ਏਅਰ ਪਿਸਟਲ ਤੇ ਸਾਥੀਆਂ ਸਮੇਤ ਜ਼ਮੀਨ ਦਾ ਕਬਜ਼ਾ ਲੈਣ ਪਹੁੰਚਿਆ ਥਾਣੇਦਾਰ

12/23/2019 6:13:07 PM

ਮਾਛੀਵਾੜਾ ਸਾਹਿਬ,(ਟੱਕਰ) : ਨੇੜਲੇ ਪਿੰਡ ਮਿਲਕੋਵਾਲ ਵਿਖੇ ਇਕ ਚੱਲ ਰਹੇ ਜ਼ਮੀਨੀ ਝਗੜੇ ਦੇ ਮਾਮਲੇ 'ਚ ਪੁਲਸ ਵਿਭਾਗ ਦਾ ਸਹਾਇਕ ਥਾਣੇਦਾਰ ਏਅਰ ਪਿਸਟਲ ਅਤੇ ਸਾਥੀਆਂ ਨੂੰ ਨਾਲ ਲੈ ਕੇ ਜ਼ਮੀਨ ਦਾ ਕਬਜ਼ਾ ਲੈਣ ਲਈ ਆਇਆ ਪਰ ਪਿੰਡ ਵਾਸੀਆਂ ਨੇ 4 ਵਿਅਕਤੀਆਂ ਨੂੰ ਕਾਬੂ ਕਰ ਪੁਲਸ ਹਵਾਲੇ ਕਰ ਦਿੱਤਾ ਜਦਕਿ ਬਾਕੀ ਫ਼ਰਾਰ ਹੋ ਗਏ।
ਅੱਜ ਮਾਛੀਵਾੜਾ ਥਾਣਾ ਵਿਖੇ ਪੁੱਜੇ ਸ਼ਿਕਾਇਤਕਰਤਾ ਹਰਜੀਤਪਾਲ ਨੇ ਦੱਸਿਆ ਕਿ ਉਹ ਪਿੰਡ ਮਿਲਕੋਵਾਲ ਵਿਖੇ ਆਪਣੀ ਵਿਦੇਸ਼ ਰਹਿੰਦੀ ਭੂਆ ਦੀ ਜ਼ਮੀਨ 'ਤੇ ਪਿਛਲੇ ਕਈ ਸਾਲਾਂ ਤੋਂ ਖੇਤੀ ਕਰਦਾ ਹੈ ਅਤੇ ਕੱਲ੍ਹ ਸ਼ਾਮ ਆਪਣੀ ਮਾਤਾ ਨੂੰ ਹਸਪਤਾਲ ਵਿਖੇ ਇਲਾਜ ਲਈ ਲੈ ਕੇ ਗਿਆ ਹੋਇਆ ਸੀ। ਪਿੱਛੇ ਖੇਤਾਂ 'ਚ ਬਣੇ ਘਰ ਅੰਦਰ ਉਸਦੀ ਪਤਨੀ ਤੇ ਛੋਟਾ ਲੜਕਾ ਮੌਜ਼ੂਦ ਸਨ ਕਿ ਸ਼ਾਮ ਨੂੰ ਪੁਲਸ ਵਿਭਾਗ 'ਚ ਤਾਇਨਾਤ ਸਹਾਇਕ ਥਾਣੇਦਾਰ ਅਵਤਾਰ ਸਿੰਘ ਆਪਣੇ ਨਾਲ ਕਰੀਬ 8-10 ਵਿਅਕਤੀਆਂ ਨੂੰ ਨਾਲ ਲੈ ਕੇ ਜ਼ਬਰੀ ਘਰ 'ਚ ਦਾਖਲ ਹੋ ਗਿਆ ਅਤੇ ਤਾਲ੍ਹੇ ਤੋੜ ਘਰ ਤੇ ਜ਼ਮੀਨ ਉਪਰ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਸ਼ਿਕਾਇਤਕਰਤਾ ਦੀ ਪਤਨੀ ਸੁਸ਼ਮਾ ਰਾਣੀ ਨੇ ਦੋਸ਼ ਲਗਾਇਆ ਕਿ ਜ਼ਮੀਨ 'ਤੇ ਕਬਜ਼ਾ ਕਰਨ ਆਏ ਵਿਅਕਤੀਆਂ ਨੇ ਉਸ ਨਾਲ ਖਿੱਚ ਧੂਹ ਵੀ ਕੀਤੀ ਅਤੇ ਕੱਪੜੇ ਪਾੜ ਦਿੱਤੇ ਜਿਸ 'ਤੇ ਉਸ ਨੇ ਤੁਰੰਤ ਪਿੰਡ ਵਾਸੀਆਂ ਨੂੰ ਆਪਣੀ ਸਹਾਇਤਾ ਲਈ
ਬੁਲਾਇਆ। ਜ਼ਮੀਨ 'ਤੇ ਜ਼ਬਰੀ ਕਬਜ਼ਾ ਕਰਨ ਦੀ ਸੂਚਨਾ ਮਿਲਦੇ ਹੀ ਭਾਰੀ ਗਿਣਤੀ 'ਚ ਪਿੰਡ ਵਾਸੀ ਉਕਤ ਪਰਿਵਾਰ ਦੀ ਸਹਾਇਤਾ ਲਈ ਪੁੱਜ ਗਏ, ਜਿਸ ਕਾਰਨ ਮਾਹੌਲ ਤਣਾਅਪੂਰਨ ਹੋ ਗਿਆ। ਪਿੰਡ ਵਾਸੀਆਂ ਨੂੰ ਆਉਂਦਿਆਂ ਦੇਖ ਜ਼ਮੀਨ 'ਤੇ ਕਬਜ਼ਾ ਕਰਨ ਆਏ ਕੁੱਝ ਵਿਅਕਤੀ ਫ਼ਰਾਰ ਹੋ ਗਏ, ਜਦਕਿ ਸਹਾਇਕ ਥਾਣੇਦਾਰ ਕੋਲੋਂ ਪਿੰਡ ਵਾਸੀਆਂ ਨੂੰ ਇੱਕ ਏਅਰ ਪਿਸਟਲ ਵੀ ਮਿਲੀ। ਪਿੰਡ ਵਾਸੀਆਂ ਸਰਪੰਚ ਅਮਨਦੀਪ ਸਿੰਘ, ਗੁਰਮੀਤ ਸਿੰਘ, ਅਵਤਾਰ ਸਿੰਘ, ਮੇਜਰ ਸਿੰਘ, ਬਲਵਿੰਦਰ ਸਿੰਘ, ਕੁਲਵਿੰਦਰ ਸਿੰਘ, ਹਰਪ੍ਰੀਤ ਸਿੰਘ, ਜਗਪਾਲ ਸਿੰਘ, ਹੁਕਮ ਚੰਦ, ਮਨਦੀਪ ਸਿੰਘ, ਬਿੱਕਰ ਸਿੰਘ ਨੇ ਦੱਸਿਆ ਕਿ ਜ਼ਮੀਨ 'ਤੇ ਕਬਜ਼ਾ ਕਰਨ ਆਏ ਵਿਅਕਤੀਆਂ ਕੋਲ ਧਮਕਾਉਣ ਲਈ ਨਜਾਇਜ਼ ਅਸਲੇ ਤੋਂ ਇਲਾਵਾ ਹੋਰ ਵੀ ਡਾਂਗਾ ਵੀ ਸਨ ਪਰ ਉਹ ਸਾਰੇ ਮੌਕੇ ਤੋਂ ਫ਼ਰਾਰ ਹੋ ਗਏ।
ਪਿੰਡ ਵਾਸੀਆਂ ਨੇ ਸਹਾਇਕ ਥਾਣੇਦਾਰ ਤੋਂ ਮਿਲੀ ਏਅਰ ਪਿਸਟਲ ਤੇ 4 ਵਿਅਕਤੀਆਂ ਨੂੰ ਪੁਲਸ ਹਵਾਲੇ ਕਰ ਦਿੱਤਾ ਅਤੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ। ਦੇਰ ਸ਼ਾਮ ਮਾਛੀਵਾੜਾ ਥਾਣਾ ਵਿਖੇ ਦੋਵੇਂ ਧਿਰਾਂ ਪੁੱਜ ਗਈਆਂ ਪਰ ਪੁਲਸ ਨੇ ਇਨ੍ਹਾਂ ਨੂੰ ਅੱਜ ਸਵੇਰੇ ਬੁਲਾ ਕੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਅੱਜ ਮਾਛੀਵਾੜਾ ਥਾਣਾ ਵਿਖੇ ਪੁੱਜੇ ਸ਼ਿਕਾਇਤਕਰਤਾ ਹਰਜੀਤ ਸਿੰਘ ਅਤੇ ਪਿੰਡ ਵਾਸੀਆਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅੱਜ ਸਵੇਰ ਤੋਂ ਸ਼ਾਮ ਹੋ ਗਈ ਪਰ ਪੁਲਸ ਨੇ ਜ਼ਮੀਨ 'ਤੇ ਜ਼ਬਰੀ ਕਬਜ਼ਾ ਕਰਨ ਆਏ ਸਹਾਇਕ ਥਾਣੇਦਾਰ ਅਤੇ ਸਾਥੀਆਂ ਉਪਰ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ, ਜਦਕਿ ਸਿਰਫ ਜਾਂਚ ਕਰਨ ਦਾ ਕਹਿ ਕੇ ਫਿਲਹਾਲ ਕਥਿਤ ਦੋਸ਼ੀਆਂ ਨੂੰ ਬਚਾਇਆ ਜਾ ਰਿਹਾ ਹੈ।


Related News