ਭਵਾਨੀਗੜ੍ਹ (ਵਿਕਾਸ, ਕਾਂਸਲ) : ਬੀਤੀ ਰਾਤ ਕਾਕੜਾ-ਸਕਰੌਦੀ ਰੋਡ 'ਤੇ ਕਾਰ ਸਵਾਰ ਅਣਪਛਾਤੇ ਵਿਅਕਤੀ ਗੈਸ ਏਜੰਸੀ ਦੇ ਕਰਿੰਦੇ ਦੀ ਕੁੱਟਮਾਰ ਕਰਕੇ ਉਸ ਕੋਲੋਂ ਪਰਸ ਖੋਹ ਕੇ ਫਰਾਰ ਹੋ ਗਏ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਸੁਖਜੀਤ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਪਿੰਡ ਸਕਰੌਦੀ ਨੇ ਦੱਸਿਆ ਕਿ ਉਹ ਭਵਾਨੀਗੜ੍ਹ ਗੈਸ ਏਜੰਸੀ ਦਾ ਕਰਿੰਦਾ ਹੈ ਤੇ ਗੈਸ ਸਿਲੰਡਰਾਂ ਵਾਲੀ ਗੱਡੀ ਚਲਾਉਂਦਾ ਹੈ। ਉਸ ਮੁਤਾਬਕ ਬੀਤੀ ਦੇਰ ਰਾਤ ਜਦੋਂ ਉਹ ਬਖੋਪੀਰ ਰੋਡ 'ਤੇ ਸਥਿਤ ਗੈਸ ਗੋਦਾਮ ਵਿੱਚ ਸਿਲੰਡਰਾਂ ਵਾਲੀ ਗੱਡੀ ਖੜ੍ਹੀ ਕਰਕੇ ਢਾਈ ਕੁ ਵਜੇ ਸਕੂਟਰੀ 'ਤੇ ਆਪਣੇ ਘਰ ਜਾ ਰਿਹਾ ਸੀ ਤਾਂ ਰਸਤੇ 'ਚ ਕਾਕੜਾ-ਸਕਰੌਦੀ ਰੋਡ 'ਤੇ ਸਥਿਤ ਭੱਠੇ ਨੇੜੇ ਇਕ ਅਣਜਾਣ ਵਿਅਕਤੀ ਨੇ ਹੱਥ ਦੇ ਕੇ ਉਸ ਨੂੰ ਰੋਕਿਆ ਤੇ ਰਸਤਾ ਪੁੱਛਣ ਲੱਗਾ।
ਇਹ ਵੀ ਪੜ੍ਹੋ : G Khan ਦੀ ਮੁਆਫ਼ੀ ਨੂੰ ਲੈ ਕੇ 2 ਧਿਰਾਂ 'ਚ ਹੋਈ ਜ਼ਬਰਦਸਤ ਝੜਪ, ਚੱਲੇ ਇੱਟਾਂ-ਰੋੜੇ
ਬਾਅਦ ਵਿੱਚ ਉਸ ਦੇ 2 ਹੋਰ ਸਾਥੀ ਉੱਥੇ ਆ ਗਏ, ਜਿਨ੍ਹਾਂ ਨੇ ਉਸ ਨਾਲ ਕੁੱਟਮਾਰ ਕੀਤੀ ਤੇ ਉਸ ਦੀ ਜੇਬ 'ਚੋਂ ਪਰਸ ਕੱਢ ਲਿਆ, ਜਿਸ ਵਿੱਚ ਕਰੀਬ 5170 ਰੁਪਏ, ਪੈਨ ਕਾਰਡ, ਆਧਾਰ ਕਾਰਡ ਆਦਿ ਸਨ, ਜੋ ਲੁਟੇਰੇ ਲੁੱਟ ਕੇ ਕਾਰ 'ਚ ਫਰਾਰ ਹੋ ਗਏ। ਸੁਖਜੀਤ ਸਿੰਘ ਨੇ ਦੱਸਿਆ ਕਿ ਪਰਸ ਖੋਹ ਕੇ ਭੱਜੇ ਵਿਅਕਤੀਆਂ ਕੋਲ ਸਕੌਡਾ ਵਰਗੀ ਲੰਮੀ ਕਾਰ ਸੀ, ਜਿਸ ਦਾ ਉਸ ਦੇ ਕੋਲੋਂ ਪੂਰਾ ਨੰਬਰ ਨਹੀਂ ਪੜ੍ਹਿਆ ਗਿਆ। ਘਟਨਾ ਸਬੰਧੀ ਸੁਖਜੀਤ ਸਿੰਘ ਨੇ ਪੁਲਸ ਨੂੰ ਸੂਚਨਾ ਦੇ ਕੇ ਮੰਗ ਕੀਤੀ ਕਿ ਅਣਪਛਾਤੇ ਵਿਅਕਤੀਆਂ ਦੀ ਭਾਲ ਕੀਤੀ ਜਾਵੇ। ਉਧਰ, ਇੰਸਪੈਕਟਰ ਪ੍ਰਦੀਪ ਬਾਜਵਾ ਥਾਣਾ ਮੁਖੀ ਭਵਾਨੀਗੜ੍ਹ ਨੇ ਕਿਹਾ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਘਟਨਾ ਸਥਾਨ ਦੇ ਨੇੜਲੇ ਪੁਆਇੰਟਾਂ 'ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਰਿਕਾਰਡਿੰਗ ਚੈੱਕ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਦਿਨ-ਦਿਹਾੜੇ ਬੱਚੇ ਨੂੰ ਡਰਾ-ਧਮਕਾ ਮੈਡੀਕਲ ਸਟੋਰ 'ਚੋਂ ਲੁੱਟ ਕੇ ਲੈ ਗਏ ਲੈਪਟਾਪ ਤੇ ਮੋਬਾਈਲ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।