ਅਧਿਆਪਕਾਂ ਵੱਲੋਂ ਵਿਧਾਇਕ ਦੀ ਰਿਹਾਇਸ਼ ਨੇੜੇ ਕੀਤਾ ਗਿਆ ਜਬਰਦਸ਼ਤ ਮੁਜ਼ਾਹਰਾ

07/05/2020 7:22:42 PM

ਦਿੜ੍ਹਬਾ ਮੰਡੀ,(ਅਜੈ)- ਲੰਬੇ ਸਮੇਂ ਤੋਂ ਅਧਿਆਪਕਾਂ ਦੀਆਂ ਲਟਕਦੀਆਂ ਮੰਗਾਂ ਦੇ ਹੱਲ ਲਈ, ਸਿੱਖਿਆ ਸਕੱਤਰ ਵੱਲੋਂ ਬਦਲਾਖੋਰ ਨੀਤੀ ਰਾਹੀਂ ਸੰਘਰਸ਼ਸੀਲ ਆਗੂਆਂ ਨੂੰ ਵਿਭਾਗੀ ਪੜਤਾਲ ਦੇ ਨਾਂ ’ਤੇ ਤੰਗ-ਪ੍ਰੇਸ਼ਾਨ ਕਰਨ ਖਿਲਾਫ ਗੌਰਮਿੰਟ ਟੀਚਰਜ਼ ਯੂਨੀਅਨ ਦੇ ਬੈਨਰ ਹੇਠ ਇੱਕਠੇ ਹੋਏ ਵੱਡੀ ਗਿਣਤੀ ਅਧਿਆਪਕਾਂ ਨੇ ਪੰਜਾਬ ਸਰਕਾਰ ਖਿਲਾਫ ਜਬਰਦਸ਼ਤ ਨਾਅਰੇਬਾਜ਼ੀ ਕਰਦਿਆਂ ਰੋਸ ਮੁਜ਼ਾਹਾਰਾ ਕਰਨ ਉਪਰੰਤ ਸੁਰਜੀਤ ਸਿੰਘ ਧੀਮਾਨ ਵਿਧਾਇਕ ਅਮਰਗੜ੍ਹ ਨੂੰ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਪੰਜਾਬ ਦੇ ਨਾਂ ਰੋਸ ਪੱਤਰ ਦਿੱਤਾ।

ਵਿਧਾਇਕ ਧੀਮਾਨ ਵੱਲੋਂ ਅਧਿਆਪਕਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਜਲਦ ਹੱਲ ਕਰਵਾਉਣ ਲਈ ਮੁੱਖ ਮੰਤਰੀ ਪੰਜਾਬ ਨੂੰ ਜਲਦ ਮਿਲਿਆ ਜਾਵੇਗਾ। ਇਸ ਤੋਂ ਪਹਿਲਾਂ ਵੱਡੀ ਗਿਣਤੀ ਵਿਚ ਅਧਿਆਪਕਾਂ ਨੇ ਨਵੇਂ ਬੱਸ ਸਟੈਂਡ ਨੇੜੇ ਰੋਡ ’ਤੇ ਰੈਲੀ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਆਗੂ ਹੁਸ਼ਿਆਰ ਸਿੰਘ ਲਾਡਬੰਨਜਾਰਾ, ਗੁਰਜੰਟ ਸਿੰਘ ਕੌਹਰੀਆਂ, ਫਕੀਰ ਸਿੰਘ ਟਿੱਬਾ ਅਤੇ ਦੇਵੀ ਦਿਆਲ ਨੇ ਕਿਹਾ ਕਿ ਸਰਕਾਰ ਪਟਿਆਲਾ ਸੰਘਰਸ਼ ਸਮੇਂ ਕੀਤੇ ਸਮਝੌਤਿਆਂ ਤੋਂ ਟਾਲਾ ਵੱਟ ਲਿਆ ਹੈ। ਸਿੱਖਿਆ ਮੰਤਰੀ ਨਾਲ ਮੀਟਿੰਗਾਂ ਹੋਣ ਦੇ ਬਾਵਜੂਦ ਵੀ ਮੰਗਾਂ ਦਾ ਹੱਲ ਨਹੀਂ ਹੋਇਆ। ਅਧਿਆਪਕਾਂ ਦੀ ਮੰਗ ਹੈ ਕਿ ਤਨਖਾਹ ਕਟੌਤੀ ਦਾ ਰੀਵਿਊ, ਕੱਚੇ ਅਧਿਆਪਕਾਂ ਨੂੰ ਤੁਰੰਤ ਪੱਕੇ ਕਰਨ, ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਸ਼ਾਮਲ ਕਰਨ ਅਤੇ ਅਧਿਆਪਕਾਂ ਦੇ ਵੱਖ-ਵੱਖ ਕਾਡਰਾਂ ਦੀਆਂ ਖਤਮ ਕੀਤੀਆਂ ਪੋਸਟਾਂ ਤੁਰੰਤ ਬਹਾਲ ਕੀਤੀਆ ਜਾਣ। ਸਿੱਖਿਆ ਵਿਭਾਗ ਵੱਲੋਂ ਸੁਬਾ ਪ੍ਰਧਾਨ ਨੂੰ ਜਾਰੀ ਚਾਰਜ਼ਸੀਟ ਤੋਂ ਅਧਿਆਪਕ ਸਖਤ ਨਰਾਜ਼ਗੀ ਵਿਚ ਸਨ।

ਬੁਲਾਰਿਆਂ ਨੇ ਐਲਾਨ ਕੀਤਾ ਕਿ ਜੇਕਰ ਨਿਕਟ ਭਵਿੱਖ ਵਿਚ ਉਨ੍ਹਾਂ ਦੀਆਂ ਮੰਗਾਂ ਦਾ ਕੋਈ ਹੱਲ ਨਾ ਹੋਇਆ ਤਾਂ ਆਉਣ ਵਾਲੇ ਦਿਨਾਂ ਵਿਚ ਸੂਬਾ ਪੱਧਰੀ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਜਥੇਬੰਦੀ ਇਸ ਤੋਂ ਪਹਿਲਾਂ ਅਧਿਆਪਕ ਮੰਗਾਂ ਪ੍ਰਤੀ ਸਰਕਾਰ ਦਾ ਧਿਆਨ ਖਿੱਚਣ ਲਈ ਪੰਜਾਬ ਦੇ ਸਾਰੇ ਜ਼ਿਲਾ ਕੇਂਦਰਾਂ ’ਤੇ ਐਕਸ਼ਨ ਕਰਕੇ 8 ਜੂਨ ਨੂੰ ਡਿਪਟੀ ਕਮਿਸ਼ਨਰਾਂ ਅਤੇ ਜ਼ਿਲਾ ਸਿੱਖਿਆ ਅਫਸਰਾਂ ਰਾਹੀ ਰੋਸ ਪੱਤਰ ਭੇਜ ਚੁੱਕੀ ਹੈ, ਪਰ ਸਰਕਾਰ ਵੱਲੋਂ ਅਧਿਆਪਕ ਮੰਗਾਂ ਪ੍ਰਤੀ ਮੁਕੰਮਲ ਚੁੱਪ ਵੱਟੀ ਹੋਈ ਹੈ ਜਿਸ ਕਾਰਣ ਅਧਿਆਪਕ ਵਰਗ ਵਿਚ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸਮੇਂ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਦੇ ਉਜਾਗਰ ਸਿੰਘ ਜੱਗਾ ਅਤੇ ਸਵਰਨ ਅਕਬਰਪੁਰ, 3582 ਯੂਨੀਅਨ ਦੇ ਸੂਬਾ ਪ੍ਰਧਾਨ ਦਲਜੀਤ ਸਿੰਘ, ਐਲੀਮੈਂਟਰੀ ਟੀਚਰਜ਼ ਯੂਨੀਅਨ ਦੇ ਮਨਪ੍ਰੀਤ ਸਿੰਘ ਰਾਣਾ, ਲਖਵਿੰਦਰ ਸਿੰਘ ਅਤੇ ਸੁਖਵਿੰਦਰ ਸਿੰਘ, ਐੱਸ.ਐੱਸ.ਏ./ਰਮਸਾ ਯੂਨੀਅਨ ਦੇ ਦੀਨਾ ਨਾਥ, ਹਰਪ੍ਰੀਤ ਸਿੰਘ, ਈ. ਟੀ. ਟੀ . ਅਧਿਆਪਕ ਯੂਨੀਅਨ ਦੇ ਲਭਦੀਪ ਸ਼ਰਮਾ, 4500 ਅਧਿਆਪਕ ਯੂਨੀਅਨ ਦੇ ਹਰਦੀਪ ਸਿੰਘ ਕੈਂਪੁਰ, ਆਈ. ਈ. ਵੀ. ਯੂਨੀਅਨ ਕੁਲਵਿੰਦਰ ਸਿੰਘ ਨਾੜੂ, ਈ. ਜੀ. ਐੱਸ .ਯੂਨੀਅਨ ਦੇ ਹਰਵਿੰਦਰ ਸਿੰਘ ਤੋਂ ਇਲਾਵਾ ਬੱਗਾ ਸਿੰਘ, ਸੁਰਜੀਤ ਸਿੰਘ, ਜੱਜ ਰਾਮ, ਰਾਤੇਜ ਭਾਰਤੀ, ਸੰਜੀਵ ਸੰਜੂ, ਮਨਦੀਪ ਸਿੰਘ, ਸੁਖਚੈਨ ਸਿੰਘ, ਭੂਰਾ ਸਿੰਘ ਰੋਗਲਾ, ਗੁਰਦੀਪ ਸਿੰਘ, ਕਰਨੈਲ ਸਾਸ਼ਤਰੀ ਅਤੇ ਸਿਆਮ ਪਾਤੜਾਂ ਆਦਿ ਮੌਜੂਦ ਸਨ।


Bharat Thapa

Content Editor

Related News