ਪੰਜਾਬੀਆਂ ਤੋਂ ਮੌਕਾ ਮੰਗਣ ਵਾਲੇ ਕੇਜਰੀਵਾਲ ਦੱਸਣ ਦਿੱਲੀ ’ਚ ਪੰਜਾਬੀਆਂ ਨੂੰ ਕਿੰਨੇ ਮੌਕੇ ਦਿੱਤੇ : ਬੈਂਸ
Friday, Feb 11, 2022 - 04:48 PM (IST)
ਸੰਗਰੂਰ (ਬੇਦੀ, ਸਿੰਗਲਾ)-ਪੰਜਾਬੀਆਂ ਤੋਂ ਇਕ ਮੌਕਾ ਮੰਗਣ ਵਾਲੇ ਅਰਵਿੰਦ ਕੇਜਰੀਵਾਲ ਤੋਂ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਉਨ੍ਹਾਂ ਨੇ ਦਿੱਲੀ ’ਚ ਪੰਜਾਬੀਆਂ ਨੂੰ ਕਿੰਨੇ ਮੌਕੇ ਦਿੱਤੇ ਹਨ। ਇਹ ਵੱਡਾ ਸਵਾਲ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਹਰਚਰਨ ਸਿੰਘ ਬੈਂਸ ਨੇ ਸੰਗਰੂਰ ਵਿਖੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕੇਜਰੀਵਾਲ ਤੋਂ ਪੁੱਛਿਆ। ਉਹ ਅੱਜ ਸੰਗਰੂਰ ਵਿਖੇ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਵਿਨਰਜੀਤ ਸਿੰਘ ਗੋਲਡੀ ਦੀ ਚੋਣ ਮੁਹਿੰਮ ਦੌਰਾਨ ਸੰਗਰੂਰ ਪੁੱਜੇ ਹੋਏ ਸਨ। ਬੈਂਸ ਨੇ ਕਿਹਾ ਕਿ ਕੇਜਰੀਵਾਲ ਇਹ ਦੱਸਣ ਕਿ ਦਿੱਲੀ ‘ਚ ਕਿਹੜਾ ਪੰਜਾਬੀ ਬੋਲਦੇ ਸ਼ਖ਼ਸ ਨੂੰ ਦਿੱਲੀ ਵਿਖੇ ਮੰਤਰੀ ਜਾਂ ਕਿਸੇ ਵੀ ਮਹਿਕਮੇ ਦਾ ਡਾਇਰੈਕਟਰ ਜਾਂ ਚੇਅਰਮੈਨ ਬਣਾਇਆ ਗਿਆ ਹੈ। ਬੈਂਸ ਨੇ ਕਿਹਾ ਕਿ ਦਿੱਲੀ ਦੇਸ਼ ਦਾ ਇਕ ਅਜਿਹਾ ਇਲਾਕਾ ਹੈ, ਜਿਥੇ ਵੱਡੀ ਗਿਣਤੀ ਲੋਕ ਪੰਜਾਬੀ ਬੋਲਦੇ ਹਨ ਅਤੇ ਦਿੱਲੀ ਦਾ ਸਬੰਧ ਹਿੰਦ ਦੀ ਚਾਦਰ ਮੰਨੇ ਜਾਣ ਵਾਲੇ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਹੈ ਪਰ ਕੇਜਰੀਵਾਲ ਨੇ ਸਰਕਾਰੀ ਸਕੂਲਾਂ ’ਚ ਪੰਜਾਬੀ ਭਾਸ਼ਾ ਨੂੰ ਹੀ ਬੈਨ ਕੀਤਾ ਹੋਇਆ ਹੈ।
ਉਨ੍ਹਾਂ ਕਿਹਾ ਮੈਂ ਇਨ੍ਹਾਂ ਗੱਲਾਂ ਦੀ ਖੁੱਲ੍ਹੀ ਚੁਣੌਤੀ ਅਰਵਿੰਦ ਕੇਜਰੀਵਾਲ ਨੂੰ ਦਿੰਦਾ ਹਾਂ ਕਿ ਪੰਜਾਬੀਆਂ ਤੋਂ ਮੌਕਾ ਮੰਗਣ ਤੋਂ ਪਹਿਲਾਂ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਦੇਣ। ਬੈਂਸ ਨੇ ਹੋਰ ਕਿਹਾ ਕਿ ਪ੍ਰੋ. ਦਵਿੰਦਰ ਪਾਲ ਭੁੱਲਰ ਦੀ ਰਿਹਾਈ ਦੇ ਮਾਮਲੇ ’ਚ ਵੀ ਕੇਜਰੀਵਾਲ ਨੇ ਪੰਜਾਬੀਆਂ ਨਾਲ ਝੂਠ ਬੋਲਿਆ ਹੈ, ਕੇਜਰੀਵਾਲ ਪੰਜਾਬ ’ਚ ਸਟੇਜਾਂ ’ਤੇ ਕਹਿੰਦੇ ਹਨ ਕਿ ਪ੍ਰੋ. ਭੁੱਲਰ ਦੀ ਰਿਹਾਈ ਦਾ ਮਾਮਲਾ ਮਾਣਯੋਗ ਜੱਜਾਂ ਵੱਲੋਂ ਬਣਾਈ ਗਈ ਸੱਤ ਮੈਂਬਰੀ ਕਮੇਟੀ ਦੇ ਵਿਚਾਰ ਅਧੀਨ ਹੈ, ਜਦਕਿ ਇਸ ਕਮੇਟੀ ’ਚ ਸਿਰਫ਼ ਇਕ ਜੁਡੀਸ਼ਰੀ ਮੈਂਬਰ ਹੈ, ਬਾਕੀ ਸਾਰੇ ਸਰਕਾਰ ਦੇ ਆਪਣੇ ਮੈਂਬਰ ਹਨ। ਦਿੱਲੀ ਸਰਕਾਰ ਦਾ ਇਕ ਮੰਤਰੀ ਸਤਿੰਦਰ ਜੈਨ ਵੀ ਇਸੇ ਕਮੇਟੀ ਦਾ ਹਿੱਸਾ ਹੈ। ਬੈਂਸ ਨੇ ਕਿਹਾ ਕਿ ਜਦੋਂ ਮਾਣਯੋਗ ਸੁਪਰੀਮ ਕੋਰਟ ਨੇ ਪ੍ਰੋ. ਭੁੱਲਰ ਦੀ ਰਿਹਾਈ ਬਾਰੇ ਸਪੱਸ਼ਟ ਕਹਿ ਦਿੱਤਾ ਤਾਂ ਦਿੱਲੀ ਦੀ ਇਹ ਕਮੇਟੀ ਪ੍ਰੋ. ਭੁੱਲਰ ਨੂੰ ਖ਼ਤਰਨਾਕ ਅੱਤਵਾਦੀ ਕਿਉਂ ਮੰਨ ਰਹੀ ਹੈ, ਜਦਕਿ ਪ੍ਰੋ. ਭੁੱਲਰ ਦੀ ਮਾਨਸਿਕ ਸਥਿਤੀ ਅਜਿਹੀ ਹੋ ਚੁੱਕੀ ਹੈ ਕਿ ਉਹ ਕੁਰਸੀ ਤੋਂ ਉੱਠ ਵੀ ਨਹੀਂ ਸਕਦੇ।
ਬੈਂਸ ਨੇ ਹੋਰ ਕਿਹਾ ਕਿ ਖਾਲਸਾਈ ਖੇਡ ਗੱਤਕਾ, ਜਿਸ ਨੂੰ ਪੰਜਾਬ ਦੇ ਵਸਨੀਕ ਐੱਚ. ਐੱਸ. ਗਰੇਵਾਲ ਵੱਲੋਂ ਦਿੱਲੀ ਵਿਖੇ ਮਾਨਤਾ ਦੇਣ ਲਈ 7 ਸਾਲ ਤੋਂ ਯਤਨ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਨੇ ਭਗਵੰਤ ਮਾਨ ਰਾਹੀਂ ਅਰਵਿੰਦ ਕੇਜਰੀਵਾਲ ਤੱਕ ਪਹੁੰਚ ਬਣਾ ਕੇ ਇਸ ਗੱਤਕਾ ਖੇਡ ਨੂੰ ਪ੍ਰਮਾਣਿਤ ਕਰਨ ਲਈ ਅਪੀਲਾਂ ਕੀਤੀਆਂ ਪਰ ਇਸ ’ਤੇ ਕੋਈ ਕਾਰਵਾਈ ਨਹੀਂ ਹੋਈ, ਜਿਸ ਕਾਰਨ ਗਰੇਵਾਲ ਨਿਰਾਸ਼ ਹੋ ਕੇ ਆਪਣੇ ਘਰੇ ਬੈਠ ਗਏ। ਬੈਂਸ ਨੇ ਇਹ ਵੀ ਕਿਹਾ ਕਿ ਪੰਜਾਬੀਆਂ ਦਾ ਫਿਕਰ ਕਰਨ ਵਾਲੇ ਕੇਜਰੀਵਾਲ ਪੰਜਾਬੀਆਂ ਨੂੰ ਇਹ ਵੀ ਦੱਸਣ ਕਿ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ਼ ਚੋਣ ਲੜਨ ਵਾਲੇ ਜਰਨੈਲ ਸਿੰਘ, ਜਿਨ੍ਹਾਂ ਦੀ ਮੌਤ ਕੋਰੋਨਾ ਕਰਕੇ ਹੋਈ ਸੀ, ਉਨ੍ਹਾਂ ਦੀ ਇੰਨੀ ਦੁਰਦਸ਼ਾ ਕਿਉਂ ਕੀਤੀ ਅਤੇ ਇਲਾਜ ਨਾ ਹੋਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਇਹ ਵੀ ਕਿਹਾ ਕਿ ਕੇਜਰੀਵਾਲ ਉਦਯੋਗਿਕ ਘਰਾਣਿਆਂ ਦੇ ਅਧੀਨ ਕੰਮ ਕਰ ਰਿਹਾ ਹੈ ਅਤੇ ਦਿੱਲੀ ’ਚ ਸਰਕਾਰੀ ਬੱਸਾਂ ਖ਼ਤਮ ਕਰਕੇ ਪ੍ਰਾਈਵੇਟ ਟੈਕਸੀਆਂ ਦੀ ਬਹੁਤਾਤ ਕਰ ਰਿਹਾ ਹੈ। ਬੈਂਸ ਨੇ ਕਿਹਾ ਕਿ ਦਿੱਲੀ ਵਿਖੇ ਔਰਤਾਂ ਵੱਲੋਂ ਕੇਜਰੀਵਾਲ ਦੇ ਖਿਲਾਫ਼ ਇਸ ਕਰਕੇ ਵੱਡੇ ਪੱਧਰ ’ਤੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਕਿ ਉਸ ਨੇ ਸ਼ਰਾਬ ਦੀ ਵਿਕਰੀ ਨੂੰ ਪ੍ਰਾਈਵੇਟ ਕਰ ਦਿੱਤਾ, ਜਿਸ ਕਾਰਨ ਹਰ ਗਲੀ-ਮੁਹੱਲੇ ’ਚ ਸ਼ਰਾਬ ਦੇ ਠੇਕੇ ਖੁੱਲ੍ਹ ਗਏ ਹਨ ਅਤੇ ਸ਼ਰਾਬੀਆਂ ਦੀ ਗਿਣਤੀ ਵਧਣ ਲੱਗੀ ਹੈ, ਜਿਸ ਤੋਂ ਔਰਤਾਂ ਬੇਹੱਦ ਦੁਖੀ ਹਨ। ਉਨ੍ਹਾਂ ਆਖਿਆ ਕਿ ਕੇਜਰੀਵਾਲ ਤਾਂ ਅੰਗਰੇਜ਼ ਸ਼ਾਸਕ ਲਾਰਡ ਕਲਾਈਵ ਵਾਂਗ ਸੱਤਾ ਦਾ ਇਕ ਮੌਕਾ ਮੰਗ ਰਿਹਾ ਹੈ, ਜਿਸ ਨੇ 250 ਸਾਲ ਤੱਕ ਪੰਜਾਬ ’ਤੇ ਰਾਜ ਕੀਤਾ ਅਤੇ ਮਹਾਰਾਜਾ ਰਣਜੀਤ ਸਿੰਘ ਵਰਗੇ ਸ਼ਾਸਕ ਦੇ ਰਾਜ ਦੇ ਖ਼ਾਤਮੇ ਦਾ ਕਾਰਨ ਬਣਿਆ, ਇਸ ਲਈ ਪੰਜਾਬੀਆਂ ਨੂੰ ਇਸ ਤੋਂ ਸੁਚੇਤ ਰਹਿਣ ਦੀ ਵੱਡੀ ਲੋੜ ਹੈ।
ਉਨ੍ਹਾਂ ਚਰਨਜੀਤ ਸਿੰਘ ਚੰਨੀ ਤੇ ਨਵਜੋਤ ਸਿੰਘ ਸਿੱਧੂ ’ਤੇ ਸਿਆਸੀ ਹਮਲੇ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਦੇ ਇਹ ਦਰਸ਼ਨੀ ਘੋੜੇ ਹਨ, ਇਨ੍ਹਾਂ ਨੂੰ ਮੁੱਖ ਮੰਤਰੀ ਨਹੀਂ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਚੰਨੀ ਦੇ ਨਾਂ ’ਤੇ ਪੰਜਾਬ ’ਚੋਂ ਦਲਿਤ ਵੋਟਾਂ ਪਵਾਉਣ ਤੋਂ ਬਾਅਦ ਉਨ੍ਹਾਂ ਨੂੰ ਪਾਸੇ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੇਜਰੀਵਾਲ ਭਗਵੰਤ ਮਾਨ ਨੂੰ ਵੀ ਮਜਬੂਰੀ ’ਚ ਮੁੱਖ ਮੰਤਰੀ ਦਾ ਚਿਹਰਾ ਬਣਾਉਣਾ ਪਿਆ ਅਤੇ ਜੇਕਰ ਇਹ ਪਾਰਟੀ ਜਿੱਤਦੀ ਵੀ ਹੈ ਤਾਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਨਹੀਂ ਬਣਾਇਆ ਜਾਵੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਵਿਨਰਜੀਤ ਸਿੰਘ ਗੋਲਡੀ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ, ਯੂਥ ਅਕਾਲੀ ਆਗੂ ਹਨੀ ਮਾਨ, ਇੰਦਰਪਾਲ ਸਿੰਘ ਸਿਬੀਆ, ਚਮਨਦੀਪ ਸਿੰਘ ਮਿਲਖੀ, ਇਕਬਾਲਜੀਤ ਸਿੰਘ ਪੂਨੀਆ, ਮੱਖਣ ਸਿੰਘ ਸ਼ਾਹਪੁਰ ਕਲਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਆਗੂ ਮੌਜੂਦ ਸਨ।