ਪੰਜਾਬੀ ਲੈਕਚਰਾਰ ਗੁਰਪ੍ਰੀਤ ਕੌਰ ਨੇ ''ਰਾਜ ਪੁਰਸਕਾਰ'' ਨਕਦ ਰਾਸ਼ੀ ਸਮੇਤ ਮੋੜਨ ਦਾ ਕੀਤਾ ਐਲਾਨ

10/16/2018 9:23:35 AM

ਮਾਨਸਾ (ਜੱਸਲ)— ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੀਆਂ ਤਨਖਾਹਾਂ 'ਚ ਕਟੌਤੀ ਕਰਨ ਦੇ ਵਿਰੋਧ 'ਚ ਮਾਨਸਾ ਵਾਸੀ ਗੁਰਪ੍ਰੀਤ ਕੌਰ ਪੰਜਾਬੀ ਲੈਕਚਰਾਰ ਸਰਕਾਰੀ ਸੈਕੰਡਰੀ ਸਕੂਲ ਪਿੰਡ ਘੁੰਮਣ ਕਲਾਂ ਨੇ ਰੋਸ ਵਜੋਂ 'ਰਾਜ ਪੁਰਸਕਾਰ' ਨਗਦ ਰਾਸ਼ੀ ਸਮੇਤ ਪੰਜਾਬ ਸਰਕਾਰ ਨੂੰ ਵਾਪਸ ਕਰਨ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੂੰ ਇਹ ਰਾਜ ਪੁਰਸਕਾਰ ਸਿੱਖਿਆ ਜਗਤ 'ਚ ਵਿਲੱਖਣ ਸੇਵਾਵਾਂ ਨਿਭਾਉਣ ਬਦਲੇ ਮਿਲਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਧਿਆਪਕ ਕੌਮ ਦੇ ਨਿਰਮਾਤਾ ਹੁੰਦੇ ਹਨ। ਪੰਜਾਬ ਸਰਕਾਰ ਨੇ ਅਜਿਹਾ ਕਰਕੇ ਉਨ੍ਹਾਂ ਦਾ ਸਮਾਜ ਅੰਦਰ ਘੋਰ ਨਿਰਾਦਰ ਕੀਤਾ ਹੈ। ਸਰਕਾਰੀ ਸਕੂਲਾਂ 'ਚ ਵੱਡੀ ਪੱਧਰ 'ਤੇ ਅਧਿਆਪਕਾਂ, ਲੈਕਚਰਾਰਾਂ ਤੇ ਦਰਜਾ ਚਾਰ ਮੁਲਾਜ਼ਮਾਂ ਦੀਆਂ ਪੋਸਟਾਂ ਖਾਲੀ ਪਈਆਂ ਹਨ। ਸਕੂਲਾਂ ਅੰਦਰ ਇਕ ਅਧਿਆਪਕ ਨੂੰ 10 -10 ਸਾਲਾਂ ਤੋਂ ਤਿੰਨ-ਤਿੰਨ ਅਹੁਦਿਆਂ 'ਤੇ ਕੰਮ ਕਰਨਾ ਪੈ ਰਿਹਾ ਹੈ। ਹੁਣ ਤਨਖਾਹਾਂ 'ਚ ਕਟੌਤੀ ਕਰਕੇ ਪੰਜਾਬ ਸਰਕਾਰ ਉਨ੍ਹਾਂ ਦੇ ਸਬਰ ਨੂੰ ਕਿਉਂ ਪਰਖ ਰਹੀ ਹੈ। ਲੈਕਚਰਾਰ ਗੁਰਪ੍ਰੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਅਧਿਆਪਕਾਂ ਦੀਆਂ ਤਨਖਾਹਾਂ ਵਿਚ ਕਟੌਤੀ ਕਰਨ ਦੇ ਵਿਰੋਧ 'ਚ ਅਸੀ ਅਧਿਆਪਕਾਂ ਦੇ ਨਾਲ ਖੜਨ ਲਈ ਇਹ ਕਦਮ ਉਠਾ ਰਹੇ ਹਾਂ। ਇਸ ਲਈ ਉਹ ਜਲਦ ਹੀ 'ਰਾਜ ਪੁਰਸਕਾਰ' ਨਕਦ ਰਾਸ਼ੀ ਸਮੇਤ ਪੰਜਾਬ ਸਰਕਾਰ ਨੂੰ ਵਾਪਸ ਦੇਣ ਜਾ ਰਹੇ ਹਨ।


Related News