ਸੁਖਦੇਵ ਢੀਂਡਸਾ ਵੱਲੋਂ ਜਥੇਦਾਰ ਹਰਪ੍ਰੀਤ ਸਿੰਘ ਨਾਲ ਬੰਦ ਕਮਰਾ ਮੀਟਿੰਗ, ਅਹਿਮ ਮੁੱਦਿਆਂ 'ਤੇ ਦਿੱਤਾ ਮੰਗ ਪੱਤਰ

07/13/2022 10:43:10 AM

ਤਲਵੰਡੀ ਸਾਬੋ(ਮੁਨੀਸ਼) : ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਇਕ ਵਫ਼ਦ ਨੇ ਮੰਗਲਵਾਰ ਨੂੰ ਪਾਰਟੀ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਸਾਬਕਾ ਕੇਂਦਰੀ ਮੰਤਰੀ ਦੀ ਅਗਵਾਈ ਹੇਠ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਾਲ ਉਨ੍ਹਾਂ ਦੀ ਰਿਹਾਇਸ਼ ਵਿਖੇ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਉਨ੍ਹਾਂ ਨੂੰ ਕਈ ਅਹਿਮ ਪੰਥਕ ਮਾਮਲਿਆਂ ’ਚ ਅਗਵਾਈ ਕਰਨ ਅਤੇ ਫ਼ੈਸਲੇ ਲੈਣ ਸਬੰਧੀ ਇਕ ਮੰਗ-ਪੱਤਰ ਸੌਂਪਿਆ।

ਇਹ ਵੀ ਪੜ੍ਹੋ- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ

ਇਸ ਮੌਕੇ ਵਫ਼ਦ ਤੋਂ ਵੱਖਰੇ ਤੌਰ ’ਤੇ ਉਨ੍ਹਾਂ ਨੇ ਸਿੰਘ ਸਾਹਿਬ ਨਾਲ ਪੌਣਾ ਘੰਟਾ ਬੰਦ ਕਮਰਾ ਮੀਟਿੰਗ ਵੀ ਕੀਤੀ। ਪਾਰਟੀ ਲੀਡਰਸ਼ਿਪ ਵੱਲੋਂ ਢੀਂਡਸਾ ਦੀ ਅਗਵਾਈ ਹੇਠ ਸਿੰਘ ਸਾਹਿਬ ਨੂੰ ਸੌਂਪੇ ਇਕ ਮੰਗ-ਪੱਤਰ ਰਾਹੀਂ ਕਿਹਾ ਗਿਆ ਕਿ ਆਪ ਜੀ ਵੱਲੋਂ ਪਿਛਲੇ ਦਿਨੀਂ ਸਮੁੱਚੀ ਸਿੱਖ ਕੌਮ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਿਸ਼ਾਨ ਹੇਠ ਇਕੱਤਰ ਹੋਣ ਸਬੰਧੀ ਦਿੱਤੇ ਬਿਆਨ ਨਾਲ ਪਾਰਟੀ ਪੂਰੀ ਤਰ੍ਹਾਂ ਸਹਿਮਤ ਹੈ ਅਤੇ ਸੋਚਦੀ ਹੈ ਕਿ ਜਦੋਂ ਪੰਥਕ ਰਾਜਨੀਤੀ ਬੁਰੀ ਤਰ੍ਹਾਂ ਦਿਸ਼ਾਹੀਣ ਹੋ ਚੁੱਕੀ ਹੈ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਿਸ਼ਾਨ ਹੇਠ ਇਕੱਠੇ ਹੋ ਕੇ ਦਿਸ਼ਾ ਅਤੇ ਦਸ਼ਾ ਤੈਅ ਕੀਤੀ ਜਾਵੇ।

ਇਹ ਵੀ ਪੜ੍ਹੋ- ਸਰਕਾਰੀ ਬੱਸਾਂ 'ਚ ਸਫ਼ਰ ਕਰਨ ਵਾਲਿਆਂ ਲਈ ਜ਼ਰੂਰੀ ਖ਼ਬਰ, ਅੱਜ 2 ਘੰਟੇ ਨਹੀਂ ਚੱਲਣਗੀਆਂ ਬੱਸਾਂ

ਉਨ੍ਹਾਂ ਸਿੰਘ ਸਾਹਿਬ ਤੋਂ ਮੰਗ ਕੀਤੀ ਕਿ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਸ਼੍ਰੋਮਣੀ ਅਕਾਲੀ ਦਲ ਦੇ ਨਾਂ ’ਤੇ ਬਣੀਆਂ ਵੱਖ-ਵੱਖ ਜਥੇਬੰਦੀਆਂ ਦੇ ਪ੍ਰਧਾਨਾਂ ਤੋਂ ਅਸਤੀਫ਼ਾ ਲੈ ਕੇ ਉਹ ਕੌਮ ਨੂੰ ਇਕੱਤਰ ਕਰਨ ਵੱਲ ਕਦਮ ਵਧਾਉੁਣ। ਮੰਗ-ਪੱਤਰ ਰਾਹੀਂ ਅਕਾਲੀ ਦਲ ਸੰਯੁਕਤ ਲੀਡਰਸ਼ਿਪ ਨੇ ਮੰਗ ਕੀਤੀ ਕਿ ਸਿੰਘ ਸਾਹਿਬ ਜੀ, ਆਪ ਵੱਲੋਂ ਪਿਛਲੇ ਦਿਨੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਗੁਰਬਾਣੀ ਕੀਰਤਨ ਦਾ ਪ੍ਰਸਾਰਣ ਕਰ ਰਹੇ ਇਕ ਨਿੱਜੀ ਟੀ. ਵੀ. ਚੈਨਲ ਤੋਂ ਪ੍ਰਸਾਰਣ ਬੰਦ ਕਰ ਕੇ ਸ਼੍ਰੋਮਣੀ ਕਮੇਟੀ ਨੂੰ ਆਪਣਾ ਚੈਨਲ ਚਲਾ ਕੇ ਗੁਰਬਾਣੀ ਕੀਰਤਨ ਪ੍ਰਸਾਰਣ ਕਰਨ ਦੇ ਦਿੱਤੇ ਹੁਕਮ ਦੀ ਅਜੇ ਤਕ ਵੀ ਪਾਲਣਾ ਨਾ ਕਰਨ ਕਰ ਕੇ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਹਨ।

ਇਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਤਲਬ ਕੀਤਾ ਜਾਵੇ। ਨਾਲ ਹੀ ਪਿਛਲੇ ਸਮੇਂ ਵਿਚ 328 ਪਾਵਨ ਸਰੂਪ ਗਾਇਬ ਹੋਣ ਦੇ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਦੋਸ਼ੀਆਂ ਖ਼ਿਲਾਫ਼ ਬਣਦੀ ਕਾਰਵਾਈ ਅਮਲ ਵਿਚ ਨਾ ਲਿਆਉਣ ਕਾਰਨ ਪ੍ਰਧਾਨ ਸਮੇਤ ਸਮੁੱਚੀ ਕਾਰਜਕਾਰਨੀ ਨੂੰ ਤਲਬ ਕਰਦਿਆਂ ਦੋਸ਼ੀਆਂ ਵਿਰੁੱਧ ਸਮਾਂਬੱਧ ਕਾਨੂੰਨੀ ਕਾਰਵਾਈ ਕਰਨ ਸਬੰਧੀ ਹੁਕਮ ਦਿੱਤੇ ਜਾਣ। ਦੂਜੇ ਪਾਸੇ ਮੰਗ-ਪੱਤਰ ਦੇਣ ਪੁੱਜੀ ਲੀਡਰਸ਼ਿਪ ਤੋਂ ਵੱਖਰਿਆਂ ਸੁਖਦੇਵ ਸਿੰਘ ਢੀਂਡਸਾ ਵੱਲੋਂ ਇਕੱਲਿਆਂ ਸਿੰਘ ਸਾਹਿਬ ਨਾਲ ਕਰੀਬ ਪੌਣਾ ਘੰਟਾ ਬੰਦ ਕਮਰਾ ਮੀਟਿੰਗ ਕਰਨੀ ਵੀ ਚਰਚਾ ਵਿਚ ਰਹੀ। ਹਾਲਾਂਕਿ ਬੰਦ ਕਮਰਾ ਮੀਟਿੰਗ ਸਬੰਧੀ ਦੋਵੇਂ ਸਖਸ਼ੀਅਤਾਂ ਨੇ ਕੋਈ ਜਾਣਕਾਰੀ ਨਹੀਂ ਦਿੱਤੀ। ਵਫ਼ਦ ’ਚ ਰਿਟਾ. ਜਸਟਿਸ ਨਿਰਮਲ ਸਿੰਘ ਸਾਬਕਾ ਵਿਧਾਇਕ, ਬੀਬੀ ਪਰਮਜੀਤ ਕੌਰ ਗੁਲਸ਼ਨ ਸਾਬਕਾ ਐੱਮ.ਪੀ., ਸੁਖਵਿੰਦਰ ਸਿੰਘ ਔਲਖ ਸਾਬਕਾ ਵਿਧਾਇਕ ਆਦਿ ਸ਼ਾਮਲ ਸਨ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Harnek Seechewal

Content Editor

Related News