ਪੁਲਸ ਨੇ ਬਜ਼ੁਰਗ ਦਾ ਕਤਲ ਕਰਨ ਵਾਲੇ ਤੇ ਉਸ ਦੀ ਪਤਨੀ ਨੂੰ ਕੀਤਾ ਗ੍ਰਿਫਤਾਰ

Saturday, Mar 09, 2019 - 12:41 AM (IST)

ਲੁਧਿਆਣਾ -ਥਾਣਾ ਮੇਹਰਬਾਨ ਅਧੀਨ ਆਉਂਦੇ ਪਿੰਡ ਨੂਰਵਾਲਾ ’ਚ ਵੀਰਵਾਰ ਨੂੰ ਸਵੇਰ ਹਵਾਈ ਫਾਇਰ ਕਰਨ ਤੋਂ ਰੋਕਣ ’ਤੇ ਇਕ ਬਜ਼ੁਰਗ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਕਾਤਲ ਜਗਦੇਵ ਸਿੰਘ ਡੀ. ਸੀ. ਆਪਣੀ ਪਤਨੀ ਕਮਲਜੀਤ ਕੌਰ ਨਾਲ ਸਕੂਟਰੀ ’ਤੇ ਫਰਾਰ ਹੋ ਗਿਆ ਸੀ, ਜਿਸ ਤੋਂ ਬਾਅਦ ਥਾਣਾ ਮੇਹਰਬਾਨ ਦੀ ਪੁਲਸ ਨੇ ਮ੍ਰਿਤਕ ਬਲਵੀਰ ਸਿੰਘ ਦੇ ਲਡ਼ਕੇ ਧਰਮਵੀਰ ਸਿੰਘ ਦੀ ਸ਼ਿਕਾਇਤ ’ਤੇ ਜਗਦੇਵ ਸਿੰਘ ਡੀ. ਸੀ. ਅਤੇ ਉਸ ਦੀ ਪਤਨੀ ਕਮਲਜੀਤ ਕੌਰ ਖਿਲਾਫ ਕਤਲ ਦਾ ਪਰਚਾ ਦਰਜ ਕੀਤਾ ਸੀ। ਪੁਲਸ ਨੇ 24 ਘੰਟਿਆਂ ’ਚ ਦੋਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਗਈ।

ਜਾਣਕਾਰੀ ਦਿੰਦਿਅਾਂ ਏ. ਸੀ. ਪੀ. ਦਵਿੰਦਰ ਚੌਧਰੀ ਤੇ ਥਾਣਾ ਮੁਖੀ ਜਗਦੇਵ ਸਿੰਘ ਨੇ ਪ੍ਰੈੱਸ ਕਾਨਫਰੰਸ ਕਰ ਕੇ ਦੱਸਿਆ ਕਿ ਦੋਸ਼ੀ ਜਗਦੇਵ ਸਿੰਘ ਬਲਵੀਰ ਦਾ ਕਤਲ ਕਰ ਕੇ ਹਵਾਈ ਫਾਇਰ ਕਰਦੇ ਹੋਏ ਆਪਣੀ ਪਤਨੀ ਕਮਲਜੀਤ ਕੌਰ ਨਾਲ ਸਕੂਟਰੀ ’ਤੇ ਫਰਾਰ ਹੋ ਗਿਆ ਅਤੇ ਰਾਈਫਲ ਸਤਲੁਜ ਦਰਿਆ ਕੋਲ ਆਪਣੀ ਮੋਟਰ ’ਚ ਲੁਕੋ ਦਿੱਤੀ। ਫਿਰ ਆਪਣੀ ਪਤਨੀ ਨੂੰ ਟੀ-ਪੁਆਇੰਟ ਬਾਜਡ਼ਾ ਕੋਲ ਉਤਾਰ ਕੇ ਚਲਾ ਗਿਆ, ਜਿਸ ਤੋਂ ਬਾਅਦ ਪੁਲਸ ਟੀਮ ਨੇ ਦੋਸ਼ੀ ਅੌਰਤ ਕਮਲਜੀਤ ਕੌਰ ਨੂੰ ਉੱਥੋਂ ਗ੍ਰਿਫਤਾਰ ਕਰ ਲਿਆ ਜਦਕਿ ਉਸ ਨੂੰ ਟੀ-ਪੁਆਇੰਟ ਹਵਾਸ ਕੋਲੋਂ ਨਾਕਾਬੰਦੀ ਕਰ ਕੇ ਗ੍ਰਿਫਤਾਰ ਕਰ ਲਿਆ। ਦੋਸ਼ੀ ਕੋਲੋਂ ਉਸ ਸਮੇਂ 32 ਬੋਰ ਦੀ ਰਿਵਾਲਵਰ ਵੀ ਬਰਾਮਦ ਕੀਤੀ ਗਈ। ਏ. ਸੀ. ਪੀ. ਚੌਧਰੀ ਨੇ ਦੱਸਿਆ ਕਿ ਕਮਲਜੀਤ ਕੌਰ ਨੂੰ ਅੱਜ ਅਦਾਲਤ ’ਚ ਪੇਸ਼ ਗਿਆ ਸੀ, ਜਿੱਥੋਂ ਉਸ ਨੂੰ ਸੈਂਟਰਲ ਜੇਲ ਭੇਜ ਦਿੱਤਾ ਗਿਆ। ਜਦੋਂਕਿ ਦੋਸ਼ੀ ਜਗਦੇਵ ਸਿੰਘ ਨੂੰ ਕੱਲ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਅਤੇ ਪੁਲਸ ਰਿਮਾਂਡ ਹਾਸਲ ਕਰ ਕੇ ਅੱਗੇ ਦੀ ਜਾਂਚ ਕੀਤੀ ਜਾਵੇਗੀ।


satpal klair

Content Editor

Related News