ਸਰਕਾਰ ਬਾਦਲਾਂ ਦੇ ਗੁਨਾਹ ਕਬੂਲਣ ਤੋਂ ਬਾਅਦ ਕਰੇ ਗ੍ਰਿਫ਼ਤਾਰੀ : ਪੀਰ ਮੁਹੰਮਦ
Sunday, Dec 09, 2018 - 10:27 AM (IST)

ਚੰਡੀਗੜ੍ਹ (ਭੁੱਲਰ) - ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਦੇ ਸਾਬਕਾ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਬਾਦਲ ਅਕਾਲੀ ਦਲ ਦੀ ਲੀਡਰਸ਼ਿਪ ਵਲੋਂ ਸਮੂਹਿਕ ਰੂਪ 'ਚ ਮੰਗੀ ਮੁਆਫੀ 'ਤੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕੀਤੀ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਹੁਣ ਜਦੋਂ ਆਪਣੀਆਂ ਗਲਤੀਆਂ ਬਾਦਲ ਦਲ ਅਤੇ ਬਾਦਲ ਪਰਿਵਾਰ ਨੇ ਕਬੂਲ ਕਰ ਲਈਆਂ ਹਨ ਤਾਂ ਇਸ ਤੋਂ ਵੱਡਾ ਸਬੂਤ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਕੋਈ ਜਾਂਚ ਕਮਿਸ਼ਨ ਜਾਂ ਐੱਸ. ਆਈ. ਟੀ. ਪਾਸੋਂ ਨਹੀਂ ਮਿਲ ਸਕਦਾ। ਉਨ੍ਹਾਂ ਕਿਹਾ ਕਿ ਹੁਣ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਵਲੋਂ ਕੀਤੇ ਇਕਬਾਲੀਆ ਬਿਆਨ 'ਤੇ ਇਨ੍ਹਾਂ ਨੂੰ ਡੇਰਾ ਸਿਰਸਾ ਨਾਲ ਮਿਲ ਕੇ ਕੀਤੇ ਘੋਰ ਪਾਪ ਲਈ ਤੁਰੰਤ ਗ੍ਰਿਫਤਾਰ ਕਰਕੇ ਜੇਲ ਭੇਜਿਆ ਜਾਵੇ।ਬਾਦਲ ਪਰਿਵਾਰ ਅਤੇ ਇਨ੍ਹਾਂ ਦਾ ਦਲ ਹੁਣ ਤੱਕ ਇਹੋ ਕਹਿੰਦਾ ਆਇਆ ਰਿਹਾ ਸੀ ਕਿ ਸਾਡੀ ਕੋਈ ਗਲਤੀ ਨਹੀਂ ਫਿਰ ਹੁਣ ਇਹ ਕਿਹੜੀਆਂ ਜਾਣੀਆਂ-ਅਣਜਾਣੀਆਂ ਗਲਤੀਆਂ ਦੀ ਮੁਆਫੀ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਸੋਂ ਮੰਗਣ ਦੀ ਜਗ੍ਹਾ ਆਪਣੇ ਨਿਯੁਕਤ ਜਥੇਦਾਰਾਂ ਪਾਸੋਂ ਮੰਗ ਰਹੇ ਹਨ।