ਕਰੋੜਾਂ ਰੁਪਏ ਮੁੱਲ ਦੇ ਨਕਲੀ ਮਾਰਕੇ ਵਾਲੇ ਬੂਟਾਂ ਦੇ 12 ਟਰੱਕਾਂ ਸਮੇਤ ਦਿੱਲੀ ਕੰਪਨੀ ਦਾ ਮਾਲਕ ਗ੍ਰਿਫ਼ਤਾਰ

07/27/2022 6:02:43 PM

ਮਾਲੇਰਕੋਟਲਾ(ਸ਼ਹਾਬੂਦੀਨ/ਜ਼ਹੂਰ/ਯਾਸੀਨ) : ਬੂਟ ਬਣਾਉਣ ਵਾਲੀ ਮਾਲੇਰਕੋਟਲਾ ਦੀ ਵਿਸ਼ਵ ਪ੍ਰਸਿੱਧ ਕੰਪਨੀ ਸਟਾਰ ਇੰਪੈਕਟ ਲਿਮਟਡ ਦਾ ਮਾਰਕਾ ਸੇਗਾ ਲਗਾ ਕੇ ਨਕਲੀ ਬੂਟ ਵੇਚਣ ਦਾ ਪਿਛਲੇ ਕਈ ਸਾਲਾਂ ਤੋਂ ਕੰਮ ਕਰਦੇ ਆ ਰਹੇ ਦਿੱਲੀ ਦੇ ਇੱਕ ਵਿਅਕਤੀ ਨੂੰ ਮਾਲੇਰਕੋਟਲਾ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਉਸਦੇ ਕਬਜ਼ੇ ‘ਚੋਂ ਕਰੋੜਾਂ ਰੁਪਏ ਦੀ ਕੀਮਤ ਦੇ ਸੇਗਾ ਮਾਰਕਾ ਵਾਲੇ ਨਕਲੀ ਬੂਟਾਂ ਦੀ ਖੇਪ ਬਰਾਮਦ ਕੀਤੀ ਹੈ। ਜਿਸ ਸਬੰਧੀ ਅੱਜ ਐੱਸ.ਪੀ. ਮਾਲੇਰਕੋਟਲਾ ਜਗਦੀਸ਼ ਬਿਸ਼ਨੋਈ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਮਾਲੇਰਕੋਟਲਾ ਸਥਿਤ ਸਟਾਰ ਇੰਪੈਕਟ ਕੰਪਨੀ ਦੇ ਜਨਰਲ ਮੈਨੇਜਰ ਯੂਨਸ਼ ਮੁਹੰਮਦ ਨੇ ਐੱਸ.ਐੱਸ.ਪੀ. ਮਾਲੇਰਕੋਟਲਾ ਨੂੰ ਕੀਤੀ ਸ਼ਿਕਾਇਤ ‘ਚ ਦੱਸਿਆ ਸੀ ਕਿ ਨਵੀਂ ਦਿੱਲੀ ਦਾ ਵਸਨੀਕ ਇੱਕ ਵਿਅਕਤੀ ਆਪਣੇ ਹੋਰ ਸਾਥੀਆਂ ਨਾਲ ਮਿਲਕੇ ਸਾਡੀ ਕੰਪਨੀ ਦੇ ਰਜਿਸਟਰਡ ਸੇਗਾ ਮਾਰਕਾ ਵਾਲੇ ਨਕਲੀ ਬੂਟ ਆਪਣੇ ਪੱਧਰ ‘ਤੇ ਤਿਆਰ ਕਰਕੇ ਮਾਰਕੀਟ ‘ਚ ਵੇਚਦਾ ਆ ਰਿਹਾ ਹੈ।ਜਿਸ ਨਾਲ ਸਾਡੀ ਕੰਪਨੀ ਨੂੰ ਜਿਥੇ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਉਥੇ ਹੀ ਟੈਕਸ ਚੋਰੀ ਹੋਣ ਨਾਲ ਸਰਕਾਰ ਦੇ ਖਜ਼ਾਨੇ ਨੂੰ ਵੀ ਕਰੋੜਾਂ ਰੁਪਏ ਦਾ ਚੂੰਨਾਂ ਲੱਗ ਰਿਹਾ ਹੈ।

ਇਹ ਵੀ ਪੜ੍ਹੋ- ਟਾਸਕ ਫੋਰਸ ਟੀਮ ਨੇ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਕਾਰਵਾਈ, 2 ਲੜਕੀਆਂ ਨੂੰ ਬਾਲ ਮਜ਼ਦੂਰੀ ਤੋਂ ਕਰਵਾਇਆ ਆਜ਼ਾਦ

ਐੱਸ.ਐੱਸ.ਪੀ. ਸਾਹਿਬ ਵੱਲੋਂ ਜਾਰੀ ਕੀਤੇ ਗਏ ਹੁਕਮਾਂ ‘ਤੇ ਕਾਰਵਾਈ ਕਰਦੇ ਹੋਏ ਸਥਾਨਕ ਪੁਲਸ ਨੇ ਨਵੀਂ ਦਿੱਲੀ ਦੇ ਸੈਕਟਰ 7 ਰੋਹਨੀ ਤੋਂ ਵਿਸ਼ੇਸ ਕਟਾਰੀਆਂ ਪੁੱਤਰ ਅਸ਼ੋਕ ਕਟਾਰੀਆ ਨਾਮ ਦੇ ਇੱਕ ਵਿਅਕਤੀ ਨੂੰ ਸੇਗਾ ਮਾਰਕਾ ਵਾਲੇ ਜ਼ਾਅਲੀ ਬੂਟਾਂ ਸਮੇਤ ਗ੍ਰਿਫ਼ਤਾਰ ਕਰਨ ਉਪਰੰਤ ਮਾਲੇਰਕੋਟਲਾ ਅਦਾਲਤ ‘ਚ ਪੇਸ਼ ਕਰਕੇ ਉਸਦਾ ਪੁਲਸ ਰਿਮਾਂਡ ਹਾਸਲ ਕੀਤਾ ਸੀ। ਰਿਮਾਂਡ ਦੌਰਾਨ ਕੀਤੀ ਗਈ ਮੁੱਢਲੀ ਪੁੱਛ-ਗਿੱਛ ਦੇ ਆਧਾਰ ‘ਤੇ ਜਦੋਂ ਮਾਲੇਰਕੋਟਲਾ ਪੁਲਸ ਨੇ ਨਵੀਂ ਦਿੱਲੀ ਵਿਖੇ ਦੋਸ਼ੀ ਵਿਸ਼ੇਸ ਕਟਾਰੀਆਂ ਵੱਲੋਂ ਦਿੱਤੇ ਗਏ ਪਤੇ ‘ਤੇ ਛਾਪਾ ਮਾਰਿਆਂ ਤਾਂ ਉਕਤ ਜਗ੍ਹਾ ਤੋਂ ਸਟਾਰ ਇੰਪੈਕਟ ਕੰਪਨੀ ਦੇ ਰਜਿਸਟਰਡ ਮਾਰਕੇ ਵਾਲੇ ਤਿਆਰ ਕੀਤੇ ਹੋਏ ਯੋਗਰ ਜ਼ਾਅਲੀ ਬੂਟਾਂ ਦੇ ਵੱਡੇ ਭੰਡਾਰ ਸਮੇਤ ਬੂਟਾਂ ਦੇ ਈਵਾ ਸੂਲ, ਸੇਗਾ ਬੂਟ ਸਕਰੀਨਾਂ, ਸਟਿੱਕਰ, ਸਲਿੱਪ ਪੈਡ, ਲੋਗੋ, ਡਲਿਵਰੀ ਚਲਾਨ, ਸੇਗਾ ਕੰਪਨੀ ਦੇ ਆਨਲਾਇਨ ਬਿਲ ਮਲਟੀ ਮੀਡੀਆ 32 ਪੋਸਟਲ ਅਤੇ ਬੂਟ ਤਿਆਰ ਕਰਨ ਵਾਲੀਆਂ ਡਾਈਆਂ (ਸਾਂਚੇ) ਦੇ ਨਾਲ-ਨਾਲ ਹੋਰ ਵੀ ਕਾਫ਼ੀ ਸਾਮਾਨ ਬਰਾਮਦ ਹੋਇਆ ਸੀ।

ਇਹ ਵੀ ਪੜ੍ਹੋ- ਸਿੱਧੂ ਮੂਸੇਵਾਲਾ ਕਤਲਕਾਂਡ : ਮਾਨਸਾ ਪੁਲਸ ਨੂੰ ਫਿਰ ਮਿਲਿਆ 3 ਸ਼ਾਰਪ ਸ਼ੂਟਰਾਂ ਦਾ ਰਿਮਾਂਡ

ਐੱਸ.ਪੀ. ਬਿਸ਼ਨੋਈ ਨੇ ਅੱਗੇ ਦੱਸਿਆ ਕਿ ਦੋਸ਼ੀ ਕਟਾਰੀਆਂ ਵੱਲੋਂ ਕੀਤੀ ਗਈ ਨਿਸ਼ਾਨਦੇਹੀ ‘ਤੇ ਲੰਘੇ ਦਿਨੀ 26 ਜੁਲਾਈ ਨੂੰ ਇਸ ਦੇ ਦਿੱਲੀ ਸਥਿਤ ਗਡਾਉਣ ‘ਚੋਂ ਪੁਲਸ ਨੇ ਸਟੱਡ 7700 ਪੀਸ, ਯੋਗਰ ਬੂਟ 9620 ਪੀਸ, ਚੱਪਲਾਂ 595 ਪੀਸ ਆਦਿ ਵੀ ਬਰਾਮਦ ਕੀਤੇ। ਦੋਸ਼ੀ ਵਿਸ਼ੇਸ ਕਟਾਰੀਆਂ ਦੇ ਕਬਜ਼ੇ ‘ਚੋਂ ਬਰਾਮਦ ਕੀਤੇ ਗਏ ਕੁੱਲ ਸਾਮਾਨ ਦੀ ਕੀਮਤ 2 ਕਰੋੜ ਰੁਪਏ ਬਣਦੀ ਹੈ। ਐੱਸ.ਪੀ. ਬਿਸ਼ਨੋਈ ਨੇ ਦੱਸਿਆ ਕਿ ਇਸ ਮਾਮਲੇ ‘ਚ ਵਿਸ਼ੇਸ ਕਟਾਰੀਆ ਪੁੱਤਰ ਅਸ਼ੋਕ ਕਟਾਰੀਆ ਵਾਸੀ ਨਾਰਥ ਵੈਸਟ 4/9 ਸੈਕਟਰ 7 ਰੋਹਨੀ ਨਵੀਂ ਦਿੱਲੀ ਅਤੇ ਇਸ ਜਾਅਲੀ ਕਾਰੋਬਾਰ ‘ਚ ਵਿਸ਼ੇਸ ਕਟਾਰੀਆ ਦਾ ਸਾਥ ਦੇ ਰਹੀ ਇਸ ਦੀ ਭੈਣ ਗੁਲਿਆਨੀ ਪੁੱਤਰੀ ਅਸ਼ੋਕ ਕਟਾਰੀਆ ਵਾਸੀ ਇੰਡਸਟਰੀ ਏਰੀਆ ਨਾਰਥ ਵੈਸਟ ਦਿੱਲੀ ਦੇ ਖ਼ਿਲਾਫ਼ ਧਾਰਾ 420, 467, 468, 471, 120-ਬੀ ਆਈ.ਪੀ.ਸੀ. ਸੈਕਸ਼ਨ 63 ਕਾਪੀ ਰਾਈਟ ਐਕਟ 1957 ਤਹਿਤ ਥਾਣਾ ਸਿਟੀ-1 ਮਾਲੇਰਕੋਟਲਾ ਵਿਖੇ ਮੁਕੱਦਮਾ ਨੰਬਰ 159 ਦਰਜ ਕਰਕੇ ਅਗਲੀ ਜਾਂਚ ਕੀਤੀ ਜਾ ਰਹੀ ਹੈ। ਜਿੰਨ੍ਹਾਂ ਤੋਂ ਜਾਂਚ ਦੌਰਾਨ ਹੋਰ ਵੀ ਵੱਡੇ ਖੁਲਾਸੇ ਸਾਹਮਣੇ ਆਉਣ ਦੀ ਸੰਭਾਵਨਾਂ ਹੈ। ਪੁਲਸ ਨੇ ਦੱਸਿਆ ਕਿ ਦੋਸ਼ੀ ਵਿਸ਼ੇਸ ਕਟਾਰੀਆਂ ਨੂੰ ਜਿੱਥੇ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਉੱਥੇ ਉਸਦੀ ਭੈਣ ਗੁਲਿਆਨੀ ਦੀ ਗ੍ਰਿਫ਼ਤਾਰੀ ਹਾਲੇ ਬਾਕੀ ਰਹਿੰਦੀ ਹੈ। ਜਿਸਨੂੰ ਵੀ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Simran Bhutto

Content Editor

Related News