ਬਾਘਾ ਪੁਰਾਣਾ ਤੋਂ 40 ਤੋਂ ਵਧੇਰੇ ਯਾਤਰੀਆਂ ਦੀ ਬੱਸ ਨੂੰ ਧਾਰਮਿਕ ਯਾਤਰਾ ਸਕੀਮ ਤਹਿਤ ਹੋਈ ਰਵਾਨਾ
Wednesday, Jan 03, 2024 - 06:20 PM (IST)
ਬਾਘਾ ਪੁਰਾਣਾ (ਅਜੇ) : ਪੰਜਾਬ ਸਰਕਾਰ ਦੀ ‘ਮੁੱਖ ਮੰਤਰੀ ਤੀਰਥ ਯਾਤਰਾ ਸਕੀਮ’ ਤਹਿਤ ਜ਼ਿਲ੍ਹਾ ਮੋਗਾ ਦੇ ਸ਼ਰਧਾਲੂ ਵੱਡੀ ਗਿਣਤੀ ਵਿਚ ਵਿਸ਼ੇਸ਼ ਬੱਸਾਂ ਰਾਹੀਂ ਧਾਰਮਿਕ ਸਥਾਨਾਂ ਦੇ ਮੁਫ਼ਤ ਦਰਸ਼ਨ ਕਰ ਰਹੇ ਹਨ। ਸਕੀਮ ਤਹਿਤ ਇਨ੍ਹਾਂ ਵਿਸ਼ੇਸ਼ ਬੱਸਾਂ ਵਿਚ ਸ਼ਰਧਾਲੂਆਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਮੁਫਤ ਖਾਣਾ, ਰਹਿਣ-ਸਹਿਣ ਅਤੇ ਸ਼ਰਧਾਲੂ ਕਿੱਟਾਂ ਤੋਂ ਇਲਾਵਾ ਟੂਰਿਸਟ ਗਾਈਡ ਦੀਆਂ ਸਹੂਲਤਾਂ ਮੁਫਤ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਉਕਤ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਪਵਨ ਗੁਪਤਾ, ਸ਼ਹਿਰੀ ਪ੍ਰਧਾ ਆਮ ਆਦਮੀ ਪਾਰਟੀ ਗੁਰਪ੍ਰੀਤ ਸਿੰਘ ਮਨਚੰਦਾ, ਗਗਨ, ਧਰਮਿੰਦਰ ਸਿੰਘ ਰੱਖੜਾ ਨੇ ਬੱਸ ਨੂੰ ਧਾਰਮਿਕ ਯਾਤਰਾ ਅਨੰਦਪੁਰ ਸਾਹਿਬ, ਨੈਨਾ ਦੇਵੀ, ਚਿੰਤਪੁਰਨੀ ਲਈ ਰਵਾਨਾ ਕਰਨ ਸਮੇਂ ਕੀਤਾ।
ਇਸ ਮੌਕੇ ਮਾਰਕਿਟ ਕਮੇਟੀ ਦੇ ਸੈਕਟਰੀ ਹਰਜੀਤ ਸਿੰਘ ਖਹਿਰਾ, ਅੰਮ੍ਰਿਤਪਾਲ ਸਿੰਘ ਮੰਡੀ ਸੁਪਰਵਾਈਜ਼ਰ, ਡਾ. ਨਵਦੀਪ ਸ਼ਰਮਾ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਅੱਜ ਬਾਘਾ ਪੁਰਾਣਾ ਤੋਂ 40 ਤੋਂ ਵਧੇਰੇ ਯਾਤਰੀਆਂ ਦੀ ਵਿਸ਼ੇਸ਼ ਬੱਸ ਨੂੰ ਨੈਣਾ ਦੇਵੀ ਲਈ ਰਵਾਨਾ ਕਰ ਦਿੱਤਾ ਗਿਆ ਹੈ, ਜੋ ਸ੍ਰੀ ਆਨੰਦਪੁਰ ਸਾਹਿਬ ਅਤੇ ਤਲਵੰਡੀ ਸਾਬੋ ਲਈ ਰਵਾਨਾ ਕੀਤੀ ਗਈ ਹੈ। ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ‘ਮੁੱਖ ਮੰਤਰੀ ਤੀਰਥ ਯਾਤਰਾ ਸਕੀਮ‘ ਤਹਿਤ ਆਮ ਲੋਕਾਂ ਲਈ ਅਤਿ ਸਹਾਈ ਸਿੱਧ ਹੋ ਰਹੀ ਹੈ। ਪੰਜਾਬ ਸਰਕਾਰ ਵੱਲੋਂ ਸਿੱਖਾਂ ਦੀ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ 27 ਨਵੰਬਰ ਨੂੰ ਇਸ ਸਕੀਮ’ ਦੀ ਸ਼ੁਰੂਆਤ ਕੀਤੀ ਗਈ ਹੈ।
ਜ਼ਿਲ੍ਹਾ ਮੋਗਾ ਨਾਲ ਸਬੰਧਤ ਸ਼ਰਧਾਲੂ ਉਕਤ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਟਰਾਂਸਪੋਰਟ ਵਿਭਾਗ ਦੀ ਵੈੱਬਸਾਈਟ ਤੋਂ ਫਾਰਮ ਡਾਊਨਲੋਡ ਕਰ ਕੇ ਆਪਣੇ ਹਲਕੇ ਦੇ ਵਿਧਾਇਕ ਜਾਂ ਐੱਸ. ਡੀ. ਐੱਮ. ਦਫ਼ਤਰ ਵਿਖੇ ਜਮ੍ਹਾ ਕਰਵਾ ਸਕਦੇ ਹਨ। ਹਰੇਕ ਯਾਤਰੀ ਲਈ ਆਪਣੀ ਅਗਾਊਂ ਰਜਿਸਟ੍ਰੇਸ਼ਨ ਕਰਵਾਉਣੀ ਲਾਜ਼ਮੀ ਹੈ। ਬੱਸਾਂ ਵਿਚ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਯਾਤਰੀਆਂ ਨੂੰ ਹਰ ਸੰਭਵ ਸੁਵਿਧਾ ਦਿੱਤੀ ਜਾਵੇਗੀ। ਮਹੱਤਵਪੂਰਨ ਇਤਿਹਾਸਕ ਧਾਰਮਿਕ ਸਥਾਨਾਂ ’ਤੇ ਮੱਥਾ ਟੇਕਣ ਦਾ ਅਜਿਹਾ ਮੌਕਾ ਮਿਲਣ ’ਤੇ ਸ਼ਰਧਾਲੂਆਂ ਨੇ ਬਹੁਤ ਖੁਸ਼ੀ ਅਤੇ ਆਤਮਿਕ ਸੰਤੁਸ਼ਟੀ ਪ੍ਰਗਟਾਈ। ਸ਼ਰਧਾਲੂਆਂ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਇਹ ਉਪਰਾਲਾ ਸ਼ਲਾਘਾਯੋਗ ਹੈ ਜੋ ਉਨ੍ਹਾਂ ਸਾਰੇ ਲੋਕਾਂ ਲਈ ਸਹਾਈ ਹੋਵੇਗਾ ਜੋ ਇਨ੍ਹਾਂ ਧਾਰਮਿਕ ਸਥਾਨਾਂ ’ਤੇ ਜਾਣਾ ਚਾਹੁੰਦੇ ਸਨ ਪਰ ਕਿਸੇ ਨਾ ਕਿਸੇ ਕਾਰਨ ਕਰ ਕੇ ਨਹੀਂ ਸਨ ਜਾ ਸਕੇ।