7 ਦਿਨਾਂ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਤੋਂ  ਵਾਂਝੇ ਹਨ ਹੁਸਨਰ ਦੇ ਵਸਨੀਕ

Thursday, Dec 27, 2018 - 01:05 AM (IST)

7 ਦਿਨਾਂ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਤੋਂ  ਵਾਂਝੇ ਹਨ ਹੁਸਨਰ ਦੇ ਵਸਨੀਕ

 ਗਿੱਦਡ਼ਬਾਹਾ, (ਚਾਵਲਾ)- ਪਿੰਡ ਹੁਸਨਰ ਵਾਸੀਆਂ ਨੇ ਅੱਜ ਪਿੰਡ ਦੇ ਜਲ ਘਰ ਵਿਚ ਇਕੱਠੇ ਹੋ ਕੇ ਵਿਭਾਗ ਵਿਰੁੱਧ ਰੋਸ ਮੁਜ਼ਾਹਰਾ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਅਾਂ ਪਿੰਡ ਦੇ ਜਸਕਰਨ ਸਿੰਘ ਜੱਸਾ, ਮੇਜਰ ਸਿੰਘ, ਜਸਵੀਰ ਸਿੰਘ, ਗੋਰਾ ਸਿੰਘ, ਗੁਰਜੀਤ ਸਿੰਘ, ਦਿਲਬਾਗ ਸਿੰਘ, ਗੁਰਸਾਹਿਬ ਸਿੰਘ, ਗੁਰਜੰਟ ਸਿੰਘ, ਕਾਕੂ ਮਿਸਤਰੀ, ਮਿੱਠੂ ਸਿੰਘ, ਬਲਤੇਜ ਸਿੰਘ ਅਤੇ ਬਲਵੀਰ ਸਿੰਘ  ਨੇ ਦੱਸਿਆ ਕਿ ਵਿਭਾਗ ਵੱਲੋਂ ਪਿੰਡ ਦੇ ਵੱਖ-ਵੱਖ ਵਾਰਡਾਂ ਵਿਚ ਇਕ ਦਿਨ ਛੱਡ ਕੇ ਪਾਣੀ ਦੀ ਸਪਲਾਈ ਦਿੱਤੀ ਜਾਂਦੀ ਹੈ, ਜਿਸ ਕਰ ਕੇ ਪਿੰਡ ਵਾਸੀ ਬਹੁਤ ਹੀ ਮੁਸ਼ਕਲ ਨਾਲ ਆਪਣਾ ਗੁਜ਼ਾਰਾ ਕਰਦੇ ਹਨ ਪਰ ਪਿਛਲੇ ਕਰੀਬ 6-7 ਦਿਨਾਂ ਤੋਂ ਪਾਣੀ ਦੀ ਸਪਲਾਈ  ਨਾ ਹੋਣ ਕਾਰਨ ਪਿੰਡ ਵਾਸੀ ਬੇਹੱਦ ਪ੍ਰੇਸ਼ਾਨ ਹਨ ਕਿਉਂਕਿ ਉਨ੍ਹਾਂ ਨੂੰ ਮਜਬੂਰੀਵੱਸ ਧਰਤੀ ਹੇਠਲਾ ਮਾੜਾ ਪਾਣੀ ਪੀਣਾ ਪੈ ਰਿਹਾ ਹੈ। 
ਉਨ੍ਹਾਂ ਕਿਹਾ ਕਿ 4-4 ਵੱਡੇ ਲੀਡਰਾਂ ਵੱਲੋਂ ਜਲਘਰ ਦਾ ਸਮੇਂ-ਸਮੇਂ ’ਤੇ ਨੀਂਹ ਪੱਥਰ ਰੱਖੇ ਜਾਣ ਦੇ ਬਾਵਜੂਦ ਪਿੰਡ ਵਾਸੀ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਹਨ। ਉਨ੍ਹਾਂ ਦੱਸਿਆ ਕਿ ਪਾਣੀ ਵਾਲੀ ਪਾਈਪ ਕਈ ਥਾਵਾਂ ਤੋਂ ਲੀਕ ਹੋ ਰਹੀ ਹੈ। ਇਸ ਸਬੰਧੀ ਕਈ ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਅਧਿਕਾਰੀ ਉਨ੍ਹਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹਨ। 
2 ਦਿਨਾਂ ਤੋਂ ਬੰਦ ਹੈ ਪਾਣੀ ਦੀ ਸਪਲਾਈ : ਐੱਸ. ਡੀ. ਓ. 
 ਇਸ ਸਬੰਧੀ ਸਬੰਧਤ ਵਿਭਾਗ ਦੇ ਐੱਸ. ਡੀ. ਓ.  ਰਵੀ ਗੋਇਲ ਨੇ ਕਿਹਾ ਕਿ ਪਿੰਡ ਵਿਚ ਸਿਰਫ਼ 2 ਦਿਨ ਤੋਂ ਪਾਣੀ ਦੀ ਸਪਲਾਈ ਨਹੀਂ ਹੋਈ ਅਤੇ 6-7 ਦਿਨ ਵਾਲੀ ਗੱਲ ਝੂਠ ਹੈ। ਉਹ ਚੋਣ ਡਿਊਟੀ ’ਤੇ ਮੋਹਾਲੀ ਆਏ ਹੋਏ ਹਨ ਪਰ ਫਿਰ ਵੀ ਉਹ ਮੁਲਾਜ਼ਮਾਂ ਦੇ ਸੰਪਰਕ ਵਿਚ ਹਨ ਅਤੇ ਜਲਦ ਹੀ ਪਿੰਡ ਵਾਸੀਅਾਂ ਨੂੰ ਪਾਣੀ ਮੁਹੱਈਆ ਕਰਵਾਇਆ ਜਾਵੇਗਾ। ਪਾਣੀ ਵਾਲੀ ਪਾਈਪ ਵਿਚ ਲੀਕੇਜ ਸਬੰਧੀ ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੀ ਡਿਊਟੀ ਲਾ ਦਿੱਤੀ ਗਈ ਹੈ ਅਤੇ ਉਹ ਪਿੰਡ ਵਾਸੀਆਂ ਨਾਲ ਮਿਲ ਕੇ ਜਲਦ ਹੀ ਲੀਕੇਜ ਠੀਕ ਕਰ ਦੇਣਗੇ। 


Related News