ਪੰਜਾਬ 'ਚ ਫਿਰ ਚੱਲੇਗੀ ਪਾਣੀ ਵਾਲੀ ਬੱਸ! ਸਰਕਾਰ ਨੇ ਖਿੱਚ ਲਈ ਪੂਰੀ ਤਿਆਰੀ
Monday, Jan 20, 2025 - 11:50 AM (IST)
ਚੰਡੀਗੜ੍ਹ (ਵੈੱਬ ਡੈਸਕ, ਰਮਨਜੀਤ) : ਪੰਜਾਬ 'ਚ ਜਲਦੀ ਹੀ ਪਾਣੀ ਅੰਦਰ ਬੱਸ ਚੱਲਾਈ ਜਾਵੇਗੀ। ਇਸ ਦੇ ਲਈ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਅਮਲ ਸ਼ੁਰੂ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਰਣਜੀਤ ਸਾਗਰ ਝੀਲ 'ਚ ਜਲ ਬੱਸ ਚਲਾਉਣ ਨੂੰ ਲੈ ਕੇ ਇਕ ਉੱਚ ਪੱਧਰੀ ਮੀਟਿੰਗ ਹੋਈ ਸੀ। ਇਸ ਮੀਟਿੰਗ ਦੌਰਾਨ ਜਲ ਬੱਸ ਚਲਾਏ ਜਾਣ ਨੂੰ ਲੈ ਕੇ ਹਰੀ ਝੰਡੀ ਦੇ ਦਿੱਤੀ ਗਈ। ਹੁਣ ਸੈਰ-ਸਪਾਟਾ ਵਿਭਾਗ ਨੇ ਹਰੀਕੇ ਵਿਖੇ ਖੜ੍ਹੀ ਜਲ ਬੱਸ ਦੀ ਚੈਕਿੰਗ ਕਰਵਾਈ ਹੈ। ਇਸ ਜਲ ਬੱਸ ਨੂੰ ਰਣਜੀਤ ਸਾਗਰ ਝੀਲ 'ਚ ਚਲਾਏ ਜਾਣ ਤੋਂ ਪਹਿਲਾਂ ਜੰਗਲਾਤ ਵਿਭਾਗ ਤੋਂ ਵੀ ਸਲਾਹ ਲਈ ਜਾ ਸਕਦੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਦੇ ਖਜ਼ਾਨੇ 'ਚੋਂ ਖ਼ਰਚ ਕੀਤੀ ਕਰੋੜਾਂ ਰੁਪਏ ਦੀ ਰਾਸ਼ੀ ਨਾਲ ਖ਼ਰੀਦੀ ਜਲ ਬੱਸ ਕੰਡਮ ਹੋਣ ਲੱਗ ਪਈ ਸੀ। ਇਸ ਦਾ ਮੁੜ ਫਿੱਟਨੈੱਸ ਸਰਟੀਫਿਕੇਟ ਮਿਲਣ 'ਤੇ ਜਲ ਬੱਸ ਨੂੰ ਚਲਾਇਆ ਜਾਵੇਗਾ ਅਤੇ ਇਸ ਬਾਰੇ ਕੁੱਝ ਰਸਮੀਂ ਪ੍ਰਕਿਰਿਆ ਪੂਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ 2 ਦਿਨ ਮੀਂਹ ਨਾਲ ਪੈਣਗੇ ਗੜ੍ਹੇ! ਮੌਸਮ ਵਿਭਾਗ ਨੇ ਜਾਰੀ ਕੀਤੀ ਚਿਤਾਵਨੀ
ਸੁਖਬੀਰ ਬਾਦਲ ਨੇ ਕੀਤਾ ਸੀ ਐਲਾਨ
ਦੱਸਣਯੋਗ ਹੈ ਕਿ ਤਤਕਾਲੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਜਨਵਰੀ 2015 'ਚ ਬਠਿੰਡਾ 'ਚ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੀ ਹਾਜ਼ਰੀ 'ਚ ਐਲਾਨ ਕੀਤਾ ਸੀ ਕਿ ਪੰਜਾਬ ਸਰਕਾਰ ਪਾਣੀ 'ਚ ਬੱਸਾਂ ਚਲਾਵੇਗੀ ਪਰ ਉਸ ਸਮੇਂ ਵਿਰੋਧੀ ਧਿਰਾਂ ਨੇ ਇਸ ਐਲਾਨ ਦਾ ਮਜ਼ਾਕ ਉਡਾਇਆ ਸੀ। ਉਸ ਸਮੇਂ ਹਰੀਕੇ ਵੈੱਟਲੈਂਡ 'ਚ ਦਸੰਬਰ 2016 ਨੂੰ ਜਲ ਬੱਸ ਚਲਾਈ ਗਈ ਸੀ। ਉਸ ਵੇਲੇ ਬਿਨਾਂ ਫ਼ਿਜ਼ੀਬਿਲਟੀ ਦੇਖੇ ਹੀ ਜਲ ਬੱਸ ਚਲਾ ਦਿੱਤੀ ਗਈ ਸੀ ਅਤੇ 800 ਰੁਪਏ ਟਿਕਟ ਰੱਖੀ ਗਈ ਸੀ। ਇਹ ਬੱਸ 10 ਦਿਨਾਂ ਤੱਕ ਚੱਲੀ ਅਤੇ ਇਸ ਤੋਂ 6600 ਰੁਪਏ ਦੀ ਕਮਾਈ ਹੋਈ ਸੀ।
ਇਹ ਵੀ ਪੜ੍ਹੋ : PGI 'ਚ ਮਰੀਜ਼ਾਂ ਨਾਲ ਖੁੱਲ੍ਹੀ ਲੁੱਟ, ਡਾਇਰੈਕਟਰ ਨੂੰ ਭੇਜੀ ਗਈ ਸ਼ਿਕਾਇਤ
32 ਸੈਲਾਨੀ ਬੈਠ ਸਕਦੇ ਸਨ
ਜਲ ਬੱਸ ਅੰਦਰ 32 ਸੈਲਾਨੀ ਬੈਠ ਸਕਦੇ ਸਨ। ਇਸ ਮਗਰੋਂ ਜਲ ਬੱਸ ਹਰੀਕੇ 'ਚ ਹੀ ਤਾਲੇ ਅੰਦਰ ਬੰਦ ਸੀ। ਕਾਂਗਰਸ ਸਰਕਾਰ ਵੇਲੇ ਤਤਕਾਲੀ ਸੈਰ-ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਐਲਾਨ ਕੀਤਾ ਸੀ ਕਿ ਇਸ ਜਲ ਬੱਸ ਨੂੰ ਨਿਲਾਮ ਕੀਤਾ ਜਾਵੇਗਾ ਅਤੇ ਇਸ ਦੀ ਥਾਂ ਹਰੀਕੇ ਜਲਗਾਹ 'ਚ ਕਸ਼ਮੀਰ ਦੀ ਤਰਜ਼ 'ਤੇ ਸ਼ਿਕਾਰੋ ਚਲਾਏ ਜਾਣਗੇ। ਸੂਤਰਾਂ ਮੁਤਾਬਕ ਸਾਲਾਂ ਤੋਂ ਤਾਲੇ ਅੰਦਰ ਬੰਦ ਖੜ੍ਹੀ ਬੱਸ ਨੂੰ ਜੰਗਾਲ ਪੈ ਰਿਹਾ ਹੈ। ਹੁਣ ਮੌਜੂਦਾ ਸਰਕਾਰ ਨੇ ਇਸ ਪ੍ਰਾਜੈਕਟ ਨੂੰ ਨਵੇਂ ਸਿਰਿਓਂ ਉਲੀਕਿਆ ਹੈ। ਇਸ ਨੂੰ ਹੁਣ ਰਣਜੀਤ ਸਾਗਰ ਝੀਲ 'ਚ ਚਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਟਰਾਂਸਪੋਰਟ ਵਿਭਾਗ ਤੋਂ ਜਲ ਬੱਸ ਦਾ ਫਿੱਟਨੈੱਸ ਸਰਟੀਫਿਕੇਟ ਲੈਣ ਮਗਰੋਂ ਜੰਗਲਾਤ ਵਿਭਾਗ ਤੋਂ ਵਾਤਾਵਰਣ ਕਲੀਅਰੈਂਸ ਲਈ ਜਾਵੇਗੀ ਅਤੇ ਫਿਰ ਇਸ ਬੱਸ ਨੂੰ ਚਲਾਇਆ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8