ਕੋਰੋਨਾ ਨੂੰ ਫੈਲਣ ਤੋਂ ਰੋਕਣ ਦੀਆਂ ਸਾਵਧਾਨੀਆਂ ਅਪਨਾ ਕੇ ਹੀ ਆਯੋਜਿਤ ਹੋਵੇਗਾ ਜ਼ਿਲਾ ਪੱਧਰੀ ਗਣਤੰਤਰ ਦਿਵਸ : ਡੀ.ਸੀ.

01/15/2022 9:01:00 AM

ਮਾਲੇਰਕੋਟਲਾ  (ਜ਼ਹੂਰ/ਸ਼ਹਾਬੂਦੀਨ): ‘‘ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਰੋਹ ਦੀ ਅਹਿਮੀਅਤ ਦੇ ਮੱਦੇਨਜ਼ਰ ਇਸ ਨੂੰ ਪੂਰੀ ਮਰਿਆਦਾ ਤੇ ਰਾਸ਼ਟਰੀ ਭਾਵਨਾ ਨਾਲ ਮਨਾਇਆ ਜਾਵੇਗਾ ਅਤੇ ਨਾਲ ਹੀ ਕੋਵਿਡ-19 ਨੂੰ ਰੋਕਣ ਦੀਆਂ ਸਾਵਧਾਨੀਆਂ ਤੋਂ ਇਲਾਵਾ ਆਦਰਸ਼ ਚੋਣ ਜ਼ਾਬਤੇ ਦੇ ਨਿਯਮਾਂ ਦੀ ਵੀ ਇੰਨ-ਬਿੰਨ ਪਾਲਣਾ ਕੀਤੀ ਜਾਵੇਗੀ।’’ ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਮਾਧਵੀ ਕਟਾਰੀਆ ਨੇ ਦੱਸਿਆ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਰੋਹ ਸਥਾਨਕ ਡਾਕਟਰ ਜ਼ਾਕਿਰ ਹੁਸੈਨ ਸਟੇਡੀਅਮ, ਮਾਲੇਰਕੋਟਲਾ ’ਚ ਹੀ ਮਨਾਇਆ ਜਾਵੇਗਾ। ਇਸ ਸਮਾਰੋਹ ’ਚ ਉਦਯੋਗ ਤੇ ਵਣਜ ਅਤੇ ਵਿਗਿਆਨ ਤੇ ਤਕਨਾਲੋਜੀ ਮੰਤਰੀ ਗੁਰਕੀਰਤ ਸਿੰਘ ਕੋਟਲੀ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ ਅਤੇ ਮਾਰਚ ਪਾਸਟ ਤੋਂ ਸਲਾਮੀ ਲੈਣਗੇ।

ਇਹ ਵੀ ਪੜ੍ਹੋ : ਲੋਹੜੀ ਵਾਲੀ ਰਾਤ ਚੋਰਾਂ ਨੇ ਖੋਲ੍ਹੇ ਕਾਰ ਦੇ ਟਾਇਰ ਤੇ 5 ਗੱਡੀਆਂ ਦੇ ਤੋੜੇ ਸ਼ੀਸ਼ੇ

ਉਨ੍ਹਾਂ ਦੱਸਿਆ ਕਿ ਇਸ ਵਾਰ ਗਣਤੰਤਰ ਦਿਵਸ ਸਮਾਗਮ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਕੋਰੋਨਾ ਨਾਲ ਸਬੰਧਤ ਹਦਾਇਤਾਂ ਨੂੰ ਅਮਲ ’ਚ ਲਿਆ ਕੇ ਹੀ ਮਨਾਇਆ ਜਾਵੇਗਾ। ਇਸ ਸਮਾਗਮ ’ਚ ਉਹੀ ਅਧਿਕਾਰੀ ਜਾਂ ਕਰਮਚਾਰੀ ਜਾਂ ਸਰੋਤਾ ਹਾਜ਼ਰ ਹੋ ਸਕੇਗਾ ਜਿਸ ਦੇ ਕੋਵਿਡ ਦੀਆਂ ਦੋਨੋਂ ਡੋਜ਼ਾਂ ਲੱਗੀਆਂ ਹੋਣਗੀਆਂ। ਇਸ ਸਮਾਗਮ ’ਚ ਬਿਨਾਂ ਮਾਸਕ ਤੋਂ ਐਂਟਰੀ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਮਾਰੋਹ ਨੂੰ ਮਨਾਉਣ ਵੇਲੇ ਸਮਾਜਿਕ ਦੂਰੀ ਦਾ ਵੀ ਖਾਸ ਖਿਆਲ ਰੱਖਿਆ ਜਾਣਾ ਚਾਹੀਦਾ ਹੈ। ਓਮੀਕ੍ਰੋਨ ਦੇ ਵਧਦੇ ਖਤਰੇ ਦੇ ਮੱਦੇਨਜ਼ਰ ਇਸ ਵਾਰ ਝਾਕੀਆਂ ਅਤੇ ਇਨਾਮ ਵੰਡ ਸਮਾਰੋਹ ਨਾ ਕਰਨ ਦਾ ਮਸ਼ਵਰਾ ਡਿਪਟੀ ਕਮਿਸ਼ਨਰ ਵੱਲੋਂ ਦਿੱਤਾ ਗਿਆ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Anuradha

Content Editor

Related News