ਪਾਵਰਕਾਮ ਵਲੋਂ ਠੇਕੇ ''ਤੇ ਕੰਮ ਕਰ ਰਹੇ 1 ਹਜ਼ਾਰ ਲਾਈਨਮੈਨਾਂ ਨੂੰ ਰੈਗੂਲਰ ਕਰਨ ਦਾ ਫੈਸਲਾ

12/12/2019 12:35:07 PM

ਪਟਿਆਲਾ (ਜੋਸਨ): ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਸੀ. ਆਰ. ਏ. 281/13 ਤਹਿਤ ਭਰਤੀ ਹੋਏ ਲਾਈਨਮੈਨਾਂ ਨੂੰ ਸਾਡੇ 3 ਸਾਲ ਠੇਕੇ 'ਤੇ ਕੰਮ ਕਰਨ ਤੋਂ ਬਾਅਦ ਰੈਗੂਲਰ ਕਰਨ ਦਾ ਫੈਸਲਾ ਕੀਤਾ ਹੈ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਇਨ੍ਹਾਂ 1 ਹਜ਼ਾਰ ਲਾਈਨਮੈਨਾਂ ਨੂੰ 2016 ਵਿਚ ਠੇਕੇ 'ਤੇ ਭਰਤੀ ਕੀਤਾ ਸੀ। ਇਨ੍ਹਾਂ ਵਿਚੋਂ 2 ਦਰਜਨ ਦੇ ਕਰੀਬ ਲਾਈਨਮੈਨ ਬਿਜਲਈ ਹਾਦਸਿਆਂ ਦਾ ਸ਼ਿਕਾਰ ਹੋਣ ਕਾਰਣ ਸਵਗਰਵਾਸ ਹੋ ਚੁੱਕੇ ਹਨ।

ਹੁਣ ਬਿਜਲੀ ਨਿਗਮ ਦੀ ਮੈਨੇਜਮੈਂਟ ਨੇ ਆਪਣੇ ਦਫਤਰੀ ਹੁਕਮ ਨੰ. 381 ਮਿਤੀ 11 ਦਸੰਬਰ ਰਾਹੀਂ ਪੂਰੇ ਸਕੇਲ ਵਿਚ ਉਨ੍ਹਾਂ ਦੀਆਂ ਸੇਵਾਵਾਂ ਸਥਾਈ ਤੌਰ 'ਤੇ ਰੈਗੂਲਰ ਕਰਨ ਦਾ ਪੱਤਰ ਜਾਰੀ ਕਰ ਦਿੱਤਾ ਹੈ। ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਸੂਬਾਈ ਕਨਵੀਨਰ ਹਰਭਜਨ ਸਿੰਘ ਪਿਲਖਣੀ, ਜਨ. ਸਕੱਤਰ ਗੁਰਵੇਲ ਸਿੰਘ ਬੱਲਪੁਰੀਆਂ ਅਤੇ ਸੂਬਾਈ ਬੁਲਾਰੇ ਮਨਜੀਤ ਸਿੰਘ ਚਾਹਲ ਨੇ ਇਨ੍ਹਾਂ ਲਾਈਨਮੈਨਾਂ ਨੁੰ ਰੈਗੂਲਰ ਕਰਨ ਲਈ ਬਿਜਲੀ ਨਿਗਮ ਦੇ ਸੀ. ਐੱਮ. ਡੀ. ਇੰਜੀ. ਬਲਦੇਵ ਸਿੰਘ ਸਰਾਂ ਅਤੇ ਡਾਇਰੈਕਟਰ ਪ੍ਰਬੰਧਕੀ ਆਰ. ਪੀ. ਪਾਂਡਵ ਸਮੇਤ ਬੋਰਡ ਮੈਨੇਜਮੇਟ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਆਗੂ ਤੇ ਵਰਕਰ ਪਿਛਲੇ ਲੰਮੇ ਸਮੇਂ ਤੋਂ ਇਨ੍ਹਾਂ ਕਰਮਚਾਰੀਆਂ ਨੂੰ ਪੂਰੇ ਸਕੇਲ ਵਿਚ ਰੈਗੂਲਰ ਕਰਨ ਵਾਸਤੇ ਸੰਘਰਸ਼ ਕਰ ਰਹੇ ਸਨ। ਅੱਜ ਇਸ ਸਬੰਧੀ ਬਿਜਲੀ ਏਕਤਾ ਮੰਚ ਦਾ ਵਫਦ ਬਿਜਲੀ ਨਿਗਮ ਦੇ ਡਾਇਰੈਕਟਰ ਪ੍ਰਬੰਧਕੀ ਆਰ. ਪੀ. ਪਾਂਡਵ ਨੂੰ ਮਿਲਿਆ। ਉਨ੍ਹਾਂ ਕੋਲੋਂ ਲਾਈਨਮੈਨਾਂ ਦੇ ਰੈਗੂਲਰ ਹੋਣ ਦਾ ਪੱਤਰ ਪ੍ਰਾਪਤ ਕੀਤਾ। ਇਸ ਮੌਕੇ ਬਿਜਲੀ ਨਿਗਮ ਦੇ ਇੰਜੀ. ਰਵਿੰਦਰ ਸਿੰਘ ਪਨੇਸਰ ਉੱਪ ਮੁੱਖ ਇੰਜੀਨੀਅਰ, ਬੀ. ਐੱਸ. ਗੁਰਮ ਉੱਪ ਸਕੱਤਰ ਆਈ. ਆਰ, ਸੁਰਿੰਦਰ ਕੁਮਾਰ ਅਧੀਨ ਸਕੱਤਰ ਤੇ ਜਥੇਬੰਦੀ ਦੇ ਸੂਬਾਈ ਆਗੂ ਨਰਿੰਦਰ ਸੈਣੀ, ਮਨਜੀਤ ਸਿੰਘ ਚਾਹਲ, ਸੁਰਿੰਦਰ ਪਾਲ ਲਾਹੌਰੀਆ, ਦਰਸ਼ਨ ਸਿੰਘ ਰਾਜੀਆ, ਕਮਲ ਕੁਮਾਰ ਪਟਿਆਲਾ ਅਤੇ ਰਿਸ਼ੂ ਅਰੋੜਾ ਆਦਿ ਹਾਜ਼ਰ ਸਨ।


Shyna

Content Editor

Related News