ਪਾਵਰਕਾਮ ਸੀ. ਐੱਚ. ਬੀ. ਕਾਮੇ ਦੀ ਕਰੰਟ ਲੱਗਣ ਕਾਰਣ ਮੌਤ

03/28/2020 8:24:32 PM

ਖੰਨਾ, (ਸੁਖਵਿੰਦਰ ਕੌਰ)- ਪਾਵਰਕਾਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਸਰਕਲ ਖੰਨਾ ਵਿਖੇ ਪਾਵਰਕਾਮ ਸੀ. ਐੱਚ. ਬੀ. ਕਾਮੇ ਦੇ ਪਰਿਵਾਰ ਅਤੇ ਪਿੰਡ ਕੌਡ਼ੀ ਵਿਖੇ ਸੋਗ ਦੀ ਲਹਿਰ ਪਾਈ ਜਾ ਰਹੀ ਹੈ, ਜਦਕਿ ਸਰਕਾਰ ਦੀਆਂ ਗਲਤ ਨੀਤੀਆਂ, ਪਾਲਿਸੀਆਂ ਦੀ ਮਾਰ ਹੇਠ ਕੰਮ ਕਰ ਰਹੇ ਕਾਮੇ ਦੀ ਕਰੰਟ ਲੱਗਣ ਕਾਰਣ ਮੌਤ ਹੋ ਗਈ ਹੈ। ਜਾਣਕਾਰੀ ਦਿੰਦਿਆਂ ਅੱਜ ਇੱਥੇ ਯੂਨੀਅਨ ਦੇ ਸੂਬਾ ਪ੍ਰਧਾਨ ਬਲਿਹਾਰ ਸਿੰਘ, ਗੁਰਪ੍ਰੀਤ ਸਿੰਘ, ਸੂਬਾ ਵਿੱਤ ਸਕੱਤਰ ਅਵਤਾਰ ਸਿੰਘ ਅਤੇ ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਆਗੂ ਜਗਦੇਵ ਸਿੰਘ, ਚਮਕੌਰ ਸਿੰਘ ਤੇ ਕਰਤਾਰ ਚੰਦ ਨੇ ਦੱਸਿਆ ਕਿ ਪਾਵਰਕਾਮ ਮੈਨੇਜਮੈਂਟ ਤੇ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ, ਪਲਿਸੀਆਂ ਦੀ ਮਾਰ ਹੇਠਾਂ ਕੰਮ ਕਰ ਰਹੇ ਸੀ. ਐੱਚ. ਬੀ. ਕਿਰਤੀ ਕਾਮਾ ਸੁਖਚੈਨ ਸਿੰਘ ਪਿੰਡ ਕੌਡ਼ੀ ਸਰਕਲ ਖੰਨਾ ਦੇ ਠੇਕਾ ਕਾਮੇ ਦੀ ਬਿਜਲੀ ਦਾ ਕੰਮ ਕਰਨ ਦੌਰਾਨ ਕਰੰਟ ਲੱਗਣ ਨਾਲ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਸੁਖਚੈਨ ਸਿੰਘ (23) ਦਾ ਵਿਆਹ ਹੋਏ ਨੂੰ 2 ਸਾਲ ਹੋਏ ਸਨ, ਜਿਸ ਦੀ ਇਕ ਬੇਟੀ ਹੈ, ਜਦੋਂ ਇਸ ਸਬੰਧੀ ਜਥੇਬੰਦੀ ਮੈਂਬਰਾਂ ਨੂੰ ਪਤਾ ਲੱਗਿਆ ਤਾਂ ਉਹ ਉਸੇ ਵੇਲੇ ਸਿਵਲ ਹਸਪਤਾਲ ਖੰਨਾ ਵਿਖੇ ਪਰਿਵਾਰ ਨੂੰ ਮਿਲੇ। ਉਨ੍ਹਾਂ ਨਾਲ ਰਾਬਤਾ ਬਣਾਇਆ ਅਤੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਦੱਸਿਆ ਕਿ ਇਸ ਹਫਤੇ ’ਚ ਲਗਾਤਾਰ 2 ਮੌਤਾਂ ਨੌਜਵਾਨਾਂ ਦੀਆਂ ਹੋ ਚੁੱਕੀਆਂ ਹਨ ਅਤੇ ਸੈਂਕਡ਼ੇ ਹੀ ਕਾਮੇ ਡਿਊਟੀ ਦੌਰਾਨ ਮੌਤ ਦੇ ਮੂੰਹ ’ਚ ਜਾ ਚੁੱਕੇ ਹਨ। ਉਨ੍ਹਾਂ ਦੇ ਪਰਿਵਾਰਕ ਮੈਂਬਰ ਨੂੰ ਕੋਈ ਵੀ ਬਣਦਾ ਮੁਆਵਜ਼ਾ ਆਰਥਿਕ ਮਦਦ ਨੌਕਰੀ ਪੈਨਸ਼ਨ ਦਾ ਪ੍ਰਬੰਧ ਨਹੀਂ ਕੀਤਾ ਜਾ ਰਿਹਾ, ਇਨ੍ਹਾਂ ਗੱਲਾਂ ਨੂੰ ਲੈ ਕੇ ਮੈਨੇਜਮੈਂਟ ਦੇ ਅਧਿਕਾਰੀਆਂ ਵਿਰੁੱਧ ਜਥੇਬੰਦੀਆਂ ਵੱਲੋਂ ਮਾਮਲਾ ਦਰਜ ਕਰਨ ਲਈ ਆਖਿਆ ਗਿਆ। ਯੂਨੀਅਨ ਆਗੂਆਂ ਅਨੁਸਾਰ ਮ੍ਰਿਤਕ ਦੇ ਪਿਤਾ ਵੱਲੋਂ ਦਿੱਤੀ ਸਹਿਮਤੀ ’ਤੇ ਪੁਲਸ ਵਿਭਾਗ ਵੱਲੋਂ ਮਾਮਲਾ ਦਰਜ ਕਰਨ ਦੀ ਅਪੀਲ ਕੀਤੀ ਗਈ ਹੈ। ਮ੍ਰਿਤਕ ਸਾਥੀ ਸੁਖਚੈਨ ਸਿੰਘ ਦਾ ਪੋਸਟਮਾਰਟਮ ਉਪਰੰਤ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਜਥੇਬੰਦੀ ਆਗੂਆਂ ਨੇ ਕਿਹਾ ਕਿ ਜੇਕਰ ਪੀਡ਼ਤ ਪਰਿਵਾਰ ਨੂੰ ਇਨਸਾਫ਼ ਨਾ ਮਿਲਿਆ ਅਤੇ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ ਮੁਕੱਦਮਾ ਦਰਜ ਨਾ ਕੀਤਾ ਗਿਆ ਤਾਂ ਜਥੇਬੰਦੀਆਂ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੀਆਂ। ਉਨ੍ਹਾਂ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਹੋ ਰਹੇ ਹਾਦਸਿਆਂ ਦੇ ਪੀਡ਼ਤ ਪਰਿਵਾਰਾਂ ਨੂੰ ਮੁਆਵਜ਼ਾ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ਵਿਚ ਤਿੱਖਾ ਸੰਘਰਸ਼ ਕੀਤਾ ਜਾਵੇਗਾ।


Bharat Thapa

Content Editor

Related News