ਬੱਸ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, 2 ਮਜ਼ਦੂਰਾਂ ਦੀ ਮੌਕੇ ’ਤੇ ਹੋਈ ਮੌਤ
Friday, Apr 22, 2022 - 10:27 AM (IST)
 
            
            ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਸਥਾਨਕ ਹੰਡਿਆਇਆ ਰੋਡ ’ਤੇ ਇਕ ਪੀ. ਆਰ. ਟੀ. ਸੀ. ਬੱਸ ਨੇ ਮੋਟਰਸਾਈਕਲ ’ਤੇ ਸਵਾਰ ਦੋ ਮਜ਼ਦੂਰਾਂ ਨੂੰ ਕੁਚਲ ਦਿੱਤਾ, ਜਿਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਦੋਵੇਂ ਮ੍ਰਿਤਕ ਵਿਅਕਤੀ ਮਜ਼ਦੂਰੀ ਕਰਦੇ ਸਨ ਅਤੇ ਉਹ ਹੰਡਿਆਇਆ ਰੋਡ ’ਤੇ ਕਿਸ਼ਤ ਭਰਨ ਲਈ ਆਏ ਸਨ। ਸਿਵਲ ਹਸਪਤਾਲ ’ਚ ਘਟਨਾ ਦੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭਾਣਜੇ ਵਿੱਕੀ ਸਿੰਘ ਤੇ ਭੈਣ ਰਛਪਾਲ ਕੌਰ ਨੇ ਦੱਸਿਆ ਕਿ ਮਿੱਠੂ ਸਿੰਘ ਅਤੇ ਗੁਰਸੰਤ ਸਿੰਘ ਵਾਸੀ ਹੰਡਿਆਇਆ ਜੋ ਕਿ ਮਜ਼ਦੂਰੀ ਦਾ ਕੰਮ ਕਰਦੇ ਸਨ, ਉਹ ਦੁਪਹਿਰ ਸਮੇਂ ਆਪਣੇ-ਆਪਣੇ ਕੰਮ ਤੋਂ ਵਿਹਲੇ ਹੋ ਕੇ ਕਿਸ਼ਤ ਭਰਨ ਲਈ ਗਏ ਸਨ। ਜਦੋਂ ਉਹ ਹੰਡਿਆਇਆ ਰੋਡ ’ਤੇ ਕੋਲ ਪੁੱਜੇ ਤਾਂ ਇਕ ਤੇਜ਼ ਰਫਤਾਰੀ ਪੀ.ਆਰ.ਟੀ.ਸੀ. ਦੀ ਬੱਸ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਹੇਠਾਂ ਡਿੱਗ ਗਏ। ਬੱਸ ਦੇ ਪਿਛਲਾ ਟਾਇਰ ਉਨ੍ਹਾਂ ਦੇ ਸਿਰ ਉਪਰੋਂ ਦੀ ਨਿਕਲ ਗਏ, ਜਿਸ ਕਾਰਨ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸਾ ਇੰਨਾ ਦਰਦਨਾਕ ਸੀ ਕਿ ਮ੍ਰਿਤਕਾਂ ਨੂੰ ਪਛਾਨਣਾ ਵੀ ਮੁਸ਼ਕਿਲ ਸੀ। ਉਨ੍ਹਾਂ ਦੀ ਮੌਤ ਨਾਲ ਘਰ ’ਚ ਕੋਈ ਵੀ ਕਮਾਉਣ ਵਾਲਾ ਨਹੀਂ ਰਿਹਾ।

ਪੁਲਸ ਨੇ ਬੱਸ ਜ਼ਬਤ ਕਰ ਕੇ ਡਰਾਈਵਰ ਨੂੰ ਕੀਤਾ ਗ੍ਰਿਫਤਾਰ
ਇਸ ਸਬੰਧੀ ਥਾਣਾ ਸਿਟੀ 2 ਦੇ ਮੁੱਖ ਅਫਸਰ ਲਖਵੀਰ ਸਿੰਘ ਨੇ ਕਿਹਾ ਕਿ ਪੁਲਸ ਨੇ ਬੱਸ ਨੂੰ ਕਬਜ਼ੇ ’ਚ ਲੈ ਕੇ ਬੱਸ ਡਰਾਈਵਰ ਸੰਜੀਵ ਕੁਮਾਰ ਵਾਸੀ ਭੁਲਾੜ ਜ਼ਿਲਾ ਹੁਸ਼ਿਆਰਪੁਰ ਨੂੰ ਗ੍ਰਿਫਤਾਰ ਕਰ ਲਿਆ ਹੈ। ਮ੍ਰਿਤਕ ਮਿੱਠੂ ਸਿੰਘ ਦੇ ਪੁੱਤਰ ਕਮਲਜੀਤ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਡਰਾਈਵਰ ਸੰਜੀਵ ਕੁਮਾਰ ਖਿਲਾਫ ਕੇਸ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ : ਗੈਂਗਸਟਰ ਅਰਸ਼ ਡਾਲਾ ਦੇ ਨੇੜਲੇ ਸਹਿਯੋਗੀ ਜੱਸਾ ਦਾ ਅਣਪਛਾਤੇ ਵਿਅਕਤੀਆਂ ਨੇ ਕੀਤਾ ਕਤਲ
ਪ੍ਰਸ਼ਾਸਨ ਨੂੰ ਵਾਹਨਾਂ ਦੀ ਸਪੀਡ ਲਿਮਟ ਕੰਟਰੋਲ ਕਰਨ ਦੀ ਜ਼ਰੂਰਤ
ਜ਼ਿਕਰਯੋਗ ਹੈ ਕਿ ਹੰਡਿਆਇਆ ਰੋਡ ਸੰਘਣੀ ਆਬਾਦੀ ਹੈ। ਇਸ ਰੋਡ ਉਪਰੋਂ ਦੀ ਬੱਸਾਂ ਦੀ ਆਵਾਜਾਈ ਅਤੇ ਹੈਵੀ ਟ੍ਰੈਫਿਕ ਦੀ ਆਵਾਜਾਈ ਬਹੁਤ ਜ਼ਿਆਦਾ ਹੈ। ਹੈਵੀ ਟ੍ਰੈਫਿਕ ਬੜੀ ਤੇਜ਼ੀ ਨਾਲ ਇਥੋਂ ਦੀ ਲੰਘਦੀ ਹੈ, ਜਿਸ ਕਾਰਨ ਹਰ ਸਮੇਂ ਵੱਡੇ ਹਾਦਸੇ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਸ ਰੋਡ ’ਤੇ ਵਾਹਨਾਂ ਦੀ ਸਪੀਡ ਦੀ ਲਿਮਟ ਕੀਤੀ ਜਾਵੇ ਤਾਂ ਕਿ ਆਮ ਜਨਤਾ ਦੀ ਜਾਨ ਨੂੰ ਸੁਰੱਖਿਅਤ ਕੀਤਾ ਜਾ ਸਕੇ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            