ਜ਼ੀਰਾ ਵਿਖੇ ਵਾਪਰੇ ਸੜਕ ਹਾਦਸੇ ਦੌਰਾਨ ਵਿਅਕਤੀ ਦੀ ਮੌਤ
Monday, Sep 29, 2025 - 05:25 PM (IST)

ਜ਼ੀਰਾ (ਮਨਜੀਤ ਢਿੱਲੋਂ) : ਜ਼ੀਰਾ ਨੇੜਲੇ ਪਿੰਡ ਫੇਰੋਕੇ ਨਜ਼ਦੀਕ ਜ਼ੀਰਾ-ਫਿਰੋਜ਼ਪੁਰ ਮੁੱਖ ਮਾਰਗ ’ਤੇ ਵਾਪਰੇ ਇੱਕ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਇੱਕ ਵਿਅਕਤੀ ਦੀ ਮੌਤ ਹੋ ਗਈ। ਇਕੱਤਰ ਜਾਣਕਾਰੀ ਅਨੁਸਾਰ ਮ੍ਰਿਤਕ ਵਿਅਕਤੀ ਅਸ਼ਵਨੀ ਮਦਾਨ ਉਰਫ਼ ਬਿੱਟੂ (50) ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਫਿਰੋਜ਼ਪੁਰ ਵੱਲ ਜ਼ੀਰਾ ਤੋਂ ਜਾ ਰਿਹਾ ਸੀ।
ਜਦ ਉਹ ਜ਼ੀਰਾ ਤੋਂ ਥੋੜ੍ਹੀ ਦੂਰ ਪਿੰਡ ਫੇਰੋਕੇ ਨੇੜੇ ਪਹੁੰਚਿਆ ਤਾਂ ਇੱਕ ਟਰੱਕ ਨਾਲ ਉਸ ਦੀ ਟੱਕਰ ਹੋ ਗਈ, ਜਿਸ ਕਾਰਨ ਉਸ ਦੀਆਂ ਦੋਵੇਂ ਲੱਤਾਂ ਟੁੱਟਣ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਸਮਾਜ ਸੇਵੀ ਗੁਰਤੇਜ ਸਿੰਘ ਗਿੱਲ ਤਹਿਸੀਲਦਾਰ, ਹਰਜਿੰਦਰ ਸਿੰਘ ਰਾਜੂ ਅਤੇ ਅਰਮਾਨਦੀਪ ਸਿੰਘ ਵੱਲੋਂ ਜਖ਼ਮੀ ਵਿਅਕਤੀ ਅਸ਼ਵਨੀ ਮਦਾਨ ਨੂੰ ਇਲਾਜ ਲਈ ਸਿਵਲ ਹਸਪਤਾਲ ਜ਼ੀਰਾ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਰਕੇ ਮੌਤ ਹੋ ਗਈ।