''ਕਰਫਿਊ ਸਮੇਂ ਕੱਟੇ ਚਲਾਨਾਂ ਦਾ ਭੁਗਤਾਨ ਮਾਨਸਾ ਦੀ ਬਜਾਏ ਬੁਢਲਾਡਾ ਦੀਆਂ ਅਦਾਲਤਾਂ ''ਚ ਹੋਣਾ ਲੋਕਾਂ ਲਈ ਰਾਹਤ''

05/25/2020 5:08:07 PM

ਬੁਢਲਾਡਾ(ਬਾਂਸਲ) - ਸ਼ਹਿਰ ਦੀ ਪ੍ਰਮੁੱਖ ਸੰਸਥਾ ਨਗਰ ਸੁਧਾਰ ਸਭਾ ਬੁਢਲਾਡਾ ਨੇ ਕੋਰੋਨਾ ਮਹਾਮਾਰੀ ਕਾਰਨ ਲਾਕਡਾਊਨ/ਕਰਫਿਊ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਦੇ ਕਾਰਾਂ ,ਮੋਟਰਸਾਇਕਲਾਂ ਆਦਿ ਵਹੀਕਲਾਂ ਦੇ ਪੁਲਿਸ-ਪ੍ਰਸ਼ਾਸ਼ਨ ਵੱਲੋਂ ਕੱਟੇ ਚਲਾਨਾਂ ਨੂੰ ਬੁਢਲਾਡਾ ਦੀਆਂ ਅਦਾਲਤਾਂ ਵਿਚ ਭੁਗਤਾਉਣ ਸਬੰਧੀ ਕੀਤੇ ਉਪਰਾਲੇ ਲਈ ਪ੍ਰਿੰਸੀਪਲ ਬੁੱਧ ਰਾਮ ਐਮ.ਐਲ.ਏ. ਹਲਕਾ ਬੁਢਲਾਡਾ ਅਤੇ ਸ੍ਰੀ ਨਰਿੰਦਰ ਭਾਰਗਵ ਐਸ.ਐਸ.ਪੀ. ਮਾਨਸਾ ਦਾ ਧੰਨਵਾਦ ਕੀਤਾ ਹੈ । ਅੱਜ ਇੱਥੇ ਨਗਰ ਸੁਧਾਰ ਸਭਾ ਦੇ ਆਗੂਆਂ ਸਤੀਸ਼ ਸਿੰਗਲਾ , ਪ੍ਰੇਮ ਸਿੰਘ ਦੋਦੜਾ  ਜ਼ਿਲ੍ਹਾ ਪ੍ਰਧਾਨ ਆੜ੍ਹਤੀਆਂ ਐਸੋਸੀਏਸ਼ਨ, ਦੀਵਾਨ ਸਿੰਘ ਪ੍ਰਧਾਨ ਕੱਪੜਾ ਐਸੋਸੀਏਸ਼ਨ, ਰੇਡੀਮੇਡ ਮਰਚੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਲਵਲੀ ਕਾਠ , ਸਵਰਨਕਾਰ ਸੰਘ ਦੇ ਪ੍ਰਧਾਨ ਜੱਸੀ ਮਘਾਣੀਆਂ , ਮੈਡੀਕਲ ਕੈਮਿਸਟ ਐਸੋਸੀਏਸਨ ਦੇ ਪ੍ਰਧਾਨ ਡਾ.ਅਸ਼ੋਕ ਰਸਵੰਤਾ , ਐਡਵੋਕੇਟ ਸੁਸ਼ੀਲ ਬਾਂਸਲ ਆਗੂ ਸ੍ਰੀ ਕ੍ਰਿਸ਼ਨਾ ਬੇਸਹਾਰਾ ਗਊਸ਼ਾਲਾ ਕਮੇਟੀ , ਐਡਵੋਕੇਟ ਸਵਰਨਜੀਤ ਸਿੰਘ ਦਲਿਓ , ਵਿਸ਼ਾਲ ਰਿਸ਼ੀ , ਭੋਲਾ ਸਿੰਘ ਕਣਕਵਾਲੀਆ , ਸੁਰਜੀਤ ਸਿੰਘ ਟੀਟਾ , ਪਵਨ ਨੇਵਟੀਆ , ਰਵੀ ਮਲਕੋ , ਵਿਸ਼ਾਲ ਰਿਸ਼ੀ ਆਦਿ ਨੇ ਕਿਹਾ ਕਿ ਪਹਿਲਾਂ ਉਕਤ ਚਲਾਨ ਆਰ.ਟੀ.ਏ.ਦਫ਼ਤਰ ਮਾਨਸਾ ਭਰੇ ਜਾਣੇ ਸੀ ਜਿਸ ਨਾਲ ਲੋਕਾਂ ਦਾ ਪੈਸਾ ਅਤੇ ਸਮਾਂ ਬਰਬਾਦ ਹੋਣਾ ਸੀ। ਇਸ ਕਰਕੇ ਉਕਤ ਮਾਮਲਾ ਨਗਰ ਸੁਧਾਰ ਸਭਾ ਬੁਢਲਾਡਾ ਨੇ ਸ੍ਰੀ ਬੁੱਧ ਰਾਮ ਵਿਧਾਇਕ ਹਲਕਾ ਬੁਢਲਾਡਾ ਦੇ ਧਿਆਨ ਵਿਚ ਲਿਆਂਦਾ। ਜਿਨ੍ਹਾਂ ਨੇ ਐਸ.ਐਸ.ਪੀ. ਸਾਹਬ ਸ੍ਰੀ ਭਾਰਗਵ ਜੀ ਨੂੰ ਮਿਲਕੇ ਇਸ ਮਾਮਲੇ ਦਾ ਹੱਲ ਕਰਵਾ ਦਿੱਤਾ ਹੈ। ਜਿਸ ਕਰਕੇ ਹੁਣ ਇਹ ਚਲਾਨ ਜੋ ਕਿ ਵਧੇਰੇ ਕਰਕੇ ਦੁਕਾਨਦਾਰਾਂ ਜਾਂ ਦਿਹਾੜੀਦਾਰ ਮਜਦੂਰਾਂ ਦੇ ਹਨ । ਬੁਢਲਾਡਾ ਦੀਆਂ ਮਾਣਯੋਗ ਅਦਾਲਤਾਂ ਵਿਚ ਭੁਗਤਾਏ ਜਾ ਸਕਨਗੇ ।ਇਸ ਨਾਲ ਆਮ ਲੋਕਾਂ ਨੂੰ ਕਾਫ਼ੀ ਰਾਹਤ ਮਿਲੀ ਹੈ। ਆਗੂਆਂ ਨੇ ਇਹ ਵੀ ਭਰੋਸਾ ਦਿੱਤਾ ਕਿ ਜਿਨ੍ਹਾਂ ਵਿਅਕਤੀਆਂ ਦੇ ਵਹੀਕਲ ਮੋਟਰਸਾਇਕਲ , ਕਾਰ ਆਦਿ ਜੇਰੇ ਦਫਾ 207 ਐਮ .ਵੀ ਐਕਟ ਜਾਂ 188 ਆਈ.ਪੀ.ਸੀ. ਜਾਂ ਟਰੈਫ਼ਿਕ ਨਿਯਮਾਂ ਆਦਿ ਤਹਿਤ ਚਲਾਨ ਕੱਟੇ ਗਏ ਹਨ ਤਾਂ ਉਹ ਵਿਅਕਤੀ ਨਗਰ ਸੁਧਾਰ ਸਭਾ ਬੁਢਲਾਡਾ ਨਾਲ ਸੰਪਰਕ ਕਰਨ। ਉਨ੍ਹਾਂ ਨੂੰ ਵਕੀਲ ਆਦਿ ਦਾ ਪ੍ਰਬੰਧ ਮੁਫ਼ਤ ਵਿਚ ਕਰਕੇ ਦਿੱਤਾ ਜਾਵੇਗਾ।

 


Harinder Kaur

Content Editor

Related News