ਨਿਰਵਿਘਨ ਬਿਜਲੀ ਸਪਲਾਈ ਨਾ ਮਿਲਣ ਕਾਰਨ ਕਿਸਾਨਾਂ ਨੇ ਦਿੱਤਾ ਧਰਨਾ

Monday, Dec 10, 2018 - 03:32 PM (IST)

ਨਿਰਵਿਘਨ ਬਿਜਲੀ ਸਪਲਾਈ ਨਾ ਮਿਲਣ ਕਾਰਨ ਕਿਸਾਨਾਂ ਨੇ ਦਿੱਤਾ ਧਰਨਾ

ਭਵਾਨੀਗੜ੍ਹ (ਕਾਂਸਲ/ਵਿਕਾਸ)— ਕਣਕ ਦੀ ਫ਼ਸਲ ਦੀ ਪੈਦਾਵਾਰ ਲਈ ਨਿਧਾਰਿਤ ਸਮੇਂ ਤੋਂ ਬਹੁਤ ਘੱਟ ਆ ਰਹੀ ਬਿਜਲੀ ਸਪਲਾਈ ਕਾਰਨ ਪਿਛਲੇ ਕਈ ਦਿਨਾਂ ਤੋਂ ਖੱਜਲ-ਖੁਆਰ ਹੋ ਰਹੇ ਇਲਾਕੇ ਦੇ ਕਿਸਾਨਾਂ ਨੇ ਅੱਜ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਅਗਵਾਈ ਹੇਠ ਨਦਾਮਪੁਰ ਵਿਖੇ ਸਥਿਤ ਬਿਜਲੀ ਗਰਿੱਡ ਦਾ ਘਿਰਾਓ ਕਰਕੇ ਧਰਨਾ ਦਿੱਤਾ। ਇਸ ਦੌਰਾਨ ਪੰਜਾਬ ਸਰਕਾਰ ਅਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ।

ਇਸ ਮੌਕੇ ਆਪਣੇ ਸੰਬੋਧਨ ਵਿਚ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਬਲਾਕ ਜਨਰਲ ਸਕੱਤਰ ਸੁਖਦੇਵ ਸਿੰਘ ਬਾਲਦ ਨੇ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਨੂੰ ਜਾਣ ਬੁੱਝ ਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਨੂੰ ਫ਼ਸਲਾਂ ਦੀ ਪੈਦਾਵਾਰ ਲਈ 8 ਘੰਟੇ ਬਿਜਲੀ ਸਪਲਾਈ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਅਸਲ ਆਲਮ ਇਹ ਹੈ ਕਿ ਦਿਨ ਸਮੇਂ ਬਿਜਲੀ ਸਪਲਾਈ ਸਿਰਫ 2 ਘੰਟੇ ਹੀ ਆਉਂਦੀ ਹੈ। ਪੂਰਾ ਪਾਣੀ ਨਾ ਮਿਲਣ ਕਾਰਨ ਕਿਸਾਨ ਦੀ ਕਣਕ ਦੀ ਫ਼ਸਲ ਦੇ ਨਾਲ-ਨਾਲ ਸਰੋਂ ਦੀ ਫ਼ਸਲ ਅਤੇ ਹੋਰ ਪਸ਼ੂਆਂ ਲਈ ਬਿਜਿਆ ਹਰਾ ਚਾਰਾ ਵੀ ਬਰਬਾਦ ਹੋਣ ਕੰਢੇ ਹੈ। ਕਿਸਾਨਾਂ ਨੇ ਇਹ ਵੀ ਕਿਹਾ ਕਿ ਬਿਜਲੀ ਵਿਭਾਗ ਵੱਲੋਂ ਕਿਸਾਨਾਂ ਨੂੰ ਫ਼ਸਲਾਂ ਦੀ ਪੈਦਾਵਾਰ ਲਈ ਰਾਤ ਦੇ ਸਮੇਂ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ ਪਰ ਹੁਣ ਠੰਡ ਦਾ ਮੌਸਮ ਹੋਣ ਕਾਰਨ ਰਾਤ ਸਮੇਂ ਖੇਤਾਂ ਵਿਚ ਫ਼ਸਲਾਂ ਨੂੰ ਪਾਣੀ ਲਗਾਉਣਾ ਬਹੁਤ ਔਖਾ ਹੈ। ਕਿਸਾਨਾਂ ਨੇ ਕਿਹਾ ਕਿ ਬਿਜਲੀ ਸਪਲਾਈ ਦੀ ਕਿੱਲਤ ਸਬੰਧੀ ਉਹ ਕਈ ਵਾਰ ਐੱਸ.ਡੀ.ਓ ਅਤੇ ਹੋਰ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਮਿਲ ਚੁੱਕੇ ਹਨ, ਜਿਨ੍ਹਾਂ ਵੱਲੋਂ ਹਰ ਵਾਰ ਇਹ ਕਹਿ ਕੇ ਆਪਣਾ ਪੱਲਾ ਝਾੜ ਦਿੱਤਾ ਜਾਂਦਾ ਹੈ ਕਿ ਜਿੰਨਾ ਉਨ੍ਹਾਂ ਨੂੰ ਉਪਰੋਂ ਹੁਕਮ ਹੈ ਉਹ ਓਨੀ ਹੀ ਬਿਜਲੀ ਸਪਲਾਈ ਦੇ ਰਹੇ ਹਨ।

ਕਿਸਾਨਾਂ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਫ਼ਸਲਾਂ ਦੀ ਪੈਦਾਵਾਰ ਲਈ ਦਿਨ ਸਮੇਂ 10 ਘੰਟੇ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਵੇ। ਇਸ ਰੋਸ ਧਰਨੇ ਵਿਚ ਪਿੰਡ ਨਦਾਮਪੁਰ, ਮੱਟਰਾਂ, ਫੁੰਮਣਵਾਲ, ਮਾਝੀ ਅਤੇ ਚੰਨੋਂ ਸਮੇਤ ਕਈ ਪਿੰਡਾਂ ਦੇ ਕਿਸਾਨਾਂ ਨੇ ਹਿੱਸਾ ਲਿਆ। ਇਸ ਸਬੰਧੀ ਐੱਸ.ਡੀ.ਓ ਕੁਨਾਲ ਕਾਲੜਾ ਨੇ ਗੱਲਬਾਤ ਦੌਰਾਨ ਕਿਹਾ ਕਿ ਬਿਜਲੀ ਦੀ ਸਪਲਾਈ ਦਾ ਸਮਾਂ ਨਿਧਾਰਿਤ ਕਰਨਾ ਉਨ੍ਹਾਂ ਦੇ ਹੱਥ-ਵਸ ਨਹੀਂ ਹੈ। ਇਹ ਸਾਰਾ ਕੰਮ ਪੰਜਾਬ ਪਾਵਰ ਕੰਟਰੋਲ ਦੇ ਹੱਥ ਵਿਚ ਹੈ। ਇਸ ਲਈ ਪੰਜਾਬ ਪਾਵਰ ਕੰਟਰੋਲ ਵੱਲੋਂ ਜਿਵੇਂ-ਜਿਵੇਂ ਉਨ੍ਹਾਂ ਨੂੰ ਹੱਕਮ ਕੀਤਾ ਜਾਂਦਾ ਹੈ। ਉਨ੍ਹਾਂ ਵੱਲੋਂ ਉਸੇ ਤਰ੍ਹਾਂ ਹੀ ਬਿਜਲੀ ਸਪਲਾਈ ਦਿੱਤੀ ਜਾਂਦੀ ਹੈ।


author

cherry

Content Editor

Related News