ਕੋਰੋਨਾ ਤੋਂ ਨਾ ਘਬਰਾਉਣ ਲੋਕ, ਮਾਲ ਮੰਤਰੀ ਨੇ ਵਧਾਇਆ ਹੋਂਸਲਾ

9/12/2020 6:13:30 PM

ਮਾਨਸਾ (ਮਿੱਤਲ) — ਕੋਰੋਨਾ ਦੇ ਮਰੀਜਾਂ ਨੂੰ ਹੋਂਸਲਾ ਦੇਣ ਲਈ ਅਤੇ ਜਰੂਰੀ ਵਸਤਾਂ ਹਰ ਵੇਲੇ ਮੁਹੱਈਆ ਕਰਵਾਉਣ ਹਿੱਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾਂ ਨਿਰਦੇਸ਼ ਤਹਿਤ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਮਾਨਸਾ ਪੁੱਜੇ। ਉਨ੍ਹਾਂ ਨੇ ਸਭ ਤੋਂ ਪਹਿਲਾਂ ਮਾਨਸਾ ਵਿਚ ਕੋਰੋਨਾ ਦੇ ਮਰੀਜਾਂ ਦਾ ਹਾਲ ਚਾਲ ਪੁੱਛਿਆ ਅਤੇ ਸਰਕਾਰ ਹਸਪਤਲਾਂ ਵਿਖੇ ਪਹੁੰਚ ਕੇ ਸਿਹਤ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕੋਰੋਨਾ ਮਰੀਜਾਂ ਨੂੰ ਵੀਡਿਓ ਕਾਨਫਰੰਸ ਰਾਹੀਂ ਹੋਂਸਲਾ ਦਿੰਦਿਆਂ ਕਿਹਾ ਕਿ ਉਹ ਵੀ ਇਸ ਬਿਮਾਰੀ ਤੋਂ ਪੀੜਤ ਹੋ ਚੁੱਕੇ ਹਨ। ਇਸ ਤੋਂ ਘਬਰਾਉਣ ਦੀ ਕੋਈ ਜਰੂਰਤ ਨਹੀਂ, ਹਰ ਮਰੀਜ਼ ਕੁਝ ਦਿਨ ਬਿਮਾਰ ਰਹਿਣ ਤੋਂ ਬਾਅਦ ਇਸ ਬਿਮਾਰੀ ਤੋਂ ਉੱਭਰਦਾ ਹੈ ਅਤੇ ਤੰਦਰੁਸਤ ਹੋ ਕੇ ਘਰ ਚਲਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਬਿਮਾਰੀ ਤੋਂ ਕਿਸੇ ਨੂੰ ਵੀ ਘਬਰਾਉਣ ਜਾਂ ਡਰਨ ਦੀ ਜਰੂਰਤ ਨਹੀਂ ਹੈ। 

ਪੰਜਾਬ ਵਿਚ ਕੋਰੋਨਾ ਦੇ ਮਰੀਜ ਵਧ ਜ਼ਰੂਰ ਰਹੇ ਹਨ। ਪਰ ਉਸ ਦੇ ਉਲਟ ਵੱਡੀ ਗਿਣਤੀ ਵਿਚ ਇਹ ਮਰੀਜ ਠੀਕ ਵੀ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸਥਿਤੀ ਕੰਟਰੋਲ ਹਿੱਤ ਹੈ ਅਤੇ ਪੰਜਾਬ ਸਰਕਾਰ ਵੱਲੋਂ ਸਮੁੱਚੇ ਸਹਿਤ ਕੇਂਦਰਾਂ ਅਤੇ ਹਸਪਤਾਲਾਂ ਵਿਚ ਕੋਰੋਨਾ ਮਰੀਜ਼ਾਂ ਦੇ ਇਲਾਜ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਮਾਨਸਾ ਵਿਚ ਵੀ ਕਿਸੇ ਵੀ ਮਰੀਜ ਨੂੰ ਕੋਈ ਔਖ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਜਲਦੀ ਹੀ ਸਾਰੇ ਮਰੀਜ਼ ਠੀਕ ਹੋ ਘਰਾਂ ਨੁੰ ਮੁੜਨਗੇ। ਉਨ੍ਹਾਂ ਨੇ ਸਾਰੇ ਮਰੀਜਾਂ ਦੀ ਸਿਹਤਯਾਬੀ ਦਾ ਕਾਮਨਾ ਕੀਤੀ। ਡਿਪਟੀ ਕਮਿਸ਼ਨਰ ਮਹਿੰਦਰਪਾਲ ਗੁਪਤਾ ਨੇ ਦੱਸਿਆ ਕਿ ਮਾਨਸਾ ਵਿਚ ਹੁਣ ਤੱਕ 581 ਕੋਰੋਨਾ ਮਰੀਜ ਠੀਕ ਹੋ ਚੁੱਕੇ ਹਨ ਅਤੇ ਇਸ ਵੇਲੇ ਮਰੀਜਾਂ ਦੀ ਗਿਣਤੀ 367 ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ 296 ਮਰੀਜ ਘਰਾਂ ਵਿਚ ਆਈਸੋਲੇਟ ਹਨ ਅਤੇ ਮਾਨਸਾ ਵਿਚ 15 ਵਿਅਕਤੀਆਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਮਰੀਜਾਂ ਲਈ ਸਾਰੇ ਸਿਹਤ ਕੇਂਦਰਾਂ ਵਿਚ ਸਿਹਤ ਦੇ ਮੁੰਕਮਲ ਅਤੇ ਲੋੜੀਂਦੇ ਪ੍ਰਬੰਧ ਉਪਲਬਧ ਹਨ। ਮਾਲ ਮੰਤਰੀ ਕਾਂਗੜ ਨੇ ਇਸ ਮੌਕੇ ਮਾਨਸਾ ਦੇ ਸਿਹਤ ਅਧਿਕਾਰੀਆ ਦੀ ਪ੍ਰਸ਼ੰਸ਼ਾ ਕੀਤੀ।  

ਇਸ ਮੌਕੇ ਡਿਪਟੀ ਕਮਿਸ਼ਨਰ ਮਾਨਸਾ ਮਹਿੰਦਰਪਾਲ ਗੁਪਤਾ, ਐੱਸ.ਐੱਸ.ਪੀ ਸੁਰੇਂਦਰ ਲਾਂਬਾ, ਐੱਸ.ਡੀ.ਐੱਮ ਸਿਖਾ ਭਗਤ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਪ੍ਰੇਮ ਮਿੱਤਲ, ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਬਿਕਰਮ ਮੋਫਰ, ਮੈਂਬਰ ਜ਼ਿਲ੍ਹਾ ਪ੍ਰੀਸ਼ਦ ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ, ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ, ਜਿਲ੍ਹਾ ਕਾਂਗਰਸ ਕਮੇਟੀ ਦੀ ਸਾਬਕਾ ਪ੍ਰਧਾਨ ਮਨੋਜ ਬਾਲਾ, ਡਾ: ਰਣਜੀਤ ਸਿੰਘ ਰਾਏ, ਕਾਂਗਰਸੀ ਆਗੂ ਸੁਖਦਰਸ਼ਨ ਸਿੰਘ ਖਾਰਾ, ਯੂਥ ਪ੍ਰਧਾਨ ਜ਼ਿਲ੍ਹਾ ਮਾਨਸਾ ਚੁਸ਼ਪਿੰਦਰਬੀਰ ਸਿੰਘ, ਸਿਵਲ ਸਰਜਨ ਲਾਲ ਚੰਦ ਠੁਕਰਾਲ, ਐੱਸ.ਐੱਮ.ਓ ਹਰਚੰਦ ਸਿੰਘ, ਚੇਅਰਮੈਨ ਰਾਮ ਸਿੰਘ, ਸ਼ਿਸ਼ਨ ਪਾਲ, ਡਾ ਕਮਲਪ੍ਰੀਤ ਕੌਰ ਬਰਾੜ, ਸਰਪੰਚ ਜਗਦੀਪ ਸਿੰਘ ਬੁਰਜ ਢਿੱਲਵਾਂ ਤੋਂ ਇਲਾਵਾ ਹੋਰ ਵੀ ਮੌਜੂਦ ਸਨ।  


Harinder Kaur

Content Editor Harinder Kaur