ਨਾਮਜ਼ਦਗੀਆਂ ਦੇ ਮਾਮਲੇ ਨੂੰ ਲੈ ਕੇ ਦਲਿਤ ਭਾਈਚਾਰੇ ਵੱਲੋਂ ਪ੍ਰਦਰਸ਼ਨ
Friday, Dec 21, 2018 - 01:41 AM (IST)

ਸੰਗਰੂਰ, (ਬੇਦੀ, ਜ.ਬ.)- ਖੇਡ਼ੀ ਪਿੰਡ ਦੀ ਸਰਪੰਚੀ ਅਤੇ ਮੈਂਬਰੀ ਲਈ ਕੱਲ ਆਪਣੀਆਂ ਨਾਮਜ਼ਦਗੀਆਂ ਦਾਖਲ ਕਰਨ ਆਏ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਉਮੀਦਵਾਰਾਂ ਨੂੰ ਚੋਣ ਅਧਿਕਾਰੀਆਂ ਵੱਲੋਂ ਪੇਂਡੂ ਧਨਾਢ ਚੌਧਰੀਆਂ ਦੀ ਮਿਲੀਭੁਗਤ ਨਾਲ ਬਾਹਰ ਕੱਢਣ ਅਤੇ ਨਾਮਜ਼ਦਗੀਆਂ ਨਾ ਲੈਣ ਖਿਲਾਫ ਸੰਘਰਸ਼ ਕਮੇਟੀ ਵੱਲੋਂ ਡੀ. ਸੀ. ਦਫਤਰ ਸੰਗਰੂਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਅਾ ਅਤੇ ਡੀ. ਸੀ. ਸੰਗਰੂਰ ਨੂੰ ਆਪਣੀ ਦਰਖਾਸਤ ਦਿੱਤੀ, ਜਿਨ੍ਹਾਂ ਨੇ ਅੱਗੇ ਏ. ਡੀ. ਸੀ. ਵਿਕਾਸ ਨੂੰ ਦਰਖਾਸਤ ਮਾਰਕ ਕੀਤੀ ਤਾਂ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਦਲਿਤਾਂ ਨੇ ਏ. ਡੀ. ਸੀ. ਦਫਤਰ ਵਿਖੇ ਵੀ ਰੋਸ ਪ੍ਰਦਰਸ਼ਨ ਕੀਤਾ। ਇਸ ਸਮੇਂ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਸੰਘਰਸ਼ ਕਮੇਟੀ ਇਕਾਈ ਖੇਡ਼ੀ ਦੇ ਆਗੂ ਦਰਸ਼ਨ ਸਿੰਘ ਨੇ ਦੱਸਿਆ ਕਿ 1914 ’ਚ ਪੰਚਾਇਤ ਨੇ ਮਤਾ ਪਾ ਕੇ ਦਲਿਤ ਪਰਿਵਾਰਾਂ ਨੂੰ 56 ਕਾਲੋਨੀਆਂ ਅਲਾਟ ਕੀਤੀਆਂ ਸਨ, ਜਿਨ੍ਹਾਂ ਦੇ ਇੰਤਕਾਲ ਦਲਿਤਾਂ ਦੇ ਨਾਂ ਹੋ ਚੁੱਕੇ ਹਨ ਅਤੇ ਜਮ੍ਹਾਬੰਦੀ ਵਿਚ ਵੀ ਦਲਿਤਾਂ ਦੇ ਨਾਂ ਹਨ। ਪਹਿਲਾਂ ਧਨਾਢ ਚੌਧਰੀਆਂ ਨੇ ਦਲਿਤਾਂ ਨੂੰ ਪਲਾਟਾਂ ’ਤੇ ਕਬਜ਼ਾ ਨਹੀਂ ਕਰਨ ਦਿੱਤਾ ਜਦੋਂ ਜਥੇਬੰਦੀ ਨਾਲ ਰਲ ਕੇ ਕਬਜ਼ਾ ਕੀਤਾ ਤਾਂ ਉੱਚ ਜਾਤੀ ਧਨਾਢਾਂ ਨੇ ਦਲਿਤਾਂ ’ਤੇ ਹਮਲੇ ਕੀਤੇ, ਪੁਲਸ ਕੇਸ ਦਰਜ ਕਰਵਾਏ, ਜਦੋਂ ਦਲਿਤ ਦਲਿਤ ਅਫਸਰਾਂ ਕੋਲ ਗਏ ਤਾਂ ਉਨ੍ਹਾਂ ਨੂੰ ਕਿਹਾ ਗਿਆ ਕਿ ਤੁਸੀਂ ਪੰਚਾਇਤ ਆਪਣੀ ਚੁਣ ਲਵੋ, ਹੁਣ ਜਦੋਂ ਚੋਣਾਂ ਦਾ ਸਮਾਂ ਆਇਆ ਤਾਂ ਉਹੀ ਪੇਂਡੂ ਧਨਾਢਾਂ ਨੇ ਦੁਬਾਰਾ ਪਹਿਲਾਂ ਥਾਣੇ ਦਰਖਾਸਤਾਂ ਦਿੱਤੀਆਂ ਅਤੇ ਕੱਲ ਚੋਣ ਅਧਿਕਾਰੀਆਂ ਨਾਲ ਮਿਲ ਕੇ ਸਰਪੰਚੀ ਦੇ ਉਮੀਦਵਾਰ ਜਗਸੀਰ ਸਿੰਘ ਅਤੇ ਪੰਚੀ ਦੇ ਉਮੀਦਵਾਰ ਤਾਰਾ ਸਿੰਘ ਦੀਆਂ ਫਾਈਲਾਂ ਜਮ੍ਹਾ ਨਹੀਂ ਕਰਵਾਈਆਂ। ਆਗੂ ਨੇ ਕਿਹਾ ਕਿ ਮੌਜੂਦਾ ਕਾਂਗਰਸ ਸਰਕਾਰ ’ਚ ਦਲਿਤਾਂ ਨੂੰ ਹਾਸ਼ੀਏ ’ਤੇ ਧੱਕਿਆ ਜਾ ਰਿਹਾ ਹੈ, ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਅੱਜ ਵੀ ਜ਼ਿਲਾ ਅਧਿਕਾਰੀਆਂ ਨੇ ਨਾਮਜ਼ਦਗੀ ਲੈਣ ਤੋਂ ਅਸਮਰੱਥਾ ਜ਼ਾਹਰ ਕੀਤੀ ਅਤੇ ਕਿਹਾ ਕਿ ਤੁਸੀਂ ਅਦਾਲਤ ’ਚ ਜਾ ਕੇ ਕਾਨੂੰਨੀ ਧਾਰਾ ਲਈ ਅਰਜ਼ੋਈ ਕਰੋ। ਸੰਘਰਸ਼ ਕਮੇਟੀ ਦੇ ਜ਼ਿਲਾ ਆਗੂ ਗੁਰਮੁੱਖ ਸਿੰਘ ਨੇ ਕਿਹਾ ਕਿ ਇਸ ਧੱਕੇਸ਼ਾਹੀ ਖਿਲਾਫ ਸੰਘਰਸ਼ ਕੀਤਾ ਜਾਵੇਗਾ ਅਤੇ ਅੱਜ ਸ਼ਾਮ ਨੂੰ ਪਿੰਡ ’ਚ ਦਲਿਤਾਂ ਦਾ ਇਕੱਠ ਕਰ ਕੇ ਅਗਲੇ ਸੰਘਰਸ਼ ਦਾ ਫੈਸਲਾ ਕੀਤਾ ਜਾਵੇਗਾ। ਇਸ ਮੌਕੇ ਸੰਘਰਸ਼ ਕਮੇਟੀ ਆਗੂ ਕੌਰ, ਬਾਬੂ ਸਿੰਘ, ਅਮਰੀਕ ਸਿੰਘ, ਬਿੰਦਰ ਸਿੰਘ, ਸਰਬਜੀਤ ਕੌਰ, ਮਨਜੀਤ ਕੌਰ ਵੀ ਹਾਜ਼ਰ ਸਨ।