550ਵੇਂ ਪ੍ਰਕਾਸ਼ ਪੁਰਬ ਮੌਕੇ 2 ਕੈਦੀ ਰਿਹਾਅ

11/13/2019 12:52:56 AM

ਲੁਧਿਆਣਾ, (ਸਿਆਲ)— ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵਾਂ ਪ੍ਰਕਾਸ਼ ਪੁਰਬ ਤਾਜਪੁਰ ਰੋਡ ਦੀ ਕੇਂਦਰੀ ਜੇਲ ਦੇ ਕੈਦੀਆਂ ਅਤੇ ਹਵਾਲਾਤੀਆਂ ਨੇ ਬੜੀ ਸ਼ਰਧਾ ਨਾਲ ਮਨਾਇਆ।
ਜੇਲ ਦੇ ਸੈਂਟਰਲ ਬਲਾਕ, ਬੀ. ਕੇ. ਯੂ., ਐੱਨ. ਬੀ. ਦੀਆਂ ਬੈਰਕਾਂ 'ਚ ਸਥਿਤ ਗੁਰਦੁਆਰਾ ਸਾਹਿਬ 'ਚ ਰਾਗੀ ਜਥਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਚੌਪਾਈਆਂ ਦਾ ਸੰਗੀਤਮਈ ਗਾਇਨ ਕਰ ਕੇ ਮੰਤਰ-ਮੁਗਧ ਕਰ ਦਿੱਤਾ। ਇਸ ਤੋਂ ਪਹਿਲਾਂ ਸਵੇਰੇ 4.30 ਵਜੇ ਜੇਲ 'ਚ ਕੈਦੀਆਂ ਅਤੇ ਹਵਾਲਾਤੀਆਂ ਦੀ ਬੰਦੀ ਖੋਲ੍ਹ ਦਿੱਤੀ ਗਈ। ਸੈਂਟਰਲ ਬਲਾਕ ਦੇ ਗੁਰਦੁਆਰਾ ਸਾਹਿਬ ਤੋਂ ਪ੍ਰਭਾਤਫੇਰੀ ਕੱਢੀ ਗਈ, ਜਿਸ ਦਾ ਸਵਾਗਤ ਬੈਰਕਾਂ ਤੋਂ ਕੈਦੀਆਂ ਅਤੇ ਹਵਾਲਾਤੀਆਂ ਨੇ ਫੁੱਲਾਂ ਦੀ ਵਰਖਾ ਕਰ ਕੇ 'ਬੋਲੇ ਸੋ ਨਿਹਾਲ' ਦੇ ਜੈਕਾਰਿਆਂ ਨਾਲ ਕੀਤਾ।
ਜੇਲ ਸੁਪਰਡੈਂਟ ਰਾਜੀਵ ਕੁਮਾਰ ਅਰੋੜਾ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਜੇਲ ਦੇ 2 ਕੈਦੀਆਂ ਨੂੰ ਕੈਦ ਦੇ ਮਾਮਲੇ 'ਚ ਰਿਹਾਅ ਕੀਤਾ ਗਿਆ ਹੈ, ਜਦੋਂਕਿ ਉਕਤ ਦੋਵੇਂ ਕੈਦੀ ਹੋਰ ਕੇਸ ਵਿਚਾਰ ਅਧੀਨ ਹੋਣ ਕਾਰਣ ਹਵਾਲਾਤੀ ਵਜੋਂ ਜੇਲ 'ਚ ਹੀ ਰਹਿਣਗੇ। ਇਸ ਮੌਕੇ ਜੇਲ ਦੇ ਡਿਪਟੀ ਸੁਪਰਡੈਂਟ ਇਕਬਾਲ ਸਿੰਘ ਧਾਲੀਵਾਲ, ਡੀ.ਐੱਸ.ਪੀ. ਸਕਿਓਰਟੀ ਸੁਭਾਸ਼ ਅਰੋੜਾ, ਰਜਿੰਦਰ ਸਿੰਘ ਅਤੇ ਸਹਾਇਕ ਸੁਪਰਡੈਂਟ ਸੁਖਦੇਵ ਸਿੰਘ ਵੀ ਹਾਜ਼ਰ ਰਹੇ।


KamalJeet Singh

Content Editor

Related News