ਪੁਲਸ ਨੇ ਨਾਕੇ ''ਤੇ ਰੋਕਿਆ ਮੋਟਰਸਾਈਕਲ ਸਵਾਰ, ਜਦੋਂ ਜਾਂਚ ਕੀਤੀ ਤਾਂ ਹੋਇਆ ਖੁਲਾਸਾ
Tuesday, Sep 15, 2026 - 01:43 PM (IST)
ਸਮਾਣਾ (ਅਸ਼ੋਕ): ਸਿਟੀ ਪੁਲਸ ਸਮਾਣਾ ਵੱਲੋਂ ਸ਼ਰਾਰਤੀ ਅਨਸਰਾਂ ਅਤੇ ਅਪਰਾਧਿਕ ਸਰਗਰਮੀਆਂ ਵਿਚ ਸ਼ਾਮਲ ਵਿਅਕਤੀਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਇਕ ਵਿਅਕਤੀ ਨੂੰ ਬਿਨਾਂ ਨੰਬਰ ਮੋਟਰਸਾਈਕਲ ਸਮੇਤ ਕਾਬੂ ਕੀਤਾ ਗਿਆ। ਪੁਲਸ ਵੱਲੋਂ ਕੀਤੀ ਗਈ ਜਾਂਚ ਦੌਰਾਨ ਉਕਤ ਮੋਟਰਸਾਈਕਲ ਚੋਰੀ ਦਾ ਨਿਕਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਟੀ ਥਾਣਾ ਇੰਚਾਰਜ ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਸੇਵਕ ਸਿੰਘ ਪੁਲਿਸ ਪਾਰਟੀ ਸਮੇਤ ਸ਼ਰਾਰਤੀ ਅਨਸਰਾਂ ਦੀ ਭਾਲ ਲਈ ਪਿੰਡ ਕੁਤਬਨਪੁਰ ਵਿਖੇ ਮੌਜੂਦ ਸਨ। ਇਸੇ ਦੌਰਾਨ ਬਿਨਾਂ ਨੰਬਰ ਮੋਟਰਸਾਈਕਲ ’ਤੇ ਆ ਰਹੇ ਇਕ ਵਿਅਕਤੀ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਉਸ ਦੀ ਜਾਂਚ ਕੀਤੀ ਗਈ।
ਜਾਂਚ ਦੌਰਾਨ ਪੁਲਸ ਨੂੰ ਮੋਟਰਸਾਈਕਲ ਸਬੰਧੀ ਸ਼ੱਕ ਹੋਣ ’ਤੇ ਜਦੋਂ ਇਸ ਦੀ ਪੜਤਾਲ ਕੀਤੀ ਗਈ ਤਾਂ ਮੋਟਰਸਾਈਕਲ ਚੋਰੀ ਦਾ ਪਾਇਆ ਗਿਆ। ਪੁਲਸ ਨੇ ਮੋਟਰਸਾਈਕਲ ਕਬਜ਼ੇ ਵਿਚ ਲੈ ਕੇ ਚਾਲਕ ਨੂੰ ਮੌਕੇ ’ਤੇ ਕਾਬੂ ਕਰ ਲਿਆ। ਕਾਬੂ ਕੀਤੇ ਗਏ ਵਿਅਕਤੀ ਦੀ ਪਛਾਣ ਗੁਰਭਜਨ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਭਟੇੜੀ ਕਲਾਂ, ਥਾਣਾ ਸਦਰ ਪਟਿਆਲਾ ਵਜੋਂ ਹੋਈ ਹੈ। ਸਿਟੀ ਪੁਲਿਸ ਵੱਲੋਂ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਮੋਟਰਸਾਈਕਲ ਚੋਰੀ ਦੀ ਘਟਨਾ ਸਬੰਧੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
