ਪੰਜਾਬ ''ਚ ਰਜਿਸਟਰੀਆਂ ਕਰਾਉਣ ਨੂੰ ਲੈ ਕੇ ਵੱਡੀ ਰਾਹਤ, ਤਹਿਸੀਲਦਾਰਾਂ ਨੂੰ ਵੀ...

Friday, May 16, 2025 - 03:22 PM (IST)

ਪੰਜਾਬ ''ਚ ਰਜਿਸਟਰੀਆਂ ਕਰਾਉਣ ਨੂੰ ਲੈ ਕੇ ਵੱਡੀ ਰਾਹਤ, ਤਹਿਸੀਲਦਾਰਾਂ ਨੂੰ ਵੀ...

ਮਾਛੀਵਾੜਾ ਸਾਹਿਬ (ਟੱਕਰ) : ਪੰਜਾਬ ਸਰਕਾਰ ਦੇ ਮਾਲ ਵਿਭਾਗ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਸੂਬੇ ਦੀ ਕਿਸੇ ਵੀ ਤਹਿਸੀਲ 'ਚ ਰਜਿਸਟਰੀ ਕਰਵਾਉਣ ਲਈ ਐੱਨ. ਓ. ਸੀ. ਦੀ ਕੋਈ ਲੋੜ ਨਹੀਂ ਹੈ ਅਤੇ ਜੇਕਰ ਕੋਈ ਤਹਿਸੀਲਦਾਰ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਤਾਂ ਤੁਰੰਤ ਮਾਮਲਾ ਉਨ੍ਹਾਂ ਦੇ ਧਿਆਨ 'ਚ ਲਿਆਂਦਾ ਜਾਵੇ। ਪੱਤਰਕਾਰਾਂ ਨੇ ਮੰਤਰੀ ਮੁੰਡੀਆਂ ਨੂੰ ਸਵਾਲ ਕੀਤੇ ਕਿ ਪੰਜਾਬ ਦੀਆਂ ਕਈ ਤਹਿਸੀਲਾਂ 'ਚ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਰਜਿਸਟਰੀ ਕਰਵਾਉਣ ਮੌਕੇ ਐੱਨ. ਓ. ਸੀ. ਦੀ ਮੰਗ ਕਰਦੇ ਹਨ, ਜਿਸ ’ਤੇ ਉਨ੍ਹਾਂ ਕਿਹਾ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਨੂੰ ਵੱਡੀ ਰਾਹਤ ਦਿੰਦਿਆਂ ਐੱਨ. ਓ. ਸੀ. ਦੀ ਛੋਟ ਦਿੱਤੀ ਹੋਈ ਹੈ, ਇਸ ਲਈ ਕੋਈ ਵੀ ਤਹਿਸੀਲਦਾਰ ਲੋਕਾਂ ਨੂੰ ਪਰੇਸ਼ਾਨ ਨਾ ਕਰੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤਹਿਸੀਲਾਂ 'ਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਤਹਿਸੀਲਦਾਰਾਂ ਤੇ ਦਲਾਲਾਂ ਵਿਚ ਰਿਸ਼ਵਤ ਦੇ ਨੈੱਟਵਰਕ ਨੂੰ ਤੋੜਨ ਲਈ ਅਧਿਕਾਰੀਆਂ ਦੇ ਦੂਰ-ਦੁਰਾਡੇ ਤਬਾਦਲੇ ਕੀਤੇ ਹਨ। ਮੰਤਰੀ ਮੁੰਡੀਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਟੀਚਾ ਪੰਜਾਬ ਦੇ ਲੋਕਾਂ ਨੂੰ ਭ੍ਰਿਸ਼ਟਾਚਾਰ ਮੁਕਤ ਸਰਕਾਰ ਦੇਣਾ ਹੈ, ਜਿਸ ਤਹਿਤ ਅੱਜ ਤਹਿਸੀਲਾਂ 'ਚ ਲੋਕਾਂ ਦੇ ਬਿਨਾਂ ਰਿਸ਼ਵਤ ਤੋਂ ਕੰਮ ਹੋ ਰਹੇ ਹਨ।

ਇਹ ਵੀ ਪੜ੍ਹੋ : ਗਰਮੀਆਂ ਦੀਆਂ ਛੁੱਟੀਆਂ ਦਾ ਹੋ ਗਿਆ ਐਲਾਨ! ਖ਼ਬਰ 'ਚ ਪੜ੍ਹੋ ਪੂਰੀ UPDATE
ਜ਼ਿਲ੍ਹੇ ਦੀ ਕਿਸੇ ਵੀ ਤਹਿਸੀਲ 'ਚ ਜਾ ਕੇ ਰਜਿਸਟਰੀ ਕਰਵਾ ਸਕੇਗਾ ਵਿਅਕਤੀ
ਮਾਲ ਵਿਭਾਗ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਲੋਕਾਂ ਦੀ ਸਹੂਲਤ ਲਈ ਇੱਕ ਹੋਰ ਨਵਾਂ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਹੁਣ ਜਿਸ ਜ਼ਿਲ੍ਹੇ ਨਾਲ ਸਬੰਧਿਤ ਵਿਅਕਤੀ ਦਾ ਆਧਾਰ ਕਾਰਡ ਹੈ, ਉਹ ਜ਼ਿਲ੍ਹੇ ਦੀ ਕਿਸੇ ਵੀ ਤਹਿਸੀਲ 'ਚ ਜਾ ਕੇ ਆਪਣੀ ਜ਼ਮੀਨ ਦਾ ਰਜਿਸਟਰੀ ਕਰਵਾ ਸਕੇਗਾ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਇਹ ਯੋਜਨਾ ਮੋਹਾਲੀ ਜ਼ਿਲ੍ਹੇ ਤੋਂ ਸ਼ੁਰੂ ਕੀਤੀ ਜਾ ਰਹੀ ਹੈ, ਜੋ ਜਲਦ ਸਾਰੇ ਪੰਜਾਬ 'ਚ ਲਾਗੂ ਕਰ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : ਪੰਜਾਬ 'ਚ ਕੇਜਰੀਵਾਲ ਦਾ ਵੱਡਾ ਐਲਾਨ, ਸਾਡਾ ਕੋਈ ਮੰਤਰੀ ਨਸ਼ੇ ਨਹੀਂ ਕਰਦਾ (ਵੀਡੀਓ)
ਪਾਣੀ ਦੇ ਮੁੱਦਿਆਂ ’ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਖ਼ਤ ਸਟੈਂਡ ਲਿਆ
ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਕੇਂਦਰ ਸਰਕਾਰ ਸਾਡੇ ਪੰਜਾਬ ਦਾ ਪਾਣੀ ਖੋਹ ਕੇ ਦਿੱਲੀ ਤੇ ਹਰਿਆਣਾ ਨੂੰ ਦੇਣਾ ਚਾਹੁੰਦੀ ਹੈ ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ’ਤੇ ਸਖ਼ਤ ਸਟੈਂਡ ਲੈ ਕੇ ਇਹ ਪਾਣੀ ਜਾਣ ਤੋਂ ਰੋਕਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸਖ਼ਤ ਸਟੈਂਡ ਹੈ ਕਿ ਪੰਜਾਬ ਦੇ ਪਾਣੀਆਂ ’ਤੇ ਸਾਡੇ ਲੋਕਾਂ ਦਾ ਹੱਕ ਹੈ ਅਤੇ ਇਹ ਕਿਸੇ ਵੀ ਕੀਮਤ ’ਤੇ ਬਾਹਰ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖ਼ੁਦ ਅਤੇ ਸਮੂਹ ਲੀਡਰਸ਼ਿਪ ਭਾਖੜਾ ਡੈਮ ’ਤੇ ਜਾ ਕੇ ਪਾਣੀਆਂ ਦੀ ਰਾਖ਼ੀ ਕਰ ਰਹੀ ਹੈ ਅਤੇ ਕੇਂਦਰ ਦੀ ਧੱਕੇਸ਼ਾਹੀ ਨਹੀਂ ਚੱਲਣ ਦਿੱਤੀ ਜਾਵੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


author

Babita

Content Editor

Related News