ਪਾਵਰਕਾਮ ਦੇ ਮਾਲ ਲੇਖਾਕਾਰ ਖਿਲਾਫ ਰਿਸ਼ਵਤਖੋਰੀ ਦਾ ਮਾਮਲਾ ਦਰਜ

Tuesday, Jun 30, 2020 - 01:28 AM (IST)

ਸ੍ਰੀ ਮੁਕਤਸਰ ਸਾਹਿਬ,(ਪਵਨ ਤਨੇਜਾ, ਰਿਣੀ)- ਰਿਸ਼ਵਤਖੋਰੀ ਦੇ ਦੋ ਸਾਲ ਪੁਰਾਣੇ ਇੱਕ ਮਾਮਲੇ ਦੀ ਪੜਤਾਲ ਤੋਂ ਬਾਅਦ ਵਿਜੀਲੈਂਸ ਬਿਓਰੋ ਸ੍ਰੀ ਮੁਕਤਸਰ ਸਾਹਿਬ ਨੇ ਪਾਵਰਕਾਮ ਦੋਦਾ ਦੇ ਲੇਖਾਕਾਰ ਦੇ ਖਿਲਾਫ ਭ੍ਰਿਸ਼ਟਾਚਾਰ ਰੋਕੂ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਪ ਕਪਤਾਨ ਪੁਲਸ (ਵਿਜ਼ੀਲੈਂਸ) ਗੁਰਿੰਦਰਜੀਤ ਸਿੰਘ ਸੰਧੂ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਪਿੰਡ ਦੋਦਾ ਦੇ ਜਗਦੀਪ ਸਿੰਘ ਨੇ ਵਿਜੀਲੈਂਸ ਦੇ ਟੋਲ ਫਰੀ ਨੰਬਰ 'ਤੇ ਪਾਵਰਕਾਮ ਦੋਦਾ ਦੇ ਮਾਲ ਲੇਖਾਕਾਰ ਤ੍ਰਿਲੋਕ ਚੰਦ ਦੇ ਖਿਲਾਫ ਭ੍ਰਿਸ਼ਟਾਚਾਰ ਦੀ ਸ਼ਿਕਾਇਤ ਕੀਤੀ ਸੀ, ਜਿਸ 'ਤੇ ਪੜਤਾਲ ਦੌਰਾਨ ਪਾਇਆ ਗਿਆ ਕਿ ਪਿੰਡ ਦੋਦਾ ਦੇ ਜਗਦੀਪ ਸਿੰਘ ਅਤੇ ਅਮਨਦੀਪ ਸਿੰਘ ਨੇ 4 ਕਿੱਲੇ ਜ਼ਮੀਨ ਪਿੰਡ ਬੁੱਟਰ ਸ਼ਰੀਂਹ ਦੇ ਅੰਗਰੇਜ਼ ਸਿੰਘ ਪਾਸਂੋ ਖਰੀਦ ਕੀਤੀ ਸੀ ਤੇ ਨਾਲ ਹੀ ਜ਼ਮੀਨ 'ਚ ਲੱਗਿਆ ਟਿਊਬਵੈਲ ਦਾ ਮੋਟਰ ਕੁਨੈਕਸ਼ਨ ਵੀ ਖਰੀਦ ਲਿਆ ਸੀ। ਜਗਦੀਪ ਸਿੰਘ ਆਦਿ ਨੇ ਇਹ ਕੁਨੈਕਸ਼ਨ ਆਪਣੇ ਨਾਮ ਕਰਾਉਣ ਲਈ ਪਾਵਰਕਾਮ ਦੋਦਾ ਦੇ ਐਸ. ਡੀ. ਓ. ਨੂੰ ਅਰਜੀ ਦਿੱਤੀ ਤਾਂ ਉਨ੍ਹਾਂ ਨੇ ਇਹ ਅਰਜ਼ੀ ਮਾਲ ਲੇਖਾਕਾਰ ਨੂੰ ਮਾਰ ਕਰ ਦਿੱਤੀ।

ਮਾਲ ਲੇਖਾਕਾਰ ਤ੍ਰਿਲੋਕ ਚੰਦ ਨੇ ਮੋਟਰ ਕੁਨੈਕਸ਼ਨ ਤਬਦੀਲ ਕਰਨ ਬਦਲੇ ਜਗਦੀਪ ਸਿੰਘ ਹੋਰਾਂ ਪਾਸੋ ਤਿੰਨ ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ। ਜਗਦੀਪ ਸਿੰਘ ਨੇ ਤ੍ਰਿਲੋਕ ਚੰਦ ਨੂੰ ਦੋ ਹਜ਼ਾਰ ਰੁਪਏ ਰਿਸ਼ਵਤ ਦਿੰਦਿਆਂ ਇਸ ਦੀ ਆਪਣੇ ਮੋਬਾਇਲ ਫੋਨ ਉਪਰ ਵੀਡੀਓ ਰਿਕਾਰਡ ਕਰ ਲਈ ਅਤੇ ਇਸ ਰਿਸ਼ਵਤਖੋਰੀ ਦੇ ਮਾਮਲੇ ਦੀ ਵਿਜੀਲੈਸ ਬਿਓਰੋ ਦੇ ਟੋਲਫਰੀ ਨੰਬਰ ਉਪਰ ਸ਼ਿਕਾਇਤ ਕਰ ਦਿੱਤੀ। ਜਿਸ 'ਤੇ ਕਾਰਵਾਈ ਕਰਦਿਆਂ ਵਿਜੀਲੈਸ ਬਿਓਰੋ ਨੇ ਉਪ ਪੁਲਸ ਕਪਤਾਨ ਸ੍ਰੀ ਮੁਕਤਸਰ ਸਾਹਿਬ ਵਿਜੀਲੈਂਸ ਗੁਰਿੰਦਰਜੀਤ ਸਿੰਘ ਸੰਧੂ ਨੇ ਪੜਤਾਲ ਉਪਰੰਤ ਮਾਲ ਲੇਖਾਕਾਰ ਤ੍ਰਿਲੋਕ ਚੰਦ ਦੇ ਖਿਲਾਫ ਵਿਜੀਲੈਂਸ ਥਾਣਾ ਬਠਿੰਡਾ ਵਿਖੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਡੀ. ਐਸ. ਪੀ. ਵਿਜੀਲੈਂਸ ਸ੍ਰੀ ਸੰਧੂ ਨੇ ਦੱਸਿਆ ਕਿ ਰਿਸ਼ਵਤ ਖੋਰੀ ਦਾ ਇਹ ਮਾਮਲਾ ਬਹੁਤ ਸੰਗੀਨ ਹੈ ਤੇ ਜਲਦੀ ਹੀ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਰਿਸ਼ਵਤਖੋਰੀ ਦੇ ਕਿਸੇ ਵੀ ਮਾਮਲੇ ਦੀ ਉਨਾਂ ਦੇ ਦਫਤਰ ਵਿੱਚ ਨਿੱਜੀ ਤੌਰ ਤੇ ਜਾਂ ਫੋਨ ਨੰਬਰ 01633 262172 ਅਤੇ ਟੋਲ ਫਰੀ ਨੰਬਰ 1800 1800 1000 ਤੇ ਸ਼ਿਕਾਇਤ ਕਰ ਸਕਦੇ ਹਨ।
 


Deepak Kumar

Content Editor

Related News