ਆਪਣੀਆਂ ਮੰਗਾਂ ਨੂੰ ਲੈ ਕੇ ਬਹੁਜਨ ਸਮਾਜ ਪਾਰਟੀ ਨੇ ਲਾਇਆ ਪ੍ਰਬੰਧਕੀ ਕੰਪਲੈਕਸ ਅੱਗੇ ਧਰਨਾ

9/5/2019 4:22:20 PM

ਫਤਿਹਗੜ੍ਹ ਸਾਹਿਬ (ਜਗਦੇਵ)—ਬਹੁਜਨ ਸਮਾਜ ਪਾਰਟੀ ਵਲੋਂ ਫਤਿਹਗੜ੍ਹ ਸਾਹਿਬ ਵਿਖੇ ਪ੍ਰਬੰਧਕੀ ਕੰਪਲੈਕਸ ਅੱਗੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ, ਜਿੱਥੇ ਬਹੁਜਨ ਸਮਾਜ ਪਾਰਟੀ ਦੇ ਆਗੂਆਂ ਵਲੋਂ ਕੇਂਦਰ ਤੇ ਰਾਜ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਮੌਕੇ ਬਹੁਜਨ ਸਮਾਜ ਪਾਰਟੀ ਦੇ ਆਗੂਆਂ ਵੱਲੋਂ ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਨੂੰ ਦੇਸ਼ ਦੇ ਰਾਸ਼ਟਰਪਤੀ ਦੇ ਨਾਂ ਪੰਜਾਬ ਦੇ ਗਵਰਨਰ ਰਾਹੀਂ ਨੂੰ ਦਿੱਤੇ ਗਏ ਮੰਗ ਪੱਤਰ 'ਚ ਕੇਂਦਰ ਤੇ ਰਾਜ ਸਰਕਾਰ ਨੂੰ ਭੰਗ ਕਰਨ ਦੀ ਮੰਗ ਕੀਤੀ ਗਈ।  

ਆਗੂਆਂ ਨੇ ਮੰਗ ਕਰਦਿਆਂ ਕਿਹਾ ਕਿ ਦਿੱਲੀ ਦੇ ਤੁਗ਼ਲਕਾਬਾਦ ਦੇ 500 ਸਾਲ ਪੁਰਾਣੇ ਇਤਿਹਾਸਕ ਸ੍ਰੀ ਗੁਰੂ ਰਵਿਦਾਸ ਮੰਦਰ ਦੀ ਜ਼ਮੀਨ ਤੁਰੰਤ ਸ੍ਰੀ ਗੁਰੂ ਰਵਿਦਾਸ ਨਾਮਲੇਵਾ ਸੰਗਤ ਦੇ ਹਵਾਲੇ ਕੀਤੀ ਜਾਵੇ ਅਤੇ ਮੰਦਰ ਦਾ ਨਿਰਮਾਣ ਕਰਵਾਇਆ ਜਾਵੇ। ਪੰਜਾਬ ਦੇ ਲੁਧਿਆਣਾ ਸ਼ਹਿਰ ਵਿਖੇ ਜਮਾਲਪੁਰ ਦਾ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਢਾਹੁਣ ਸਬੰਧੀ ਗਲਾਡਾ ਦਾ ਨੋਟਿਸ ਤੁਰੰਤ ਵਾਪਸ ਲੈ ਕੇ ਗੁਰੂ ਘਰ ਦੇ ਨਾਮ ਰਜਿਸਟਰੀ ਜਾਰੀ ਕੀਤੀ ਜਾਵੇ ਅਤੇ ਸਬੰਧਤ 80 ਦੇ ਲਗਭਗ ਦੁਕਾਨਦਾਰਾਂ ਨੂੰ ਵੀ ਦੁਕਾਨਾਂ ਢਾਹੁਣ ਦੇ ਨੋਟਿਸ ਤੁਰੰਤ ਵਾਪਸ ਲੈ ਕੇ ਰਾਹਤ ਦਿੱਤੀ ਜਾਵੇ। ਕਲਰਸ ਟੀ.ਵੀ. ਚੈਨਲ ਤੇ ਵਿਵਾਦਮਈ ਲੜੀਵਾਰ“ਰਾਮ ਸਿਆ ਕੇ ਲਵ ਕੁਸ਼“ ਜਿਸ 'ਚ ਭਗਵਾਨ ਵਾਲਮੀਕਿ ਜੀ ਦਾ ਗਲਤ ਚਿੱਤਰਣ ਹੈ ਨੂੰ ਤੁਰੰਤ ਬੰਦ ਕਰਵਾਇਆ ਜਾਵੇ ,ਦਿੱਲੀ ਵਿੱਚ ਦਰਜ ਸਨ 96 ਪਰਚਿਆਂ ਅਤੇ ਪੰਜਾਬ ਵਿੱਚ ਦੇਸ਼ ਧ੍ਰੋਹ ਵਰਗੇ ਦਰਜ ਪਰਚਿਆਂ ਨੂੰ ਰੱਦ ਕਰਦੇ ਹੋਏ ਗ੍ਰਿਫਤਾਰ ਸ੍ਰੀ ਗੁਰੂ ਰਵਿਦਾਸ ਨਾਮਲੇਵਾ ਸੰਗਤ ਨੂੰ ਤੁਰੰਤ ਰਿਹਾਅ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਮੁੱਦਿਆਂ ਤੇ ਸਰਕਾਰਾਂ ਆਨਾਕਰੀ ਕਰਦੀਆਂ ਹਨ ਜਾਂ ਤਾਂ ਢਿੱਲ ਮੱਠ ਦਾ ਰਵੱਈਆ ਅਪਣਾਉਂਦੀਆਂ ਹਨ ਤਾਂ ਧਾਰਾ 356 ਦੀ ਵਰਤੋਂ ਕਰਦੇ ਹੋਏ ਰਾਸ਼ਟਰਪਤੀ ਰਾਜ ਨੂੰ ਲਾਗੂ ਕੀਤਾ ਜਾਵੇ।


Shyna

Edited By Shyna