ਸਿੱਖਿਆ ਸਕੱਤਰ ਵਲੋਂ 'ਪੰਜਾਬੀ ਹਫ਼ਤੇ' ਦਾ ਆਨਲਾਈਨ ਉਦਘਾਟਨ

Wednesday, Nov 04, 2020 - 03:18 PM (IST)

ਸਿੱਖਿਆ ਸਕੱਤਰ ਵਲੋਂ 'ਪੰਜਾਬੀ ਹਫ਼ਤੇ' ਦਾ ਆਨਲਾਈਨ ਉਦਘਾਟਨ

ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਸਮੂਹ ਸਰਕਾਰੀ ਸਕੂਲਾਂ 'ਚ 'ਪੰਜਾਬੀ ਹਫਤਾ' ਮਨਾਉਣ ਦੀ ਸ਼ੁਰੂਆਤ ਕਰ ਦਿੱਤੀ ਹੈ।ਇਸ ਦੀ ਜਾਣਕਾਰੀ ਦਿੰਦੇ ਹੋਏ ਡੀ.ਪੀ.ਆਈ. ਸੈਕੰਡਰੀ ਸੁਖਜੀਤ ਪਾਲ ਸਿੰਘ ਨੇ ਦੱਸਿਆ ਕਿ ਪੰਜਾਬੀ ਹਫਤਾ ਸੂਬੇ ਦੇ ਸਾਰੇ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ 'ਚ ਮਨਾਇਆ ਜਾ ਰਿਹਾ ਹੈ ਅਤੇ ਬੀਤੀ ਸ਼ਾਮ ਸਕੂਲ ਸਿੱਖਿਆ ਸਕੱਤਰ ਸ੍ਰੀ ਕਿਸ਼ਨ ਕੁਮਾਰ ਨੇ ਆਨ ਲਾਈਨ ਸਮਾਗਮ ਦੇ ਨਾਲ 'ਪੰਜਾਬੀ ਹਫਤੇ' ਦੀ ਸ਼ੁਰੂਆਤ ਕਰ ਦਿੱਤੀ ਹੈ।ਇਸ ਆਨ ਲਾਈਨ ਸਮਾਗਮ 'ਚ ਸੂਬੇ ਦੇ ਸਾਰੇ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਮੁਖੀਆਂ ਅਤੇ ਪੰਜਾਬੀ ਅਧਿਆਪਕਾਂ ਨੇ ਹਿੱਸਾ ਲਿਆ।

ਬੁਲਾਰੇ ਅਨੁਸਾਰ ਸਿੱਖਿਆ ਵਿਭਾਗ ਵੱਲੋਂ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਲਈ ਇਹ 'ਪੰਜਾਬੀ ਹਫ਼ਤਾ' ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਆਨ ਲਾਈਨ/ਆਫ਼ ਲਾਈਨ ਸਹਿ ਵਿਦਿਅਕ ਮੁਕਾਬਲੇ ਕਰਵਾਏ ਜਾ ਰਹੇ ਹਨ। ਬੁਲਾਰੇ ਅਨੁਸਾਰ ਅੱਜ 4 ਨਵੰਬਰ ਨੂੰ ਸਮੂਹ ਸਕੂਲਾਂ ਵਿੱਚ ਕਵਿਤਾ ਉਚਾਰਣ ਮੁਕਾਬਲੇ ਕਰਵਾਏ ਗਏ। ਇਸੇ ਤਰਾਂ ਹੀ 5 ਨਵੰਬਰ ਨੂੰ ਸੁੰਦਰ ਲਿਖਾਈ ਤੇ ਸਲੋਗਨ ਲਿਖਣ ਮੁਕਾਬਲੇ, 6 ਨਵੰਬਰ ਨੂੰ ਭਾਸ਼ਣ ਮੁਕਾਬਲੇ ਅਤੇ 7 ਨਵੰਬਰ ਨੂੰ ਲੋਕ ਗੀਤ/ਗੀਤ ਅਤੇ ਕਵੀਸ਼ਰੀ ਮੁਕਾਬਲੇ ਕਰਵਾਏ ਜਾਣਗੇ।

ਬੁਲਾਰੇ ਅਨੁਸਾਰ ਸਮੂਹ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਮੁਖੀਆਂ ਨੂੰ ਅਧਿਆਪਕਾਂ ਨਾਲ ਮਿਲ ਕੇ ਇਹ ਹਫਤਾ ਮਨਾਉਣ ਲਈ ਕਿਹਾ ਗਿਆ ਹੈ। ਇਸ ਦੌਰਾਨ ਮੁਕਾਬਲੇ ਸਿਰਫ਼ ਪੰਜਾਬੀ ਭਾਸ਼ਾ ਵਿੱਚ ਹੀ ਹੋਣਗੇ ਅਤੇ ਪ੍ਰਤੀਯੋਗਤਾਵਾਂ ਦਾ ਸੰਚਾਲਨ ਪੰਜਾਬੀ ਵਿਸ਼ੇ ਦੇ ਅਧਿਆਪਕਾਂ ਵੱਲੋਂ ਸਕੂਲ ਮੁਖੀ ਦੀ ਅਗਵਾਹੀ ਵਿੱਚ ਕੀਤਾ ਜਾਵੇਗਾ। ਇੱਕ ਵਿਦਿਆਰਥੀ ਵੱਧ ਤੋਂ ਵੱਧ ਦੋ ਮੁਕਾਬਲਿਆਂ ਵਿੱਚ ਹਿੱਸਾ ਲੈ ਸਕਦਾ ਹੈ।


author

Shyna

Content Editor

Related News