ਭਾਜਪਾ ਦੀ ਪੰਜਾਬ ਇਕਾਈ ਦਾ ਪੁਨਰਗਠਨ ਜਲਦ, ਹਾਈਕਮਾਨ ਨੇ ਅੱਜ ਦਿੱਲੀ ਬੁਲਾਈ ਮੀਟਿੰਗ

Thursday, Sep 01, 2022 - 02:20 PM (IST)

ਭਾਜਪਾ ਦੀ ਪੰਜਾਬ ਇਕਾਈ ਦਾ ਪੁਨਰਗਠਨ ਜਲਦ, ਹਾਈਕਮਾਨ ਨੇ ਅੱਜ ਦਿੱਲੀ ਬੁਲਾਈ ਮੀਟਿੰਗ

ਸੰਗਰੂਰ : ਭਾਰਤੀ ਜਨਤਾ ਪਾਰਟੀ ਦੀ ਪੰਜਾਬ ਰਾਜ ਇਕਾਈ ਦਾ ਪੁਨਰਗਠਨ ਅੱਜ ਭਲਕੇ 'ਚ ਹੋਣ ਦੀ ਸੰਭਾਵਨਾ ਹੈ | ਇਸ ਗੱਲ ਦੀ ਪੁਸ਼ਟੀ ਕਰਦਿਆਂ ਪਾਰਟੀ ਦੇ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਪਾਰਟੀ ਹਾਈਕਮਾਨ ਨੇ 1 ਸਤੰਬਰ ਨੂੰ ਪੰਜਾਬ ਦੇ ਆਗੂਆਂ ਦੀ ਦਿੱਲੀ 'ਚ ਮੀਟਿੰਗ ਸੱਦ ਲਈ ਹੈ ਅਤੇ ਨਵੀਂ ਟੀਮ ਦਾ ਐਲਾਨ ਵੀ ਹੋ ਸਕਦਾ ਹੈ। ਪਾਰਟੀ ਦੇ ਸੂਬਾ ਪ੍ਰਧਾਨ ਦੇ ਅਹੁਦੇ ਨੂੰ ਲੈ ਕੇ ਇਕ ਚਰਚਾ ਇਹ ਹੈ ਕਿ ਮੌਜੂਦਾ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਹੀ ਪ੍ਰਧਾਨ ਬਣੇ ਰਹਿਣ ਦਿੱਤਾ ਜਾਵੇ ਕਿਉਂਕਿ ਜਦ ਉਨ੍ਹਾਂ ਨੂੰ ਪ੍ਰਧਾਨ ਬਣਾਇਆ ਗਿਆ ਸੀ ਤਾਂ ਉਨ੍ਹਾਂ ਨੂੰ 2024 ਤੱਕ ਇਸ ਅਹੁਦੇ 'ਤੇ ਰੱਖੇ ਜਾਣ ਦਾ ਵਿਸ਼ਵਾਸ ਦਿਵਾਇਆ ਗਿਆ ਸੀ ਅਤੇ ਦੂਜੀ ਚਰਚਾ ਇਹ ਹੈ ਕਿ ਪਾਰਟੀ ਪ੍ਰਧਾਨ ਬਦਲ ਕੇ ਸ਼ਰਮਾ ਨੂੰ ਕੇਂਦਰੀ ਹਾਈਕਮਾਨ 'ਚ ਕੋਈ ਅਹੁਦਾ ਦੇ ਦਿੱਤਾ ਜਾਵੇ।

ਇਹ ਵੀ ਪੜ੍ਹੋ : 150 ਕਰੋੜ ਦੇ ਘਪਲੇ ਦੀ ਫਾਈਲ ਪਹੁੰਚੀ ਵਿਜੀਲੈਂਸ ਤੋਂ, ਜਲਦ ਹੋਵੇਗੀ ਕਾਰਵਾਈ : ਧਾਲੀਵਾਲ

ਸੂਤਰਾਂ ਅਨੁਸਾਰ ਇਸ ਸੰਬੰਧੀ ਪਾਰਟੀ ਦੇ ਪੰਜਾਬ ਨਾਲ ਸੰਬੰਧਿਤ ਆਗੂਆਂ ਨੂੰ 1 ਸਤੰਬਰ ਨੂੰ ਵਿਚਾਰ-ਵਟਾਂਦਰੇ ਲਈ ਦਿੱਲੀ ਬੁਲਾ ਲਿਆ ਗਿਆ ਹੈ। ਇਸ ਸੰਭਾਵਿਤ ਮੀਟਿੰਗ ਵਿਚ ਪੰਜਾਬ ਲਈ ਨਵੀਂ ਟੀਮ ਬਾਰੇ ਵੀ ਵਿਚਾਰ ਵਟਾਂਦਰਾ ਹੋ ਸਕਦਾ ਹੈ। ਨਵੀਂ ਟੀਮ ਵਿਚ 4 ਜਨਰਲ ਸਕੱਤਰ, 8 ਮੀਤ ਪ੍ਰਧਾਨ, 8 ਸਕੱਤਰ ਅਤੇ 1 ਖ਼ਜ਼ਾਨਚੀ ਦਾ ਅਹੁਦਾ ਹੋਵੇਗਾ। ਇਨ੍ਹਾਂ 21 ਅਹੁਦਿਆਂ 'ਚੋਂ 7 ਅਹੁਦੇ ਔਰਤਾਂ ਲਈ ਅਤੇ 7 ਅਨੁਸੂਚਿਤ ਜਾਤੀਆਂ ਲਈ ਰਾਖਵੇਂ ਹਨ।

ਸੂਬੇ ਦੀ ਮੌਜੂਦਾ ਸਿਆਸੀ ਸਥਿਤੀ ਨੂੰ ਵੇਖਦਿਆਂ ਇਨ੍ਹਾਂ ਵਿਚ ਕੁੱਝ ਅਹੁਦੇ ਸਿੱਖ ਭਾਈਚਾਰੇ ਨੂੰ ਵੀ ਦਿੱਤੇ ਜਾ ਸਕਦੇ ਹਨ। 4 ਜਨਰਲ ਸਕੱਤਰਾਂ, 8 ਮੀਤ ਪ੍ਰਧਾਨਾਂ ਅਤੇ 8 ਸਕੱਤਰਾਂ ਦੇ ਅਹੁਦਿਆਂ 'ਚੋਂ ਕੁੱਝ ਅਹੁਦੇ ਕਾਂਗਰਸ 'ਚੋਂ ਭਾਜਪਾ 'ਚ ਸ਼ਾਮਲ ਹੋਏ ਆਗੂਆਂ ਨੂੰ ਦਿੱਤੇ ਜਾ ਸਕਦੇ ਹਨ | ਇਸ ਪੁਨਰਗਠਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਆਉਣ ਦਾ ਪ੍ਰੋਗਰਾਮ ਉਲੀਕਿਆ ਜਾਵੇਗਾ। ਮੋਦੀ ਆਪਣੀ ਆਗਾਮੀ ਪੰਜਾਬ ਫੇਰੀ ਦੌਰਾਨ ਪੰਜਾਬ ਅਤੇ ਸਿੱਖ ਭਾਈਚਾਰੇ ਲਈ ਕੁਝ ਅਹਿਮ ਐਲਾਨ ਵੀ ਕਰ ਸਕਦੇ ਹਨ।


author

Anuradha

Content Editor

Related News