ਪੀ. ਏ. ਯੂ. ਦੇ ਲੈਬ ਅਟੈਂਡੈਂਟ ਦਾ ਸ਼ਲਾਘਾਯੋਗ ਕਦਮ, ਭੀਖ ਮੰਗਣ ਵਾਲੇ ਬੱਚਿਆਂ ਲਈ ਕਰ ਰਹੇ ਵੱਡਾ ਉਪਰਾਲਾ

Wednesday, Oct 05, 2022 - 06:05 PM (IST)

ਪੀ. ਏ. ਯੂ. ਦੇ ਲੈਬ ਅਟੈਂਡੈਂਟ ਦਾ ਸ਼ਲਾਘਾਯੋਗ ਕਦਮ, ਭੀਖ ਮੰਗਣ ਵਾਲੇ ਬੱਚਿਆਂ ਲਈ ਕਰ ਰਹੇ ਵੱਡਾ ਉਪਰਾਲਾ

ਲੁਧਿਆਣਾ (ਸਲੂਜਾ) : ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚ ਤੁਹਾਨੂੰ ਹਰ ਰੋਜ ਸ਼ਾਮ 5 ਵਜੇ ਤੋਂ 7 ਵਜੇ ਤੱਕ ਇੱਕ ਅਜਿਹੀ ਕਲਾਸ ਦੇਖਣ ਨੂੰ ਮਿਲੇਗੀ, ਜਿਸ ਵਿੱਚ ਕੁੱਝ ਬੱਚੇ ਤੁਹਾਨੂੰ ਸਿੱਖਿਆ ਦੇ ਪਾਠ ਪੜ੍ਹਦੇ ਦੇਖਣ ਨੂੰ ਮਿਲਣਗੇ। ਉਨ੍ਹਾਂ ਨੂੰ ਪੜ੍ਹਾਉਣ ਦਾ ਕੰਮ ਪੀ. ਏ. ਯੂ. ਦੇ ਲੈਬ ਅਸਿਸਟੈਂਟ ਸਿਮਰਜੀਤ ਸਿੰਘ ਪੰਧੇਰ ਵੱਲੋਂ ਕੀਤਾ ਜਾ ਰਿਹਾ ਹੈ। ਉਹ ਲੁਧਿਆਣਾ ਦੇ ਪਿੰਡ ਭਰੋਵਾਲ ਕਲਾਂ ਦੇ ਰਹਿਣ ਵਾਲੇ ਹਨ ਅਤੇ ਇਸ ਸਮੇਂ ਪੀ. ਏ. ਯੂ. ਕੈਂਪਸ ਵਿੱਚ ਰਹਿੰਦਾ ਹੈ। ਪੰਧੇਰ ਨੇ ਦੱਸਿਆ ਕਿ 2014-2015 ਵਿੱਚ ਉਨ੍ਹਾਂ ਦੇ ਧਿਆਨ ਵਿੱਚ ਆਇਆ ਸੀ ਕਿ ਕੁਝ ਬੱਚੇ ਪੀ. ਏ. ਯੂ. ਕੈਂਪਸ ਵਿੱਚ ਘੁੰਮਦੇ ਹਨ ਅਤੇ ਵਿਦਿਆਰਥੀਆਂ ਅਤੇ ਕਰਮਚਾਰੀਆਂ ਤੋਂ ਖਾਣ ਲਈ ਕੁਝ ਮੰਗਦੇ ਹਨ, ਇਨ੍ਹਾਂ ਬੱਚਿਆਂ ਨੂੰ ਖਾਣ ਲਈ ਕੀ ਮਿਲੇਗਾ ਅਤੇ ਕੌਣ ਦੇਵੇਗਾ? ਪੰਧੇਰ ਨੇ ਦੱਸਿਆ ਕਿ ਇਨ੍ਹਾਂ ਬੱਚਿਆਂ ਦੇ ਉਦਾਸ ਚਿਹਰੇ ਦੇਖ ਕੇ  ਮੈਂ ਉਸੇ ਸਮੇਂ ਫ਼ੈਸਲਾ ਕਰ ਲਿਆ ਸੀ ਕਿ ਉਹ ਇਨ੍ਹਾਂ ਬੱਚਿਆਂ ਨੂੰ ਪੜ੍ਹਾ-ਲਿਖਾ ਕੇ ਚੰਗਾ ਇਨਸਾਨ ਬਣਾਏਗਾ। ਉਹ ਉਸ ਵੇਲੇ ਤੋਂ ਲੈ ਕੇ ਹੁਣ ਤੱਕ ਛੁੱਟੀ ਹੋਣ ਤੋਂ ਬਾਅਦ ਬੱਚਿਆਂ ਨੂੰ ਪੜ੍ਹਾਉਣ ਦਾ ਕੰਮ ਕਰਦਾ ਹੈ।  ਪਹਿਲਾਂ ਉਹ ਇਕੱਲਾ ਸੀ ਪਰ ਹੁਣ ਪੀ. ਏ. ਯੂ. ਦੇ ਕਈ ਵਿਦਿਆਰਥੀ ਉਸਦੀ ਮਦਦ ਕਰਦੇ ਹਨ। 

ਇਹ ਵੀ ਪੜ੍ਹੋ- ਖ਼ੁਫੀਆ ਵਿਭਾਗ ਦੀ ਵੱਡੀ ਕਾਰਵਾਈ, ਜੇਲ੍ਹ ’ਚੋਂ ਚੱਲ ਰਹੀ ਹਥਿਆਰਾਂ ਦੀ ਤਸਕਰੀ ਦਾ ਕੀਤਾ ਪਰਦਾਫਾਸ਼

ਸ਼ਾਮ ਨੂੰ ਸੈਰ ਲਈ ਆਉਣ ਵਾਲੇ ਕਈ ਦਾਨੀ ਲੋਕ ਬੱਚਿਆਂ ਦੇ ਲਈ ਪੜ੍ਹਣ ਵਾਲਾ ਸਾਮਾਨ , ਕੱਪੜੇ ਅਤੇ ਖਾਣ-ਪੀਣ ਦਾ ਸਾਮਾਨ ਦੇ ਜਾਂਦੇ ਹਨ। ਹਨੇਰਾ ਹੋਣ ਦੀ ਸੂਰਤ 'ਚ ਆਪਣੇ ਪੱਧਰ 'ਤੇ ਲਾਈਟਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਬੱਚਿਆਂ ਨੂੰ ਪੜਾਈ ਦੌਰਾਨ ਕਿਸੇ ਤਰੀਕੇ ਦੀ ਪਰੇਸ਼ਾਨੀ ਨਾ ਆਵੇ। ਇਸ ਤੋਂ ਇਲਾਵਾ ਪੰਧੇਰ ਨੇ ਪੀ. ਏ. ਯੂ. ਦੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕੇ ਜਦੋਂ ਵੀ ਕੋਈ ਆਪਣਾ ਜਨਮਦਿਨ ਮਨਾਉਂਦਾ ਹੈ ਤਾਂ ਉਹ ਇਨ੍ਹਾਂ ਬੱਚਿਆਂ ਨੂੰ ਵੀ ਉਸ 'ਚ ਸ਼ਾਮਲ ਕਰੇ। ਇਸ ਨਾਲ ਉਨ੍ਹਾਂ ਨੂੰ ਖ਼ੁਸ਼ੀ ਮਿਲੇਗੀ। ਹੁਣ ਬਹੁਤ ਸਾਰੇ ਵਿਦਿਆਰਥੀ ਆਪਣੇ ਜਨਮ ਦਿਨ ਦੇ ਮੌਕੇ 'ਤੇ ਇੱਥੇ ਆਉਂਦੇ ਹਨ ਅਤੇ ਇਨ੍ਹਾਂ ਬੱਚਿਆਂ ਨਾਲ ਆਪਣੇ ਜਨਮ ਦਿਨ ਦੀਆਂ ਖੁਸ਼ੀਆਂ ਸਾਂਝੀਆਂ ਕਰਦੇ ਹਨ। ਪੰਧੇਰ ਨੇ ਦੱਸਿਆ ਕਿ ਜਦੋਂ ਵੀ ਕੋਈ ਅਹਿਮ ਦਿਨ ਆਉਂਦਾ ਹੈ ਤਾਂ ਉਹ ਇਨ੍ਹਾਂ ਬੱਚਿਆਂ ਨੂੰ ਦੱਸਦੇ ਹਨ ਕਿ ਇਸ ਦਿਨ ਦੀ ਕੀ ਮਹੱਤਤਾ ਹੈ ਅਤੇ ਇਹ ਦਿਨ ਕਿਉਂ ਮਨਾਇਆ ਜਾਂਦਾ ਹੈ। ਉਹ ਅਤੇ ਉਸ ਦੇ ਸਾਥੀਆਂ ਨੂੰ ਇਸ ਚੀਜ਼ ਦੀ ਖ਼ੁਸ਼ੀ ਹੈ ਕਿ ਉਨ੍ਹਾਂ ਕੋਲੋਂ ਪੜਾਈ ਕਰਕੇ ਬੱਚੇ ਮੱਧ ਵਰਗ ਵਿੱਚ ਪਹੁੰਚ ਗਏ ਹਨ ਅਤੇ ਅੱਗੇ ਦੀ ਪੜ੍ਹਾਈ ਵਿੱਚ ਦਿਲਚਸਪੀ ਲੈ ਰਹੇ ਹਨ। ਉਹ ਮਿਲ ਕੇ ਇਨ੍ਹਾਂ ਬੱਚਿਆਂ ਦੀ ਦੇਖਭਾਲ ਕਰ ਰਹੇ ਹਨ ਤਾਂ ਜੋ ਇਹ ਬੱਚੇ ਇੱਕ ਚੰਗੇ ਇਨਸਾਨ ਬਣ ਕੇ ਜ਼ਿੰਦਗੀ ਵਿੱਚ ਅੱਗੇ ਵਧ ਸਕਣ ਅਤੇ ਦੇਸ਼ ਅਤੇ ਸਮਾਜ ਲਈ ਕੁਝ ਕਰ ਸਕਣ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News