ਸ਼ੱਕੀ ਹਾਲਾਤਾਂ ''ਚ ਕੈਦੀ ਦੀ ਮੌਤ

01/14/2020 9:00:26 PM

ਬਠਿੰਡਾ, (ਵਰਮਾ)— ਨਸ਼ੇ ਦੇ ਮਾਮਲੇ 'ਚ ਕੇਂਦਰੀ ਜੇਲ 'ਚ ਬੰਦ 35 ਸਾਲਾ ਕੈਦੀ ਦੀ ਸ਼ੱਕੀ ਹਾਲਾਤ 'ਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਦੌਰਾਨ ਜੇਲ ਪ੍ਰਸ਼ਾਸਨ ਤੇ ਸਿਵਲ ਹਸਪਤਾਲ ਆਹਮੋ-ਸਾਹਮਣੇ ਹੋ ਗਏ। ਹਸਪਤਾਲ ਦੇ ਡਾਕਟਰ ਦਾ ਕਹਿਣਾ ਹੈ ਕਿ ਕੈਦੀ ਦੀ ਮੌਤ 4-5 ਘੰਟੇ ਪਹਿਲਾਂ ਹੋ ਚੁੱਕੀ ਸੀ ਜਦਕਿ ਜੇਲ ਦੇ ਡਾ. ਗਗਨਦੀਪ ਧਾਲੀਵਾਲ ਦਾ ਕਹਿਣਾ ਹੈ ਕਿ ਬਾਅਦ ਦੁਪਹਿਰ 3.30 ਵਜੇ ਉਸ ਦੀ ਤਬੀਅਤ ਵਿਗੜੀ ਜਿਸ ਨੂੰ ਤੁਰੰਤ ਹਸਪਤਾਲ ਭੇਜਿਆ ਗਿਆ ਸੀ। ਮੌਤ ਕਿਵੇਂ ਹੋਈ ਇਸ ਦਾ ਖੁਲਾਸਾ ਪੋਸਟਮਾਰਟਮ ਤੋਂ ਬਾਅਦ ਹੋਵੇਗਾ ਜੋ ਬੁੱਧਵਾਰ ਨੂੰ ਤਿੰਨ ਡਾਕਟਰਾਂ ਦੇ ਪੈਨਲ ਵਲੋਂ ਕੀਤਾ ਜਾਵੇਗਾ।
ਜਾਣਕਾਰੀ ਅਨੁਸਾਰ ਕੇਂਦਰੀ ਜੇਲ 'ਚ ਬੰਦ ਥਾਣਾ ਝੁਨੀਰ ਦੀ ਪੁਲਸ ਨੇ 10 ਦਸੰਬਰ 2019 ਨੂੰ ਨਸ਼ਾ ਸਮੱਗਲਿੰਗ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਸੀ। 35 ਸਾਲਾ ਬਲਵਿੰਦਰ ਸਿੰਘ ਪੁੱਤਰ ਸੁਰਜੀਤ ਸਿਘ ਵਾਸੀ ਅੱਕਾਂਵਾਲੀ ਸ਼ੂਗਰ ਨਾਲ ਪੀੜਤ ਸੀ। ਮਾਨਸਾ ਜੇਲ 'ਚ ਬੰਦ ਉਕਤ ਕੈਦੀ ਦੀ ਤਬੀਅਤ ਠੀਕ ਨਾ ਹੋਣ ਕਾਰਨ 30 ਦਸੰਬਰ ਨੂੰ ਉਸ ਨੂੰ ਕੇਂਦਰੀ ਜੇਲ ਬਠਿੰਡਾ 'ਚ ਸ਼ਿਫਟ ਕਰ ਦਿੱਤਾ ਗਿਆ ਸੀ ਜਿਸ ਦੀ ਮੰਗਲਵਾਰ ਨੂੰ ਸ਼ਾਮ 4.30 ਵਜੇ ਮੌਤ ਹੋ ਗਈ। ਇਸ ਮਾਮਲੇ 'ਚ ਜੇਲ ਡਾਕਟਰ ਦੀ ਕਾਰਗੁਜ਼ਾਰੀ 'ਤੇ ਵੀ ਪ੍ਰਸ਼ਨ ਚਿੰਨ੍ਹ ਲਗ ਰਿਹਾ ਹੈ ਕਿਉਂਕਿ ਡਾਕਟਰ ਦਾ ਕਹਿਣਾ ਹੈ ਕਿ ਉਕਤ ਹਵਾਲਾਤੀ ਜੇਲ ਦੇ ਹਸਪਤਾਲ 'ਚ ਆਪਣਾ ਇਲਾਜ ਕਰਵਾ ਰਿਹਾ ਸੀ ਉਹ ਕਈ ਦਿਨਾਂ ਤੋਂ ਬੀਮਾਰ ਵੀ ਚਲ ਰਿਹਾ ਸੀ। ਬਾਅਦ ਦੁਪਹਿਰ 3.30 ਵਜੇ ਉਸ ਦੀ ਤਬੀਅਤ ਅਚਾਨਕ ਵਿਗੜੀ ਜਿਸ ਨੂੰ ਤੁਰੰਤ ਸਿਵਲ ਹਸਪਤਾਲ ਲਈ ਰੈਫਰ ਕਰ ਦਿੱਤਾ। ਡਾ. ਧਾਲੀਵਾਲ ਦਾ ਕਹਿਣਾ ਹੈ ਕਿ ਉਕਤ ਹਵਾਲਾਤੀ ਨੇ ਸ਼ੂਗਰ ਦੀ ਬੀਮਾਰੀ ਬਾਰੇ ਨਹੀ ਦੱਸਿਆ ਪਰ ਮੰਗਲਵਾਰ ਸਵੇਰੇ ਉਸ ਦੀ ਸ਼ੂਗਰ ਕਾਫੀ ਵਧੀ ਹੋਈ ਸੀ ਜਿਸ ਦਾ ਇਲਾਜ ਚਲ ਰਿਹਾ ਸੀ। ਸਿਵਲ ਹਸਪਤਾਲ ਭੇਜਣ ਤੋਂ ਪਹਿਲਾਂ ਉਸ ਦਾ ਸਾਹ ਚਲ ਰਿਹਾ ਸੀ ਇਥੋਂ ਤੱਕ ਕਿ ਉਸ ਨੇ ਪਾਣੀ ਵੀ ਪੀਤਾ ਸੀ। ਜੇਲ ਸਟਾਫ ਜਿਵੇਂ ਹੀ ਉਕਤ ਹਵਾਲਾਤੀ ਨੂੰ ਲੈ ਕੇ ਸਿਵਲ ਹਸਪਤਾਲ ਪਹੁੰਚਿਆ ਤਾਂ ਉਹ ਐਂਬੂਲੈਂਸ 'ਚ ਤਾਇਨਾਤ ਡਾ. ਗੁਰਮੇਲ ਸਿੰਘ ਨੇ ਜਾਂਚ ਕੀਤੀ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਉਸ ਦਾ ਸਰੀਰ ਪੂਰਾ ਆਕੜਿਆ ਹੋਇਆ ਸੀ ਜਿਸ ਨਾਲ ਰੈਗਰਮੋਟਿਸ ਹੋ ਚੁੱਕਾ ਸੀ। ਇਹ ਉਦੋਂ ਹੁੰਦਾ ਹੈ ਜਦੋਂ ਮੌਤ 4-5 ਘੰਟੇ ਪਹਿਲਾਂ ਹੋ ਚੁੱਕੀ ਹੋਵੇ। ਉਨ੍ਹਾਂ ਦੱਸਿਆ ਕਿ ਸ਼ਾਮ 4.35 'ਤੇ ਹਵਾਲਾਤੀ ਬਲਵਿੰਦਰ ਸਿੰਘ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਪਹੁੰਚਿਆ ਸੀ। ਇਸ ਸਬੰਧੀ ਜੇਲ ਡਾ. ਧਾਲੀਵਾਲ ਦਾ ਕਹਿਣਾ ਹੈ ਕਿ 3.30 ਵਜੇ ਉਸ ਨੂੰ ਭੇਜਿਆ ਗਿਆ ਸੀ ਰਸਤੇ 'ਚ ਵੀ ਉਸ ਦੀ ਮੌਤ ਹੋ ਸਕਦੀ ਹੈ। ਤਿੰਨ ਡਾਕਟਰਾਂ ਦੀ ਟੀਮ ਵਲੋਂ ਪੋਸਟਮਾਰਟਮ ਦੀ ਰਿਪੋਰਟ ਜਾਰੀ ਕੀਤੀ ਜਾਵੇਗੀ, ਉਸ ਦੇ ਆਧਾਰ 'ਤੇ ਅਗਲੀ ਕਾਰਵਾਈ ਹੋਵੇਗੀ। ਐਮਰਜੈਂਸੀ 'ਚ ਤਾਇਨਾਤ ਡਾ. ਗੁਰਮੇਲ ਸਿੰਘ ਦਾ ਕਹਿਣਾ ਹੈ ਕਿ ਇਸ ਦੀ ਸੂਚਨਾ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦਿੱਤੀ ਜਾ ਚੁੱਕੀ ਹੈ, ਉਨ੍ਹਾਂ ਦੇ ਹੁਕਮਾਂ 'ਤੇ ਹੀ ਡਾਕਟਰਾਂ ਦਾ ਪੈਨਲ ਪੋਸਟਮਾਰਟਮ ਕਰੇਗਾ।


KamalJeet Singh

Content Editor

Related News