ਪੰਜਾਬ ’ਚ ਇਕੋ ਵੇਲੇ ਪਰਾਲੀ ਨੂੰ ਲਾਈ ਅੱਗ ਕਾਰਨ ਅਾਸਮਾਨ ’ਚ ਫੈਲਿਆ ਜ਼ਹਿਰੀਲਾ ਧੂੰਆਂ

Monday, Nov 19, 2018 - 06:36 AM (IST)

ਪੰਜਾਬ ’ਚ ਇਕੋ ਵੇਲੇ ਪਰਾਲੀ ਨੂੰ ਲਾਈ ਅੱਗ ਕਾਰਨ ਅਾਸਮਾਨ ’ਚ ਫੈਲਿਆ ਜ਼ਹਿਰੀਲਾ ਧੂੰਆਂ

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ, (ਸੁਖਪਾਲ, ਪਵਨ)- ਜੇਕਰ ਪੰਜਾਬ ਸਰਕਾਰ, ਖੇਤੀਬਾਡ਼ੀ ਵਿਭਾਗ ਅਤੇ ਪ੍ਸ਼ਾਸਨ ਦੇ ਉੱਚ ਅਧਿਕਾਰੀ ਕਿਸਾਨਾਂ ਨੂੰ ਝੋਨਾ 20 ਜੂਨ ਤੋਂ ਪਹਿਲਾਂ ਹੀ ਆਪਣੀ ਮਰਜ਼ੀ ਨਾਲ ਲਾ ਲੈਣ ਦਿੰਦੇ ਤਾਂ ਸ਼ਾਇਦ ਝੋਨੇ ਦੀ ਪਰਾਲੀ ਨੂੰ ਲਾਈ ਜਾ ਰਹੀ ਅੱਗ ਦੀਅਾਂ ਲਪਟਾਂ ਪੰਜਾਬ ਵਿਚ ਇਕੋ ਸਮੇਂ ਨਾ ਨਿਕਲਦੀਆਂ ਅਤੇ ਇਸ ਕਰ ਕੇ ਅਾਸਮਾਨ ’ਚ ਧੂੰਆਂ ਪੂਰੀ ਤਰ੍ਹਾਂ ਫੈਲ ਚੁੱਕਾ ਹੈ।  ਜ਼ਿਕਰਯੋਗ ਹੈ ਕਿ ਸਰਕਾਰ ਨੇ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਸਨ ਕਿ ਕਿਸਾਨ 20 ਜੁੂਨ ਤੋਂ ਪਹਿਲਾਂ ਆਪਣੇ ਖੇਤਾਂ ’ਚ ਝੋਨਾ ਨਾ ਲਾਉਣ। ਪਾਵਰਕਾਮ ਨੇ ਕਿਸਾਨਾਂ ਦੇ ਖੇਤਾਂ ’ਚ ਲੱਗੇ ਹੋਏ ਟਿਊਬਵੈੱਲਾਂ ਦੀਆਂ ਮੋਟਰਾਂ ਵਾਲੀ ਬਿਜਲੀ ਬੰਦ ਕਰ ਦਿੱਤੀ ਸੀ ਅਤੇ ਨਹਿਰੀ ਵਿਭਾਗ ਨੇ ਨਹਿਰਾਂ, ਰਜਬਾਹਿਆਂ ਅਤੇ ਕੱਸੀਆਂ ’ਚ ਪਾਣੀ ਦੀ ਬੰਦੀ ਕਰ ਦਿੱਤੀ ਸੀ। ਇਨ੍ਹਾਂ ਵਿਭਾਗਾਂ ਨੇ ਅਜਿਹਾ ਤਾਂ ਕੀਤਾ ਸੀ ਕਿ ਕਿਸਾਨ ਝੋਨਾ ਨਾ ਲਾ ਸਕਣ ਪਰ ਨਤੀਜਾ ਕੀ ਨਿਕਲਿਆ। ਕਿਸਾਨਾਂ ਨੇ 20 ਜੂਨ ਨੂੰ ਇਕੱਠਿਆਂ ਹੀ ਝੋਨਾ ਲਾਉਣਾ ਸ਼ੁਰੂ ਕਰ ਦਿੱਤਾ ਅਤੇ ਫਿਰ ਹੁਣ ਇਕੋ ਸਮੇਂ ਹੀ ਸਾਰਾ ਝੋਨਾ ਪੱਕ ਗਿਆ। ਇਕੋ ਵੇਲੇ ਝੋਨੇ ਦੀ ਕਟਾਈ ਹੋਈ ਅਤੇ ਫਿਰ ਇਕੱਠਿਆਂ ਹੀ ਪਰਾਲੀ ਨੂੰ ਅੱਗ ਲਾ ਕੇ ਸਾਡ਼ੇ ਜਾਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਹੁਣ ਸਾਰਾ ਪੰਜਾਬ ਜ਼ਹਿਰੀਲੇ ਧੂੰਏਂ ਦੀ ਲਪੇਟ ’ਚ ਆਇਆ ਹੋਇਆ ਹੈ। ਦਿਨ ਵੇਲੇ ਹੀ ਰਾਤ ਪੈਣ ਲੱਗ ਪਈ। ਸਰਕਾਰ ਦੀ ਗਲਤੀ ਦਾ ਖਮਿਆਜ਼ਾ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਇਸ ਗੰਭੀਰ ਮਸਲੇ ਸਬੰਧੀ ‘ਜਗ ਬਾਣੀ’ ਵੱਲੋਂ ਇਸ ਹਫ਼ਤੇ ਦੀ ਵਿਸ਼ੇਸ਼ ਰਿਪੋਰਟ ਤਿਆਰ ਕੀਤੀ ਗਈ ਹੈ। 
ਖਰਾਬ ਮੌਸਮ ਕਾਰਨ  ਹਾਦਸੇ ਵਧਣ ਦਾ ਡਰ 
 ਖਰਾਬ ਹੋ ਚੁੱਕੇ ਮੌਸਮ ਕਰ ਕੇ ਅਤੇ ਧੂੰਏਂ ਤੇ ਧੁੰਦ ਦੇ ਆਪਸ ’ਚ ਮਿਲਣ ਕਰ ਕੇ ਬਣੀ ‘ਸਮੋਗ’ ਕਾਰਨ ਵਾਹਨ ਚਾਲਕਾਂ ਭਾਰੀ ਪ੍ਰੇਸ਼ਾਨੀਅਾਂ ਦਾ ਸਾਹਮਣਾ ਕਰਨਾ ਪੈ ਰਿਹੈ ਹੈ। ਇਸ ਕਾਰਨ ਸਡ਼ਕ ਹਾਦਸੇ ਵਧਣ ਦਾ ਖਤਰਾ ਬਣਿਆ ਹੋਇਆ ਹੈ ਕਿਉਂਕਿ ਵਾਹਨ ਚਾਲਕਾਂ ਨੂੰ ਅੱਗੇ ਸਾਫ਼ ਦਿਖਾਈ ਨਹੀਂ ਦਿੰਦਾ। ਧੂੰਏਂ ਅਤੇ ਧੁੰਦ ਕਰ ਕੇ ਲੋਕ ਦੇਰੀ ਨਾਲ ਆਪਣੀ ਮੰਜ਼ਿਲ ’ਤੇ ਪਹੁੰਚ ਰਹੇ ਹਨ। 
ਵੱਧ ਰਹੀਆਂ ਨੇ ਅੱਖਾਂ ਦੀਆਂ ਬੀਮਾਰੀਆਂ
 ਸਾਰੇ ਪਾਸੇ ਫੈਲੇ ਹੋਏ ਧੂੰਏਂ ਦਾ ਕਾਰਨ ਲੋਕਾਂ ਦੀਆਂ ਅੱਖਾਂ ’ਚ ਜਲਣ ਹੋ ਰਹੀ ਹੈ ਅਤੇ ਅੱਖਾਂ ’ਚੋਂ ਪਾਣੀ ਨਿਕਲਦਾ ਰਹਿੰਦਾ ਹੈ। ਡਾਕਟਰਾਂ ਅਨੁਸਾਰ ਧੂੰਏਂ ਕਰ ਕੇ ਅੱਖਾਂ ਦੀਆਂ ਬੀਮਾਰੀਆਂ ਵੱਧ ਰਹੀਆਂ ਹਨ। 
ਕਈ ਪੁਲਾਂ ਦੇ ਕੰਢਿਅਾਂ ’ਤੇ ਨਹੀਂ ਲੱਗੀਆਂ ਲੋਹੇ ਦੀਆਂ ਗਰਿੱਲਾਂ
 ਜ਼ਿਕਰਯੋਗ ਹੈ ਕਿ ਸਡ਼ਕਾਂ ’ਤੇ ਪੈਂਦੀਆਂ ਕਈ ਨਹਿਰਾਂ, ਰਜਬਾਹਿਆਂ ਅਤੇ ਡਰੇਨਾਂ ਆਦਿ ਦੇ ਪੁਲਾਂ ਦੇ ਕੰਢਿਅਾਂ ’ਤੇ ਲੋਹੇ ਦੀਆਂ ਗਰਿੱਲਾਂ ਨਹੀਂ ਲੱਗੀਆਂ ਹੋਈਅਾਂ ਅਤੇ ਪੁਲਾਂ ਦੇ ਦੋਵੇਂ ਪਾਸੇ ਘੋਨੇ ਪਏ ਹਨ। ਇਸ ਕਾਰਨ ਅਜਿਹੇ ਖਰਾਬ ਮੌਸਮ ਵਿਚ ਇਨ੍ਹਾਂ  ਪੁਲਾਂ ਉੱਪਰੋਂ ਵਾਹਨ ਲੰਘਾਉਣਾ ਮੌਤ ਨੂੰ ਆਵਾਜ਼ ਦੇਣ ਦੇ ਬਰਾਬਰ ਹੈ ਪਰ ਫਿਰ ਵੀ ਪ੍ਰਸ਼ਾਸਨ ਅਜਿਹੇ ਪੁਲਾਂ ਵੱਲ ਕੋਈ ਧਿਆਨ ਨਹੀਂ ਦੇ ਰਿਹਾ। 
ਕਈ ਸਡ਼ਕਾਂ ’ਚ ਪਏ ਹਨ ਟੋਏ
 ਕਈ ਸਡ਼ਕਾਂ ਅਜਿਹੀਆਂ ਵੀ ਹਨ, ਜੋ ਬੁਰੀ ਤਰ੍ਹਾਂ ਟੁੱਟ ਚੁੱਕੀਅਾਂ ਹਨ ਅਤੇ ਇਨ੍ਹਾਂ ’ਚ ਵੱਡੇ-ਵੱਡੇ ਟੋਏ ਪਏ ਹੋਏ ਹਨ। ਇਸ ਲਈ ਇਨ੍ਹਾਂ ਸੜਕਾਂ ਨੂੰ ਬਣਾਉਣਾ ਸਮੇਂ ਦੀ ਲੋੜ ਹੈ ਕਿਉਂਕਿ ਖਰਾਬ ਮੌਸਮ ’ਚ ਅੱਗੇ ਚੰਗੀ ਤਰ੍ਹਾਂ ਦਿਖਾਈ ਨਹੀਂ ਦਿੰਦਾ ਅਤੇ ਉੱਪਰੋਂ ਖਸਤਾਹਾਲ ਸੜਕਾਂ ਹੋਣ ਕਰ ਕੇ ਵਾਹਨ ਚਾਲਕ ਬੇਹੱਦ ਤੰਗ-ਪ੍ਰੇਸ਼ਾਨ ਹੁੰਦੇ ਹਨ ਪਰ ਸਬੰਧਤ ਵਿਭਾਗ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਿਹਾ ਹੈ। 
ਖਰਾਬ ਮੌਸਮ ’ਚ ਅਾਵਾਰਾ ਪਸ਼ੂਆਂ ਕਾਰਨ ਵੀ ਵਾਪਰਦੇ ਨੇ ਹਾਦਸੇ
 ਸਡ਼ਕਾਂ ’ਤੇ ਫਿਰ ਰਹੇ ਅਾਵਾਰਾ ਪਸ਼ੂਆਂ ਦੇ ਝੁੰਡ ਵੀ ਰੋਜ਼ਾਨਾ ਹਾਦਸਿਅਾਂ ਦਾ ਕਾਰਨ ਬਣਦੇ ਹਨ ਅਤੇ ਸੜਕ ’ਤੇ ਇਨ੍ਹਾਂ ਪਸ਼ੂਆਂ ਦੇ ਅਚਾਨਕ ਅੱਗੇ ਆਉਣ ਕਰ ਕੇ ਕਈ ਵਾਹਨ ਚਾਲਕ ਜ਼ਖ਼ਮੀ ਹੋ ਜਾਂਦੇ ਹਨ। ਧੂੰਆਂ ਤੇ ਧੁੰਦ ਜ਼ਿਆਦਾ ਹੋਣ ਕਰ ਕੇ ਜਦੋਂ ਮੌਸਮ ਖਰਾਬ ਹੋ ਜਾਂਦਾ ਹੈ ਤਾਂ ਫਿਰ ਇਨ੍ਹਾਂ ਪਸ਼ੂਆਂ ਕਾਰਨ ਹਾਦਸੇ ਹੋਰ ਵੀ ਜ਼ਿਆਦਾ ਵਾਪਰਦੇ ਹਨ। 
ਓਵਰਲੋਡਿਡ ਵਾਹਨ ਵੀ ਹਨ ਹਾਦਸਿਆਂ ਦਾ ਕਾਰਨ 
 ਸਡ਼ਕਾਂ ’ਤੇ  ਚੱਲ ਰਹੇ ਓਵਰਲੋਡਿਡ ਵਾਹਨ ਅਤੇ ਤੂਡ਼ੀ ਨਾਲ ਭਰੀਅਾਂ ਟਰਾਲੀਅਾਂ, ਜਿੱਥੇ ਟਰੈਫਿਕ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਅ ਰਹੀਅਾਂ ਹਨ, ਉੱਥੇ ਦੀ ਜਦੋਂ ਮੌਸਮ ਖਰਾਬ ਹੋ ਜਾਂਦਾ ਹੈ ਤਾਂ ਉਸ ਵੇਲੇ ਇਹ ਵਾਹਨ ਵੀ ਹਾਦਸਿਆਂ ਦਾ ਮੁੱਖ ਕਾਰਨ ਬਣਦੇ ਹਨ। 
ਦਿਖਾਈ ਨਹੀਂ ਦਿੱਤੇ ਸਰਕਾਰ ਦੇ ਨੋਡਲ ਅਫਸਰ
 ਭਾਵੇਂ ਪੰਜਾਬ ਸਰਕਾਰ ਨੇ ਪਰਾਲੀ ਨੂੰ ਅੱਗ ਲਾਉਣ ਤੋਂ ਕਿਸਾਨਾਂ ਨੂੰ ਰੋਕਣ ਲਈ ਨੋਡਲ ਅਫ਼ਸਰ ਲਾਏ ਸਨ ਅਤੇ ਇਸ ਤੋਂ ਇਲਾਵਾ ਸੈਂਕਡ਼ੇ ਹੋਰ ਸਰਕਾਰੀ ਮੁਲਾਜ਼ਮਾਂ ਦੀਆਂ ਡਿਊਟੀਆਂ ਲਾਈਆਂ ਸਨ ਪਰ ਸਰਕਾਰ ਦਾ ਕੋਈ ਨੋਡਲ ਅਫ਼ਸਰ ਕਿਤੇ ਵੀ ਦਿਖਾਈ ਨਹੀਂ ਦਿੱਤਾ ਅਤੇ ਨਾ ਹੀ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਅਧਿਕਾਰੀ ਕਿਤੇ ਦਿਖਾਈ ਦਿੱਤਾ। 
ਕੀ ਕਹਿਣਾ ਹੈ ਕਿਸਾਨ ਆਗੂਆਂ ਦਾ
 ਅਾਸਮਾਨ ’ਚ ਫੈਲੇ ਧੂੰਏਂ ਅਤੇ ਪਰਾਲੀ ਨੂੰ ਲਾਈ ਜਾ ਰਹੀ ਅੱਗ ਬਾਰੇ ਜਦੋਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ ਗਰੁੱਪ) ਦੇ ਸੂਬਾ ਕਮੇਟੀ ਮੈਂਬਰ ਗੁਰਾਂਦਿੱਤਾ ਸਿੰਘ ਭਾਗਸਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ  ਕਿਹਾ ਕਿ ਜੇਕਰ ਸਰਕਾਰ ਇਸ ਮਸਲੇ ਦਾ ਕੋਈ ਪੱਕਾ ਹੱਲ ਕਰੇ ਤਾਂ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਾਉਣਗੇ। ਉਨ੍ਹਾਂ  ਕਿਹਾ ਕਿ ਸਰਕਾਰ ਗਰੀਨ ਟ੍ਰਿਬਿਊਨਲ ਦੀਆਂ ਸਿਰਫ਼ ਉਨ੍ਹਾਂ  ਰਿਪੋਰਟਾਂ ਨੂੰ ਹੀ ਲਾਗੂ ਕਰਵਾਉਣਾ ਚਾਹੁੰਦੀ ਹੈ, ਜੋ ਕਿਸਾਨਾਂ ਵਿਰੁੱਧ ਹੈ, ਜਦਕਿ ਟ੍ਰਿਬਿਊਨਲ ਨੇ ਜੋ ਕਿਸਾਨਾਂ ਨੂੰ ਦੇਣ ਲਈ ਕਿਹਾ ਹੈ, ਉਸ ਤੋਂ ਪੰਜਾਬ ਸਰਕਾਰ ਭੱਜ ਰਹੀ ਹੈ। ਉਨ੍ਹਾਂ  ਇਹ ਵੀ ਕਿਹਾ ਕਿ ਜੇਕਰ ਝੋਨਾ ਇਕੋ  ਦਿਨ ਦੀ ਥਾਂ ਵੱਖ-ਵੱਖ ਦਿਨਾਂ ਵਿਚ ਲਾਇਆ ਜਾਵੇ ਤਾਂ ਵੀ ਦਿੱਕਤ ਘੱਟ ਹੋ ਸਕਦੀ ਹੈ। 
ਜ਼ਿਲੇ ਦੀ ਮੁੱਖ ਮੰਡੀ ’ਚ ਝੋਨਾ ਰੱਣ ਲਈ ਨਹੀਂ ਹੈ ਥਾਂ
 ਇਕੋ ਸਮੇਂ ਝੋਨਾ ਲਾਉਣ ਕਰ ਕੇ ਅਤੇ ਇਕੱਠਿਆਂ ਹੀ ਝੋਨਾ ਪੱਕਣ ਕਰ ਕੇ ਸ੍ਰੀ ਮੁਕਤਸਰ ਸਾਹਿਬ ਦੀ ਮੁੱਖ ਦਾਣਾ ਮੰਡੀ ਵਿਚ ਝੋਨਾ ਰੱਖਣ ਲਈ ਬਿਲਕੁਲ ਵੀ ਥਾਂ ਨਹੀਂ ਬਚੀ। ਸਾਰੀ ਮੰਡੀ ਅਤੇ ਸਡ਼ਕਾਂ ਵੀ ਝੋਨੇ ਨਾਲ ਭਰੀਆਂ ਪਈਆਂ ਹਨ, ਜਿਸ ਕਾਰਨ ਕਿਸਾਨਾਂ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਅੱਧੀ-ਅੱਧੀ ਰਾਤ ਨੂੰ ਕਿਸਾਨ ਝੋਨੇ ਦੀਆਂ ਟਰਾਲੀਆਂ ਲੈ ਕੇ ਮੰਡੀ ਵਿਚ ਆਉਂਦੇ ਹਨ। 


Related News