ਪ੍ਰਾਈਵੇਟ ਸਕੂਲਾਂ/ਕਾਲਜਾਂ ਦੇ ਵਾਹਨ ਨਿਯਮਾਂ ਦੀਆਂ ਸ਼ਰੇਆਮ ਉਡਾ ਰਹੇ ਧੱਜੀਆਂ

09/02/2019 9:18:18 PM

ਬਾਲਿਆਂਵਾਲੀ, (ਸ਼ੇਖਰ)- ਬਲਾਕ ਰਾਮਪੁਰਾ ਦੇ ਪਿੰਡਾਂ ਵਿਚ ਸ਼ਹਿਰ ਰਾਮਪੁਰਾ ਫੂਲ ਤੋਂ ਆਉਂਦੇ ਜਿਆਦਾਤਰ ਪ੍ਰਾਈਵੇਟ ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ ਨੂੰ ਢੋਹਣ ਵਾਲੇ ਵਾਹਨ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾ ਰਹੇ ਹਨ ਜਦ ਕਿ ਜਿਲੇ ਦਾ ਪੂਰਾ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਹੋਇਆ ਹੈ। ਜਿਕਰਯੋਗ ਹੈ ਕਿ ਹਾੲਕੋਰਟ ਵਲੋਂ ਬਾਲ ਸੁਰੱਖਿਆ ਦੇ ਮੱਦੇਨਜਰ ਸਾਲ 2015 ਵਿਚ ਸਕੂਲ ਵਾਹਨ ਸੇਫਟੀ ਐਕਟ ਬਣਾਇਆ ਗਿਆ ਸੀ ਜਿਸ ਦੀਆਂ ਸ਼ਰਤਾਂ ਦਾ ਪਾਲਣ ਕਰਨਾ ਸਾਰੇ ਸਕੂਲ/ਕਾਲਜਾਂ ਲਈ ਜਰੂਰੀ ਹੈ ਪਰ ਨਿਜੀ ਸਕੂਲ/ਕਾਲਜ ਇਨ੍ਹਾਂ ਨਿਯਮਾਂ ਸ਼ਰਤਾਂ ਦਾ ਪਾਲਣ ਕਰਨ ਦੀ ਬਜਾਇ ਹਾਈਕੋਰਟ ਦੇ ਹੁਕਮਾਂ ਨੂੰ ਟਿੱਚ ਸਮਝ ਰਹੇ ਹਨ ਜਿਸ ਨਾਲ ਵਿਦਿਆਰਥੀਆਂ ਦੀ ਸੁਰੱਖਿਆ ਖਤਰੇ ਵਿਚ ਪੈ ਗਈ ਹੈ। ਇਲਾਕੇ ‘ਚ ਸਰਪਟ ਦੌਡ਼ ਰਹੇ ਇਨ੍ਹਾਂ ਵਾਹਨਾਂ ਵਿਚੋਂ ਜਿਆਦਾਤਰ ਖਸਤਾ ਹਾਲਤ ਵਿਚ ਹਨ। ਨਿਯਮਾਂ ਅਨੁਸਾਰ ਇਨ੍ਹਾਂ ਵਾਹਨਾਂ ਵਿਚ ਸੀ.ਸੀ.ਟੀ.ਵੀ. ਕੈਮਰੇ, ਅੱਗ ਬੁਝਾਊ ਯੰਤਰ, ਡਰਾਇਵਰ ਦੇ ਹਲਕੇ ਨੀਲੇ ਰੰਗ ਦੀ ਵਰਦੀ, ਕਡੰਕਟਰ ਸਮੇਤ ਔਰਤ ਅਸਿਸਟੈਂਟ, ਫਸਟ ਏਡ ਬਾਕਸ ਅਤੇ ਖਿਡ਼ਕੀਆਂ ‘ਤੇ ਗਰਿੱਲਾਂ ਆਦਿ ਦਾ ਹੋਣਾ ਲਾਜਮੀ ਹੈ। ਵਾਹਨ ਦੀ ਸਪੀਡ ਵੀ 40-45 ਕਿਮੀ/ਘੰਟਾ ਤੋਂ ਵੱਧ ਨਹੀਂ ਨਹੀਂ ਹੋਣੀ ਚਾਹੀਦੀ ਪਰ ਇਨ੍ਹਾਂ ਸਾਰੇ ਨਿਯਮਾਂ ਨੂੰ ਛਿੱਕੇ ‘ਤੇ ਟੰਗਿਆ ਜਾ ਰਿਹਾ ਹੈ। ਇਸ ਸਬੰਧੀ ਸੁਖਦੇਵ ਸਿੰਘ ਜਵੰਧਾ ਪ੍ਰਧਾਨ ਬੀ.ਕੇ.ਯੂ., ਮਹਿੰਦਰ ਸਿੰਘ ਕੱਲੂ ਬਾਲਿਆਂਵਾਲੀ ਅਤੇ ਮੋਠੂ ਸਿੰਘ ਕੋਟਡ਼ਾ ਨੇ ਕਿਹਾ ਕਿ ਜੇਕਰ ਸਕੂਲਾਂ ਵਲੋਂ ਬੱਚਿਆਂ ਦੀ ਸੁਰੱਖਿਆ ਨਾਲ ਖਿਲਵਾਡ਼ ਜਾਰੀ ਰਿਹਾ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।

ਕੀ ਕਹਿੰਦੇ ਨੇ ਜਿਲਾ ਟਰਾਂਸਪੋਰਟ ਅਧਿਕਾਰੀ:- ਇਸ ਮਾਮਲੇ ਬਾਰੇ ਜਿਲੇ ਦੇ ਟਰਾਂਸਪੋਰਟ ਅਧਿਕਾਰੀ ਉਦੈਦੀਪ ਸਿੰਘ ਨੇ ਕਿਹਾ ਕਿ ਸਾਰੇ ਸਕੂਲਾਂ ਨੂੰ 5 ਦਿਨ ਦਾ ਸਮਾਂ ਦਿੱਤਾ ਜਾਂਦਾ ਹੈ ਅਤੇ ਜਾਂ ਤਾਂ ਉਹ ਸਾਰੇ ਨਿਯਮਾਂ ਦਾ ਪਾਲਣ ਕਰਨਾ ਯਕੀਨੀ ਬਣਾਉਣ ਨਹੀਂ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ 5 ਦਿਨਾਂ ਬਾਅਦ ਉਹ ਸਪੈਸ਼ਲ ਲਗਵਾ ਕੇ ਸਕੂਲਾਂ ਦੀ ਜਾਂਚ ਕਰਵਾਉਣਗੇ। ਇਸ ਮੌਕੇ ਰਾਮਪੁਰਾ ਦੇ ਟ੍ਰੈਫਿਕ ਇੰਚਾਰਜ ਸੁਖਜਿੰਦਰ ਸਿੰਘ ਖੋਸਾ ਨੇ ਕਿਹਾ ਕਿ ਉਹ ਵਾਹਨਾਂ ਦੀ ਚੈਕਿੰਗ ਕਰ ਰਹੇ ਹਨ ਅਤੇ ਕਈ ਵਾਹਨਾਂ ਦੇ ਚਲਾਨ ਵੀ ਕੱਟੇ ਗਏ ਹਨ।


Bharat Thapa

Content Editor

Related News