ਸੜਕ ਹਾਦਸੇ ‘ਚ ਔਰਤ ਦੀ ਮੌਤ, ਦੋ ਵਿਅਕਤੀ ਜ਼ਖਮੀ
Monday, Jun 16, 2025 - 05:53 PM (IST)

ਭੀਖੀ (ਤਾਇਲ) : ਅੱਜ ਦੁਪਹਿਰ ਮਾਨਸਾ ਰੋਡ ‘ਤੇ ਤੇਲ ਪੰਪ ਦੇ ਸਾਹਮਣੇ ਖੜੇ ਇੱਟਾਂ ਨਾਲ ਭਰੇ ਟਰੈਕਟਰ ਵਿਚ ਪਿਛਿਓਂ ਕਾਰ ਵੱਜਣ ਨਾਲ ਇਕ ਔਰਤ ਦੀ ਮੌਤ ਹੋ ਗਈ ਜਦੋਂ ਕਿ ਚਾਲਕ ਸਮੇਤ 2 ਵਿਅਕਤੀ ਜ਼ਖਮੀ ਹੋ ਗਏ ਜਿੰਨਾਂ ਨੂੰ ਮਾਨਸਾ ਦੇ ਸਿਵਲ ਹਸਪਤਾਲ ਵਿਚ ਲਿਜਾਇਆ ਗਿਆ ਜਿਥੇ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਬਾਹਰੀ ਹਸਪਤਾਲ ਲਈ ਰੈਫਰ ਕੀਤਾ ਗਿਆ।
ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਜਸਪਾਲ ਸਿੰਘ ਨੇ ਦੱਸਿਆ ਕਿ ਅੱਜ ਦੁਪਹਿਰ ਰਿਲਾਇੰਸ ਪੰਪ ਦੇ ਸਾਹਮਣੇ ਇਕ ਟਾਇਲ ਇੱਟਾਂ ਨਾਲ ਭਰੇ ਸੜਕ ਕਿਨਾਰੇ ਖੜ੍ਹੇ ਟਰੈਕਟਰ-ਟਰਾਲੀ ਨਾਲ ਇਕ ਆਲਟੋ ਕਾਰ ਟਕਰਾ ਗਈ ਜਿਸ ਵਿਚ ਅਮਰਜੀਤ ਕੌਰ ਵਾਸੀ ਘੁੱਦਾ ਦੀ ਮੌਤ ਹੋ ਗਈ ਜਦੋਂ ਕਿ ਦਵਿੰਦਰ ਸਿੰਘ ਅਤੇ ਸੁਖਵੀਰ ਸਿੰਘ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਮਾਨਸਾ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਭੇਜਿਆ ਗਿਆ।
ਸਮੇਂ ਸਿਰ ਨਾ ਪੁੱਜੀ ਕੋਈ ਸਰਕਾਰੀ ਐਂਬੂਲੈਂਸ
ਵਾਪਰੇ ਇਸ ਭਿਆਨਕ ਹਾਦਸੇ ਵਿਚ ਮ੍ਰਿਤਕ ਅਮਰਜੀਤ ਕੌਰ ਕਾਫੀ ਦੇਰ ਜ਼ਖਮੀ ਹਾਲਤ ਵਿਚ ਤੜਫਦੀ ਰਹੀ। ਮੌਕੇ ‘ਤੇ ਹਾਜ਼ਰ ਲੋਕਾਂ ਨੇ ਦੱਸਿਆ ਕਿ ਸਰਕਾਰੀ ਐਂਬੂਲੈਂਸ ਨੂੰ ਵਾਰ-ਵਾਰ ਫੋਨ ਕੀਤਾ ਗਿਆ ਪ੍ਰੰਤੂ ਐਂਬੂਲੈਸ ਦੇਰੀ ਨਾਲ ਪੁੱਜੀ, ਉਪਰੰਤ ਭੀਖੀ ਦੀ ਇਕ ਨਿੱਜੀ ਐਂਬੂਲੈਂਸ ਰਾਹੀਂ ਜ਼ਖਮੀਆਂ ਨੂੰ ਮਾਨਸਾ ਹਸਪਤਾਲ ਲਿਜਾਇਆ ਗਿਆ। ਜੇਕਰ ਸਰਕਾਰੀ ਐਂਬੂਲੈਂਸ ਮੌਕੇ ‘ਤੇ ਪੁੱਜ ਜਾਂਦੀ ਤਾਂ ਸ਼ਾਇਦ ਮ੍ਰਿਤਕ ਅਮਰਜੀਤ ਕੌਰ ਨੂੰ ਬਚਾਇਆ ਵੀ ਜਾ ਸਕਦਾ ਸੀ।