ਕਿਸਾਨਾਂ-ਮਜ਼ਦੂਰਾਂ ਅਤੇ ਨੌਜਵਾਨਾਂ ਨੇ ਘੇਰਿਆ ਬਿਜਲੀ ਦਫਤਰ

Thursday, Sep 12, 2019 - 12:34 AM (IST)

ਕਿਸਾਨਾਂ-ਮਜ਼ਦੂਰਾਂ ਅਤੇ ਨੌਜਵਾਨਾਂ ਨੇ ਘੇਰਿਆ ਬਿਜਲੀ ਦਫਤਰ

ਨਿਹਾਲ ਸਿੰਘ ਵਾਲਾ/ਬਿਲਾਸਪੁਰ, (ਬਾਵਾ/ਜਗਸੀਰ)- ਪੰਜਾਬ ਖੇਤ ਮਜ਼ਦੂਰ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਨੌਜਵਾਨ ਭਾਰਤ ਸਭਾ ਵੱਲੋਂ ਪਿੰਡ ਹਿੰਮਤਪੁਰਾ ਦੀਆਂ ਬਿਜਲੀ ਨਾਲ ਸਬੰਧਿਤ ਮੰਗਾਂ ਦਾ ਹੱਲ ਕਰਵਾਉਣ ਲਈ ਪਾਵਰਕਾਮ ਦੇ ਸਬ-ਡਵੀਜ਼ਨ ਦਫ਼ਤਰ ਬਿਲਾਸਪੁਰ ਅੱਗੇ ਵਿਸ਼ਾਲ ਧਰਨਾ ਲਾਇਆ ਅਤੇ ਵਿਭਾਗ ਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਜ਼ਿਲਾ ਮਜ਼ਦੂਰ ਆਗੂ ਮਾ. ਦਰਸ਼ਨ ਸਿੰਘ ਹਿੰਮਤਪੁਰਾ ਨੇ ਕਿਹਾ ਕਿ ਪਿੰਡ ਹਿੰਮਤਪੁਰਾ ਦੀਆਂ ਬਿਜਲੀ ਨਾਲ ਸਬੰਧਿਤ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਐੱਸ.ਡੀ.ਓ. ਬਿਲਾਸਪੁਰ ਨੂੰ ਜਥੇਬੰਦੀਆਂ ਵੱਲੋਂ ਬਹੁਤ ਵਾਰ ਮਿਲਿਆ ਜਾ ਚੁਕਾ ਹੈ। ਪਰ ਕਿਸੇ ਵੀ ਮਸਲੇ ਨੂੰ ਹੱਲ ਕਰਨ ਦੀ ਬਜਾਏ ਉਲਟਾ ਜਨਤਕ ਆਗੂਆਂ ਦੇ ਘਰਾਂ ਵਿਚ ਲੋਡ ਚੈੱਕ ਕਰਨ ਦੇ ਬਹਾਨੇ ਉੱਚ ਅਧਿਕਾਰੀਆਂ ਨੂੰ ਨਾਲ ਲੈ ਕੇ ਪੁਲਸ ਫੋਰਸ ਦੀ ਸਹਾਇਤਾ ਨਾਲ ਧਰਨੇ ਨੂੰ ਅਸਫ਼ਲ ਬਣਾਉਣ ਅਤੇ ਪਿੰਡ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਦੀਆਂ ਕੋਝੀਆਂ ਚਾਲਾਂ ਚੱਲੀਆਂ ਸਨ। ਲੋਕਾਂ ਦੀ ਜਥੇਬੰਦਕ ਤਾਕਤ ਨੇ ਪਾਵਰਕਾਮ ਦੀ ਮੈਨੇਜਮੈਂਟ ਦੀਆਂ ਸਾਰੀਆਂ ਚਾਲਾਂ ਨੂੰ ਫ਼ੇਲ ਕਰਦਿਆਂ ਇਸ ਧਰਨੇ ਵਿਚ ਵੱਡੀ ਗਿਣਤੀ ’ਚ ਸ਼ਾਮਲ ਹੋ ਕੇ ਏਕੇ ਦਾ ਸਬੂਤ ਦਿੱਤਾ। ਇਸ ਮੌਕੇ ਨੌਜਵਾਨ ਆਗੂ ਗੁਰਮੁੱਖ ਸਿੰਘ ਹਿੰਮਤਪੁਰਾ, ਮੇਜਰ ਸਿੰਘ ਕਾਲੇਕੇ, ਪ੍ਰਧਾਨ ਗੁਰਚਰਨ ਸਿੰਘ ਰਾਮਾਂ, ਬੁੂਟਾ ਸਿੰਘ ਭਾਗੀਕੇ, ਨੌਜਵਾਨ ਆਗੂ ਕਰਮ ਰਾਮਾਂ, ਨੌਜਵਾਨ ਆਗੂ ਛਹਿੰਬਰ ਸਿੰਘ, ਸੋਨੀ ਸਿੰਘ, ਹੈਪੀ ਸਿੰਘ ਅਤੇ ਕਮਲਜੀਤ ਸਿੰਘ ਭਾਗੀਕੇ ਆਦਿ ਬੁਲਾਰਿਆਂ ਨੇ ਕਿਹਾ ਕਿ ਪਿੰਡ ਹਿੰਮਤਪੁਰਾ ਦੇ ਮੁੱਖ ਮਸਲੇ ਆਕੀਕੇ ਵਿਹਡ਼ੇ ’ਚ ਨਵਾਂ ਟਰਾਂਸਫ਼ਾਰਮਰ, ਮਾਸਟਰ ਦਰਸ਼ਨ ਸਿੰਘ ਬਸਤੀ ਵਿਚ ਪੱਕੀਆਂ ਤਾਰਾਂ ਅਤੇ ਖੰਬੇ, ਸਰਕਾਰੀ ਵੱਡੇ ਸਕੂਲ ਵਿਚ ਬਿਜਲੀ ਦੀ ਵੋਲਟੇਜ ਪੁੂਰੀ ਕਰਨ ਅਤੇ ਪ੍ਰਧਾਨ ਜੰਗੀਰ ਸਿੰਘ ਦੇ ਘਰ ਕੋਲ ਨਵਾਂ ਟਰਾਂਸਫ਼ਾਰਮਰ ਆਦਿ ਹੋਰ ਦਫ਼ਤਰ ਪੱਧਰ ਦੇ ਕੰਮ ਸਬ ਡਵੀਜ਼ਨ ਬਿਲਾਸਪੁਰ ਨੇ ਪਿਛਲੇ ਲੰਬੇ ਸਮੇਂ ਤੋਂ ਜਾਣ-ਬੁੱਝ ਕੇ ਲਮਕਾਏ ਹੋਏ ਹਨ , ਜਿਨ੍ਹਾਂ ਦੇ ਹੱਲ ਲਈ ਜਨਤਕ ਜਥੇਬੰਦੀਆਂ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਦੇ ਮੈਦਾਨ ਵਿਚ ਹਨ। ਇਸ ਮੌਕੇ ਜਥੇਬੰਦੀਆਂ ਦੇ ਆਗੂਆਂ ਨੇ ਲੋਕਾਂ ਦੇ ਆਗੂ ਮਨਜੀਤ ਧਨੇਰ ਦੀ ਉਮਰ ਕੈਦ ਸੁਪਰੀਮ ਕੋਰਟ ਵੱਲੋਂ ਬਹਾਲ ਰੱਖਣ ਦੀ ਵੀ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ ਹੈ। ਇਸ ਮੌਕੇ ਉਨ੍ਹਾਂ 15 ਸਤੰਬਰ ਨੂੰ ਚੰਡੀਗਡ਼੍ਹ ਵਿਖੇ ਕਸ਼ਮੀਰੀ ਲੋਕਾਂ ਦੇ ਹੱਕ ਵਿਚ ਦਿੱਤੇ ਜਾ ਰਹੇ ਵਿਸ਼ਾਲ ਧਰਨੇ ’ਚ ਵੀ ਵੱਡੀ ਗਿਣਤੀ ਵਿਚ ਪੁੱਜਣ ਦਾ ਸੱਦਾ ਦਿੱਤਾ। ਇਸ ਸਮੇਂ ਜਥੇਬੰਦੀਆਂ ਦੇ ਉਕਤ ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਪਿੰਡ ਹਿੰਮਤਪੁਰਾ ਵਿਚ ਬਿਜਲੀ ਨਾਲ ਸਬੰਧਿਤ ਮਸਲੇ ਜਾਂ ਸਬ-ਡਵੀਜ਼ਨ ਦੇ ਪਿੰਡਾਂ ਨਾਲ ਸਬੰਧਿਤ ਬਿਜਲੀ ਮਸਲੇ ਪਾਵਰਕਾਮ ਦੇ ਅਧਿਕਾਰੀਆਂ ਨੇ ਹੱਲ ਨਾ ਕੀਤੇ ਤਾਂ ਆਉਣ ਵਾਲੇ ਦਿਨਾਂ ’ਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਖ਼ਬਰ ਲਿਖੇ ਜਾਣ ਤੱਕ ਜਨਤਕ ਜਥੇਬੰਦੀਆ ਵੱਲੋਂ ਦਫ਼ਤਰ ਅੱਗੇ ਧਰਨਾ ਜਾਰੀ ਸੀ।


author

Bharat Thapa

Content Editor

Related News