ਮ੍ਰਿਤਕ ਦੇ ਪਰਿਵਾਰ ਦਾ ਐਲਾਨ ਜਦੋਂ ਤਕ ਨਹੀਂ ਹੁੰਦੀ ਕਾਰਵਾਈ, ਉਦੋਂ ਤਕ ਜਾਰੀ ਰਹੇਗਾ ਧਰਨਾ
Friday, Oct 03, 2025 - 06:22 PM (IST)

ਗੁਰੂਹਰਸਹਾਏ (ਮਨਜੀਤ, ਆਵਲਾ) : ਬੀਤੇ ਦਿਨੀਂ ਬਸਤੀ ਕੇਸਰ ਸਿੰਘ ਵਾਲੀ ਦੇ ਨੌਜਵਾਨ ਅਮਰਜੀਤ ਸਿੰਘ ਜਿਸਦੀ ਪੰਜਾਬ ਰੋਡਵੇਜ਼ ਦੇ ਬੱਸ ਡਰਾਈਵਰ ਅਤੇ ਕੰਡਕਟਰ ਵੱਲੋਂ ਬੁਰੀ ਤਰ੍ਹਾਂ ਨਾਲ ਮਾਰਕੁੱਟ ਕਰਕੇ ਜ਼ਖਮੀ ਕਰਕੇ ਸੜਕ ਉੱਤੇ ਸੁੱਟ ਦਿੱਤਾ ਸੀ। ਇਸ ਤੋਂ ਬਾਅਦ ਉਸ ਉਪਰੋਂ ਇਕ ਕਾਰ ਲੰਘਣ ਕਰਕੇ ਉਸਦੀ ਮੌਤ ਹੋ ਗਈ ਸੀ। ਪੁਲਸ ਪ੍ਰਸ਼ਾਸਨ ਵੱਲੋਂ ਬਸ ਡਰਾਈਵਰ ਅਤੇ ਕੰਡਕਟਰ ਉਪਰ 304/323 ਧਾਰਾ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਸੀ ਪਰ ਪਰਿਵਾਰ ਪੁਲਸ ਵਲੋਂ ਲਗਾਈ ਗਈ ਇਨ੍ਹਾਂ ਧਾਰਾ ਤੋਂ ਖੁਸ਼ ਨਹੀਂ ਹੈ।
ਮ੍ਰਿਤਕ ਨੌਜਵਾਨ ਅਤੇ ਪਰਿਵਾਰ ਨੂੰ ਇਨਸਾਫ ਨਾ ਮਿਲਣ ਕਰਕੇ ਪਰਿਵਾਰ ਵੱਲੋਂ ਇੱਥੇ ਕੱਲ ਤੋਂ ਲਾਈਟਾਂ ਵਾਲੇ ਚੌਂਕ ਵਿਚ ਲਾਸ਼ ਰੱਖ ਕੇ ਧਰਨਾ ਲਗਾਇਆ ਗਿਆ ਅਤੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਜਿੰਨੀ ਦੇਰ ਤੱਕ ਦੋਸ਼ੀਆਂ ਖਿਲਾਫ 302 ਦਾ ਮੁਕੱਦਮਾ ਦਰਜ ਨਹੀਂ ਕੀਤਾ ਜਾਂਦਾ ਉਦੋਂ ਤਕ ਪ੍ਰਦਰਸ਼ਨ ਜਾਰੀ ਰਹੇਗਾ। ਪਰਿਵਾਰ ਉਦੋਂ ਤਕ ਨੌਜਵਾਨ ਦਾ ਅੰਤਿਮ ਸਸਕਾਰ ਨਹੀਂ ਕਰੇਗਾ ਜਦੋਂ ਤਕ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਨਹੀਂ ਹੁੰਦੀ। ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਵੱਲੋਂ ਪਰਿਵਾਰ ਨਾਲ ਧਰਨੇ ਵਿਚ ਸ਼ਾਮਲ ਹੋ ਕੇ ਇਨਸਾਫ ਦੀ ਮੰਗ ਕੀਤੀ ਗਈ।