ਝੋਨੇ ਦੀ ਬਿਜਾਈ 10 ਜੂਨ ਤੋਂ ਸ਼ੁਰੂ ਕੀਤੀ ਜਾਵੇ : ਭਾਰਤੀ ਕਿਸਾਨ ਯੂਨੀਅਨ ਰਾਜੇਵਾਲ

Monday, May 09, 2022 - 07:16 PM (IST)

ਝੋਨੇ ਦੀ ਬਿਜਾਈ 10 ਜੂਨ ਤੋਂ ਸ਼ੁਰੂ ਕੀਤੀ ਜਾਵੇ : ਭਾਰਤੀ ਕਿਸਾਨ ਯੂਨੀਅਨ ਰਾਜੇਵਾਲ

ਫਿਰੋਜ਼ਪੁਰ (ਕੁਮਾਰ) : ਅੱਜ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਂ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਅੰਮ੍ਰਿਤ ਸਿੰਘ ਨੂੰ ਮੰਗ ਪੱਤਰ ਸੌਂਪਿਆ ਗਿਆ, ਜਿਸ ਵਿੱਚ ਮੰਗ ਕੀਤੀ ਗਈ ਕਿ ਹਰ ਸਾਲ ਦੀ ਤਰ੍ਹਾਂ 10 ਜੂਨ ਤੋਂ ਕਿਸਾਨਾਂ ਨੂੰ ਝੋਨੇ ਦੀ ਫਸਲ ਦੀ ਬਿਜਾਈ ਦੀ ਇਜਾਜ਼ਤ ਦਿੱਤੀ ਜਾਵੇ ਅਤੇ ਸਰਕਾਰ ਝੋਨੇ ਦੀ ਬਿਜਾਈ ਲਈ ਕੈਲੰਡਰ ਨਾਲ ਛੇੜਛਾੜ ਨਾ ਕਰੇ। ਕਿਸਾਨ ਆਗੂਆਂ ਨੇ ਕਿਹਾ ਕਿ ਝੋਨੇ ਲਈ ਕਿਸਾਨਾਂ ਨੂੰ ਘੱਟੋ-ਘੱਟ 10 ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇ।

ਇਹ ਵੀ ਪੜ੍ਹੋ : ਨਸ਼ੇ ਲਈ ਪੈਸੇ ਨਾ ਮਿਲਣ 'ਤੇ ਕਲਯੁਗੀ ਪੁੱਤ ਨੇ ਕੀਤਾ ਪਿਓ ਦਾ ਕਤਲ

ਕਿਸਾਨ ਯੂਨੀਅਨ ਦਾ ਕਹਿਣਾ ਹੈ ਕਿ ਜੇਕਰ ਸਰਕਾਰੀ ਹੁਕਮਾਂ ਅਨੁਸਾਰ ਝੋਨੇ ਦੀ ਬਿਜਾਈ ਕੀਤੀ ਜਾਂਦੀ ਹੈ ਤਾਂ ਇਹ ਫ਼ਸਲ 15 ਅਕਤੂਬਰ ਤੋਂ 15 ਨਵੰਬਰ ਤੱਕ ਮੰਡੀਆਂ ਵਿੱਚ ਆ ਜਾਵੇਗੀ, ਜਿਸ ਕਾਰਨ ਆਲੂ ਤੇ ਮਟਰਾਂ ਦੀ ਬਿਜਾਈ ਪੱਛੜ ਜਾਵੇਗੀ ਤੇ ਕਣਕ ਦੀ ਬਿਜਾਈ ਵੀ ਦਸੰਬਰ ਤੱਕ ਚਲੀ ਜਾਵੇਗੀ, ਜਿਸ ਨਾਲ ਮਾਰਚ ਮਹੀਨੇ ਗਲੋਬਲ ਵਾਰਮਿੰਗ ਕਾਰਨ ਫਿਰ ਕਣਕ ਦਾ ਝਾੜ ਘੱਟ ਹੋਵੇਗਾ। ਯੂਨੀਅਨ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਇਸ ਵਾਰ ਪੰਜਾਬ ਵਿੱਚ ਨਰਮੇ ਤੇ ਕਣਕ ਦੀਆਂ ਫਸਲਾਂ ਨੂੰ ਭਾਰੀ ਨੁਕਸਾਨ ਲਈ ਕਿਸਾਨਾਂ ਨੂੰ 15 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ ਅਤੇ ਗੰਨੇ ਦੀ ਫਸਲ ਨੂੰ ਲੈ ਕੇ ਪੰਜਾਬ ਦੇ ਕਿਸਾਨਾਂ ਦਾ ਕਰੀਬ 900 ਕਰੋੜ ਰੁਪਏ ਦਾ ਬਕਾਇਆ ਖੰਡ ਮਿੱਲਾਂ ਵੱਲ ਖੜ੍ਹਾ ਹੈ, ਇਸ ਲਈ ਸਰਕਾਰ ਤੁਰੰਤ ਇਹ ਸਾਰੀ ਰਕਮ ਖੰਡ ਮਿੱਲਾਂ ਤੋਂ ਵਿਆਜ ਸਮੇਤ ਲੈ ਕੇ ਕਿਸਾਨਾਂ ਨੂੰ ਦਿਵਾਏ।

ਇਹ ਵੀ ਪੜ੍ਹੋ : ‘ਆਪ’ ਵਿਧਾਇਕ ਡਾ. ਨਿੱਝਰ ਨੂੰ ਮਿਲੀ ਸਿੱਖ ਸੰਸਥਾ ਚੀਫ਼ ਖਾਲਸਾ ਦੀਵਾਨ ਦੀ ਜ਼ਿੰਮੇਵਾਰੀ

ਉਨ੍ਹਾਂ ਕਿਹਾ ਕਿ ਦੁੱਧ ਪੈਦਾ ਕਰਨ ਦੇ ਖਰਚੇ ਤੇਜ਼ੀ ਨਾਲ ਵਧ ਰਹੇ ਹਨ, ਜਿਸ ਕਾਰਨ ਡੇਅਰੀ ਫਾਰਮਰ ਬਹੁਤ ਵੱਡਾ ਨੁਕਸਾਨ ਝੱਲ ਰਹੇ ਹਨ ਅਤੇ ਇਸ ਧੰਦੇ ਨੂੰ ਬਚਾਉਣ ਲਈ ਪੰਜਾਬ ਸਰਕਾਰ ਨੂੰ ਦੁੱਧ ਦੇ ਰੇਟ ਵਧਾਉਣ ਲਈ ਵਿਗਿਆਨਕ ਫਾਰਮੂਲਾ ਬਣਾ ਕੇ ਦੁੱਧ ਦੇ ਰੇਟ ਨਵੇਂ ਸਿਰੇ ਤੋਂ ਤੈਅ ਕਰਨੇ ਚਾਹੀਦੇ ਹਨ।


author

Mukesh

Content Editor

Related News