ਪਟਿਆਲਾ ਨੂੰ ‘ਹੈਰੀਟੇਜ ਸਿਟੀ’ ਬਣਾਉਣ ਦੀ ਯੋਜਨਾ 15 ਸਾਲਾਂ ਤੋਂ ਫਾਈਲਾਂ ’ਚ ਦੱਬੀ

Monday, Oct 01, 2018 - 06:15 AM (IST)

ਪਟਿਆਲਾ ਨੂੰ ‘ਹੈਰੀਟੇਜ ਸਿਟੀ’ ਬਣਾਉਣ ਦੀ ਯੋਜਨਾ 15 ਸਾਲਾਂ ਤੋਂ ਫਾਈਲਾਂ ’ਚ ਦੱਬੀ

ਪਟਿਆਲਾ, (ਬਲਜਿੰਦਰ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਨੂੰ  ‘ਹੈਰੀਟੇਜ ਸਿਟੀ’ ਬਣਾਉਣ ਦੀ ਯੋਜਨਾ ਫਾਈਲਾਂ ਵਿਚ ਦਬੀ ਰਹਿ ਗਈ ਹੈ। ਪਿਛਲੇ 15 ਸਾਲਾਂ  ਦੌਰਾਨ ਕਈ ਵਾਰ ਇਸ ਨੂੰ ਲੈ ਕੇ ਯੋਜਨਾਵਾਂ ਬਣੀਆਂ, ਟੀਮਾਂ ਆਈਆਂ, ਮੀਟਿੰਗਾਂ ਹੋਈਆਂ ਪਰ  ਅੱਜ ਤੱਕ ਇਹ ਯੋਜਨਾ ਸਿਰੇ ਨਹੀਂ ਚਡ਼੍ਹ ਸਕੀ।  ਇਥੋਂ ਤੱਕ ਕਿ ਕੇਂਦਰ ਸਰਕਾਰ ਵੱਲੋਂ  ਸਮੁੱਚੇ ਦੇਸ਼ ਦੇ ਵਿਰਾਸਤੀ ਸ਼ਹਿਰਾਂ ਦੀ ਇਕ ਸੂਚੀ ਤਿਆਰ ਕਰ ਕੇ ਮਾਸਟਰ ਪਲਾਨ ਬਣਾਇਆ ਗਿਆ  ਸੀ। ਇਸ ਮਾਸਟਰ ਪਲਾਨ ਵਿਚ ਪੰਜਾਬ ਦੇ ਕੁੱਝ ਸ਼ਹਿਰਾਂ ਦੇ ਨਾਲ ਪਟਿਆਲਾ ਸ਼ਹਿਰ ਵੀ ਸ਼ਾਮਲ ਸੀ  ਪਰ 7 ਸਾਲ ਬੀਤ ਜਾਣ ਦੇ ਬਾਵਜੂਦ ਉਸ ਪਲਾਨ ’ਤੇ ਵੀ ਕੋਈ ਕੰਮ ਨਹੀਂ ਹੋ ਸਕਿਆ। ਇਸ ਤੋਂ  ਇਲਾਵਾ ਅਕਾਲੀ-ਭਾਜਪਾ ਅਤੇ ਕਾਂਗਰਸ ਸਰਕਾਰ ਦੇ ਸਮੇਂ ਕਈ ਵਾਰ ਸੂਬਾ ਪੱਧਰ ’ਤੇ ਵੀ  ਯੋਜਨਾਵਾਂ ਬਣੀਆਂ ਪਰ ਅਜੇ ਤੱਕ ਕੋਈ ਵੀ ਯੋਜਨਾ ਸਿਰੇ ਨਹੀਂ ਚਡ਼੍ਹ ਸਕੀ। ਹਾਲਾਤ ਇਹ ਹਨ  ਕਿ ਸ਼ਹਿਰ ਦੀਆਂ ਮਾਈ ਜੀ ਦੀ ਸਰਾਂ, ਮਹਿੰਦਰਾ ਕੋਠੀ, ਵਾਟਰ ਸਪਲਾਈ ਦਾ ਪੁਰਾਣਾ ਦਫਤਰ,  ਕਿਲਾ ਮੁਬਾਰਕ ਦਾ ਵੱਡਾ ਹਿੱਸਾ, ਵਿਰਾਸਤੀ ਗੇਟਾਂ, ਰਾਜਿੰਦਰਾ ਲੇਕ, ਸਟੇਟ ਲਾਇਬ੍ਰੇਰੀ ਤੇ  ਆਰਕਾਈਵ ਵਿਭਾਗ ਦੀ ਹਾਲਤ ਖਸਤਾ ਹੋ ਚੁੱਕੀ ਹੈ ਪਰ ਪੁੱਛਣ ਵਾਲਾ ਕੋਈ ਨਹੀਂ ਹੈ।  
ਵਿਰਾਸਤੀ ਇਮਾਰਤਾਂ ਦੀ ਹਾਲਤ ’ਚ ਨਹੀਂ ਹੋ ਰਿਹਾ ਸੁਧਾਰ 
ਪਟਿਆਲਾ ਦੀਆਂ ਵਿਰਾਸਤੀ ਇਮਾਰਤਾਂ ਦੀ ਹਾਲਤ ਖਸਤਾ ਹੁੰਦੀ ਜਾ ਰਹੀ ਹੈ। ਕੁਝ ਸਾਲ  ਪਹਿਲਾਂ ਲਾਅ ਯੂਨੀਵਰਸਿਟੀ ਵਾਲੀ ਯਾਨੀ ਕਿ ਮਹਿੰਦਰਾ ਕੋਠੀ ਸਭ ਤੋਂ ਸ਼ਾਨਦਾਰ ਇਮਾਰਤਾਂ  ਵਿਚੋਂ ਇਕ ਸੀ। ਅੱਜ ਉਸ ਦੀ ਹਾਲਤ ਖਸਤੀ ਹੋ ਚੁੱਕੀ ਹੈ। ਮਹਿੰਦਰਾ ਕੋਠੀ ਦੇ ਸਾਹਮਣੇ ਬਣੇ  ਵਾਟਰ ਸਪਲਾਈ ਅਤੇ ਸੀਵਰੇਜ ਦੇ ਪੁਰਾਣੇ ਦਫਤਰ ਵਾਲੀ ਵਿਰਾਸਤੀ ਬਿਲਡਿੰਗ ਨੂੰ ਤੋਡ਼ਨ ਅਤੇ  ਵੇਚਣ ’ਤੇ ਤਾਂ ਕਈ ਵਾਰ ਰੋਕ ਲਾਈ ਜਾ ਚੁੱਕੀ ਹੈ। ਉਨ੍ਹਾਂ ਦੀ ਹਾਲਤ ਕੋਈ  ਨਹੀਂ ਸੁਧਾਰ ਰਿਹਾ।  ਇਹੀ ਹਾਲਤ ਪਟਿਆਲਾ ਦੀ ਰਾਜਿੰਦਰਾ ਲੇਕ ਦੀ ਹੈ।  ਹਰ ਵਾਰ ਯੋਜਨਾ ਬਣੀ ਅਤੇ ਇਕ  ਕਰੋਡ਼ ਰੁਪਏ ਦੇ ਲਗਭਗ ਖਰਚ ਵੀ ਹੋਇਆ ਪਰ ਅਜੇ ਤੱਕ ਲੇਕ ਦੇ ਹਾਲਾਤ ਨਹੀਂ ਸੁਧਰੇ।  ਸੈਂਟਰਲ ਸਟੇਟ ਲਾਇਬ੍ਰੇਰੀ ਅਤੇ ਆਰਕਾਈਵ ਦੀ ਖਸਤਾ ਹਾਲਤ ਵੀ ਕਿਸੇ ਤੋਂ ਲੁਕੀ ਨਹੀਂ ਹੈ। 
 ਸ਼ਹਿਰ ਦਾ ਪੜਾਅਵਾਰ ਵਿਕਾਸ ਕੀਤਾ ਜਾ ਰਿਹੈ : ਮੇਅਰ ਬਿੱਟੂ 
 ਇਸ ਸਬੰਧੀ ਜਦੋਂ ਮੇਅਰ ਸੰਜੀਵ ਸ਼ਰਮਾ ਬਿੱਟੂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ  ਕਿ ਪਟਿਆਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸ਼ਹਿਰ ਹੈ, ਜਿਸ ਦਾ ਪਡ਼ਾਅਵਾਰ  ਵਿਕਾਸ ਕੀਤਾ ਜਾ ਰਿਹਾ ਹੈ। ਵਿਰਾਸਤੀ ਬਾਰਾਂਦਰੀ ਦੀ ਦਿੱਖ ਬਹਾਲ ਕੀਤੀ ਜਾ ਚੁੱਕੀ ਹੈ। ਬਾਕੀ  ਯੋਜਨਾ  ਵੀ ਤਿਆਰ ਕੀਤੀ ਗਈ ਹੈ। ਕਿਲਾ ਮੁਬਾਰਕ ਦੀ ਰੈਨੋਵੇਸ਼ਨ ਦਾ  ਕੰਮ ਚੱਲ ਰਿਹਾ ਹੈ। ਸ਼ੀਸ ਮਹਿਲ ਦੀ ਮੈਡਲ ਗੈਲਰੀ ਜਲਦ ਹੀ ਦਰਸ਼ਕਾਂ ਲਈ ਖੋਲ੍ਹ ਦਿੱਤੀ  ਜਾਵੇਗੀ। ਉਨ੍ਹਾਂ ਕਿਹਾ ਕਿ ਕਈ ਸਾਲ ਤੱਕ ਅਣਗੌਲੇ ਪਟਿਆਲਾ ਨੂੰ ਠੀਕ ਕਰਨ ਲਈ ਕੁਝ ਸਮਾਂ  ਚਾਹੀਦਾ ਹੈ।  ਡੇਢ ਸਾਲ ਦਾ ਸਮਾਂ ਮਿਲਿਆ ਹੈ। ਪਟਿਆਲਾ ਦੀ ਨੁਹਾਰ  ਬਦਲ ਕੇ ਰੱਖ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਮਹਿੰਦਰਾ ਕੋਠੀ ਵਿਚ ਜਲਦ ਹੀ ਸਪੋਰਟਸ  ਯੂਨੀਵਰਸਿਟੀ ਖੋਲ੍ਹੀ ਜਾ ਰਹੀ ਹੈ। ਬਾਕੀਆਂ ਦੀ ਹਾਲਤ ਵੀ ਜਲਦ ਹੀ ਸੁਧਾਰ ਦਿੱਤੀ  ਜਾਵੇਗੀ।  

ਮਾਸਟਰ ਪਲਾਨ ਦੀ ਯੋਜਨਾ ਨਹੀਂ ਚਡ਼੍ਹ ਸਕੀ ਸਿਰੇ 
7 ਸਾਲ ਪਹਿਲਾਂ ਕੇਂਦਰ ਸਰਕਾਰ ਵੱਲੋਂ ਦੇਸ਼ ਦੇ ਵਿਰਾਸਤੀ ਸ਼ਹਿਰਾਂ ਦੀ ਇਕ ਸੂਚੀ  ਤਿਆਰ ਕੀਤੀ ਗਈ ਸੀ।  ਸ਼ਹਿਰਾਂ ਨੂੰ ਵਿਕਸਿਤ ਕਰਨ ਲਈ ਮਾਸਟਰ ਪਲਾਨ ਤਿਆਰ ਕੀਤਾ ਗਿਆ ਸੀ।  ਇਸ ਸੂਚੀ ਵਿਚ ਪਟਿਆਲਾ ਸ਼ਹਿਰ ਵੀ ਸ਼ਾਮਲ ਸੀ। ਯੋਜਨਾ  ਤਹਿਤ ਵਿਦੇਸ਼ੀ ਮਾਹਰਾਂ ਦੀ ਟੀਮ ਨੇ  ਵੀ ਪਟਿਆਲਾ ਦਾ ਦੌਰਾ ਕੀਤਾ ਅਤੇ ਕਿਲਾ ਮੁਬਾਰਕ ਸਮੇਤ ਬਾਕੀ ਥਾਵਾਂ ਦਾ ਜਾਇਜ਼ਾ ਵੀ  ਲਿਆ ਸੀ। ਇਸ ਯੋਜਨਾ ਤਹਿਤ ਸ਼ਹਿਰ ਨੂੰ ਹੈਰੀਟੇਜ ਸਿਟੀ ਦੇ ਤੌਰ ’ਤੇ ਵਿਕਸਿਤ ਕਰਨਾ ਸੀ ਤਾਂ  ਕਿ ਪਟਿਆਲਾ ਨੂੰ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣਾਇਆ ਜਾ ਸਕੇ। ਇਸ ਯੋਜਨਾ ਵਿਚ  ਕਿਲਾ ਮੁਬਾਰਕ ਤੱਕ ਪਹੁੰਚਣ ਦੇ ਧਰਮਪੁਰਾ ਬਾਜ਼ਾਰ ਵਾਲੇ ਰਸਤੇ ਨੂੰ ਰੱਖਿਆ ਗਿਆ ਸੀ।  ਇਸ ਨੂੰ ਵਾਹਨ-ਮੁਕਤ ਕਰ ਕੇ ਸੈਲਾਨੀਆਂ ਲਈ ਖੋਲ੍ਹਿਆ ਜਾਣਾ ਸੀ। ਇਸ ਰਸਤੇ ਵਿਚ  ਸਿਰਫ ਪੈਦਲ ਚੱਲ ਕੇ ਜਾਣ ਦੀ ਯੋਜਨਾ ਸੀ। ਇਸ ਤੋਂ ਇਲਾਵਾ ਮਾਈ ਜੀ ਦੀ ਸਰਾਂ ਨੂੰ ਇਕ  ਵਿਰਾਸਤੀ ਹੋਟਲ, ਮਹਿੰਦਰਾ ਕੋਠੀ ਨੂੰ ਸੂਚਨਾ ਕੇਂਦਰ ਬਣਾਉਣ ਦੀ ਯੋਜਨਾ ਸੀ। ਇਸ ਤੋਂ  ਇਲਾਵਾ ਸ਼ੀਸ਼ ਮਹਿਲ ਅਤੇ ਐੈੱਨ. ਆਈ. ਐੈੱਸ. ਵਾਲੇ ਮੋਤੀ ਮਹਿਲ ਨੂੰ ਬਿਹਤਰੀਨ ਸੈਲਾਨੀ  ਕੇਂਦਰ ਬਣਾਉਣ ਦੀ ਯੋਜਨਾ ਸੀ. ਜੋ ਕਿ ਅੱਜ ਤੱਕ ਸਿਰੇ ਨਹੀਂ ਚਡ਼੍ਹ ਸਕੀ।  
ਵਿਰਾਸਤੀ ਗੇਟ ਵੀ ਹੁੰਦੇ ਜਾ ਰਹੇ ਹਨ ਅਲੋਪ 
ਸ਼ਹਿਰ ਦੀ ਸ਼ਾਨ ਮੰਨੇ ਜਾਣ ਵਾਲੇ ਵਿਰਾਸਤੀ ਗੇਟ ਵੀ ਅਲੋਪ ਹੁੰਦੇ ਜਾ ਰਹੇ ਹਨ।  ਸਨੌਰੀ ਗੇਟ, ਨਾਭਾ ਗੇਟ, ਸਫਾਬਾਦੀ ਗੇਟ ਅਤੇ ਲਾਹੌਰੀ ਗੇਟ ਅਲੋਪ ਹੋ ਚੁੱਕੇ ਹਨ।  ਸੁਨਾਮੀਆ, ਸਰਹੰਦੀ ਗੇਟ ਅਤੇ ਸਮਾਨੀਆ ਗੇਟਾਂ ਦੀ ਹਾਲਤ ਖਸਤਾ ਹੈ। ਸ਼ੇਰਾਂਵਾਲਾ ਗੇਟ  ਨੂੰ  ਮੁਡ਼ ਤੋਂ ਬਣਾ ਦਿੱਤਾ ਗਿਆ ਹੈ। ਉਸ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ  ਹੈ। ਇਥੇ ਇਹ ਦੱਸਣਯੋਗ ਹੈ ਕਿ ਪਟਿਆਲਾ ਬਾਗਾਂ ਅਤੇ ਦਰਵਾਜ਼ਿਆਂ ਦੇ ਸ਼ਹਿਰ ਦੇ ਨਾਲ ਦੇਸ਼  ਵਿਚ  ਹੀ ਨਹੀਂ ਸਗੋਂ ਪੂਰੀ ਦੁਨੀਆ ਵਿਚ ਮਸ਼ਹੂਰ ਹੈ। ਪਟਿਆਲਾ ਦਾ ਮੁੱਖ ਮੰਤਰੀ ਹੋਣ ਦੇ  ਬਾਵਜੂਦ ਵੀ ਇਸ ਵਿਰਾਸਤ ਨੂੰ ਸੰਭਾਲਣ ਵਿਚ ਅਜੇ ਤੱਕ ਪ੍ਰਸ਼ਾਸਨ ਵੱਲੋਂ ਕੋਈ ਦਿਲਚਸਪੀ  ਨਹੀਂ ਦਿਖਾਈ ਗਈ। 


Related News