ਦਿਨ ਦਿਹਾੜੇ ਬੱਸ ਸਟੈਂਡ ''ਤੇ ਵਾਪਰੀ ਵੱਡੀ ਵਾਰਦਾਤ, ਅਚਾਨਕ ਜੋ ਹੋਇਆ ਦੇਖ ਸਭ ਦੇ ਉੱਡੇ ਹੋਸ਼
Wednesday, Jan 15, 2025 - 01:32 PM (IST)
ਕੋਟਕਪੂਰਾ (ਨਰਿੰਦਰ ਬੈੜ੍ਹ) : ਸਵੇਰੇ ਇੱਥੇ ਨਵੇਂ ਬੱਸ ਸਟੈਂਡ 'ਤੇ ਵਾਪਰੀ ਇਕ ਲੁੱਟ ਦੀ ਘਟਨਾ ਦੌਰਾਨ ਬੱਸ ਦੀ ਉਡੀਕ ਕਰ ਰਹੀ ਇਕ ਔਰਤ ਤੋਂ ਦੋ ਮੋਟਰਸਾਈਕਲ ਸਵਾਰ ਲੁਟੇਰੇ ਉਸ ਦਾ ਪਰਸ ਖੋਹ ਕੇ ਲੈ ਗਏ। ਇਸ ਪਰਸ ਵਿਚ 6 ਲੱਖ ਰੁਪਏ ਦੀ ਨਗਦੀ, ਪੈਨ ਕਾਰਡ ਅਤੇ ਹੋਰ ਜ਼ਰੂਰੀ ਕਾਗਜ਼ਾਤ ਵੀ ਸਨ। ਉਕਤ ਔਰਤ ਸੁਨੀਤਾ ਰਾਣੀ ਦੇ ਪਤੀ ਵਿਜੇ ਅਰੋੜਾ ਸੇਵਾ ਮੁਕਤ ਬੈਂਕ ਮੈਨੇਜਰ ਨੇ ਦੱਸਿਆ ਕਿ ਉਹ ਆਪਣੀ ਪਤਨੀ ਦੀ ਦਵਾਈ ਲੈਣ ਲਈ ਫੋਰਟਿਸ ਹਸਪਤਾਲ ਮੋਹਾਲੀ ਜਾ ਰਹੇ ਸਨ ਅਤੇ ਉੱਥੇ ਰਾਤ ਰੁਕਣ ਤੋਂ ਬਾਅਦ ਅਗਲੇ ਦਿਨ ਪਟਿਆਲਾ ਜਾਣਾ ਸੀ, ਜਿੱਥੇ ਉਨ੍ਹਾਂ ਨੇ ਖਰੀਦੀ ਗਈ ਇਕ ਜਗ੍ਹਾ ਦੀ ਰਜਿਸਟਰੀ ਕਰਵਾਉਣੀ ਸੀ। ਉਨ੍ਹਾਂ ਦੱਸਿਆ ਕਿ ਉਹ ਆਪਣੀ ਪਤਨੀ ਨੂੰ ਬੱਸ ਸਟੈਂਡ 'ਤੇ ਖੜ੍ਹਾ ਕਰਕੇ ਆਪ ਆਪਣਾ ਸਕੂਟਰ ਘਰ ਛੱਡਣ ਗਏ ਸੀ ਕਿ ਇਸ ਦੌਰਾਨ ਸਾਢੇ ਸੱਤ ਵਜੇ ਦੇ ਕਰੀਬ ਇਹ ਘਟਨਾ ਵਾਪਰ ਗਈ।
ਉਨ੍ਹਾਂ ਦੱਸਿਆ ਕਿ ਦੋ ਮੋਟਰਸਾਈਕਲ ਸਵਾਰ ਲੁਟੇਰੇ ਜਿਨ੍ਹਾਂ ਨੇ ਮੂੰਹ ਬੰਨ੍ਹੇ ਹੋਏ ਸਨ ਆਏ ਅਤੇ ਉਸਦੀ ਪਤਨੀ ਤੋਂ ਪਰਸ ਖੋਹ ਕੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਇਸ ਜੱਦੋ-ਜਹਿਦ ਦੌਰਾਨ ਪਰਸ ਦੀ ਤਣੀ ਉਸਦੀ ਪਤਨੀ ਦੇ ਹੱਥ ਵਿਚ ਰਹਿ ਗਈ ਜਦਕਿ ਬੈਗ ਉਕਤ ਲੁਟੇਰੇ ਖੋਹ ਕੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਬੈਗ ਵਿਚ 6 ਲੱਖ ਰੁਪਏ ਦੇ ਕਰੀਬ ਨਕਦੀ ਤੇ ਕੁੱਝ ਹੋਰ ਜ਼ਰੂਰੀ ਕਾਗਜ਼ਾਤ ਅਤੇ ਸਮਾਨ ਵੀ ਸੀ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਉਹ ਉਕਤ ਔਰਤ ਬਸ ਸਟੈਂਡ ਦੇ ਇਕ ਸਾਈਡ 'ਤੇ ਬੱਸ ਦੀ ਉਡੀਕ ਵਿਚ ਖੜ੍ਹੀ ਸੀ ਅਤੇ ਆਸੇ-ਪਾਸੇ ਹੋਰ ਵੀ ਕਾਫੀ ਸਵਾਰੀਆਂ ਖੜ੍ਹੀਆਂ ਸਨ ਪਰੰਤੂ ਬਿਨਾਂ ਕਿਸੇ ਦੀ ਪਰਵਾਹ ਅਤੇ ਡਰ ਨੂੰ ਮਹਿਸੂਸ ਕੀਤਿਆਂ ਉਕਤ ਲੁਟੇਰੇ ਇਸ ਘਟਨਾ ਨੂੰ ਅੰਜਾਮ ਦੇ ਕੇ ਫਰਾਰ ਹੋਣ ਵਿਚ ਸਫਲ ਰਹੇ।
ਸੇਵਾ ਮੁਕਤ ਮੈਨੇਜਰ ਵਿਜੇ ਅਰੋੜਾ ਨੇ ਮੰਗ ਕੀਤੀ ਹੈ ਕਿ ਉਸ ਨੂੰ ਬਣਦਾ ਇਨਸਾਫ ਦਵਾਇਆ ਜਾਵੇ ਤੇ ਉਸਦੇ ਹੋਏ ਨੁਕਸਾਨ ਵਾਲੀ ਜੋ ਰਕਮ ਹੈ ਵਾਪਸ ਦਵਾਈ ਜਾਵੇ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਿਟੀ ਕੋਟਕਪੂਰਾ ਦੀ ਪੁਲਸ ਪਾਰਟੀ ਮੌਕੇ 'ਤੇ ਪੁੱਜ ਗਈ ਅਤੇ ਸੀ. ਸੀ. ਟੀ. ਵੀ ਕੈਮਰਿਆਂ ਅਤੇ ਹੋਰ ਵੱਖ-ਵੱਖ ਤਰੀਕਿਆਂ ਨਾਲ ਦੋਸ਼ੀ ਵਿਅਕਤੀਆਂ ਨੂੰ ਕਾਬੂ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ।