ਮਾਮਲਾ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ ਦਾ, ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ
Thursday, Oct 14, 2021 - 11:19 AM (IST)

ਤਲਵੰਡੀ ਸਾਬੋ (ਮੁਨੀਸ਼): ਸਬ-ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਭਾਗੀਵਾਂਦਰ ਵਿਖੇ ਕਰੀਬ ਤਿੰਨ ਮਹੀਨੇ ਪਹਿਲਾਂ ਨਸ਼ੇ ਦੀ ਓਵਰਡੋਜ਼ ਨਾਲ ਹੋਈ ਨੌਜਵਾਨ ਦੀ ਮੌਤ ਦੇ ਮਾਮਲੇ ’ਚ ਤਲਵੰਡੀ ਸਾਬੋ ਪੁਲਸ ਨੇ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਦੱਸਣਾ ਬਣਦਾ ਹੈ ਕਿ ਪਿੰਡ ਭਾਗੀਵਾਂਦਰ ਦੇ ਨੌਜਵਾਨ ਪਰਦੀਪ ਸਿੰਘ ਪੁੱਤਰ ਜਗਸੀਰ ਸਿੰਘ ਵਾਸੀ ਭਾਗੀਵਾਂਦਰ ਆਪਣੀ ਵਿਧਵਾ ਮਾਤਾ ਦਾ ਇਕੱਲਾ ਹੀ ਕਮਾਊ ਪੁੱਤਰ ਸੀ ਜਦੋਂ ਕਿ ਮ੍ਰਿਤਕ ਦਾ ਇਕ ਭਰਾ ਵੀ ਹੈ ਜੋ ਨਾਨਕੇ ਰਹਿੰਦਾ ਸੀ, ਮ੍ਰਿਤਕ ਦੀ ਮਾਤਾ ਨੇ ਉਸ ਦੇ ਪੁੱਤਰ ਦੇ ਨਸ਼ੇ ਦਾ ਟੀਕਾ ਲਗਾ ਕੇ ਮਾਰਨ ਦੇ ਦੋਸ਼ ਲਗਾਏ ਹਨ। ਭਾਵੇਂ ਕਿ ਉਸ ਸਮੇਂ ਪੁਲਸ ਨੇ 174 ਦੀ ਕਾਰਵਾਈ ਕਰ ਕੇ ਲਾਸ਼ ਮ੍ਰਿਤਕ ਦੇ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ ਪਰ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰਨ ਲਈ ਧਰਨਾ ਵੀ ਲਗਾ ਦਿੱਤਾ ਸੀ, ਜਿਸ ’ਤੇ ਪੁਲਸ ਨੇ ਜਾਂਚ ਕਰ ਕੇ ਮਾਮਲਾ ਦਰਜ ਕਰਨ ਦਾ ਭਰੋਸਾ ਦਿੱਤਾ ਹੈ।
ਹੁਣ ਥਾਣਾ ਤਲਵੰਡੀ ਸਾਬੋ ਦੀ ਪੁਲਸ ਕੋਲ ਮ੍ਰਿਤਕ ਨੌਜਵਾਨ ਦੇ ਚਾਚੇ ਲਛਮਣ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਭਾਗੀਵਾਂਦਰ ਨੇ ਦਰਜ ਕਰਵਾਏ ਬਿਆਨ ’ਚ ਕਿਹਾ ਕਿ 18 ਜੁਲਾਈ 2021 ਨੂੰ ਉਸ ਦੇ ਭਤੀਜੇ ਕੁਲਦੀਪ ਸਿੰਘ ਦੀ ਚਿੱਟੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਸੀ ਉਸ ਦੀ ਲਾਸ਼ ਪਿੰਡ ਭਾਗੀਵਾਂਦਰ ਦੇ ਸਪਰਨ ਸਿੰਘ ਦੇ ਘਰੋਂ ਮਿਲੀ ਸੀ। ਉਨ੍ਹਾਂ ਨੇ ਬਿਆਨਾਂ ਵਿਚ ਦੋਸ਼ ਲਾਇਆ ਕਿ ਸਪਰਨ ਸਿੰਘ ਨੇ ਉਸ ਦੇ ਭਤੀਜੇ ਨੂੰ ਚਿੱਟੇ ਦੀ ਜ਼ਿਆਦਾ ਡੋਜ਼ ਦੇ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ ਥਾਣਾ ਤਲਵੰਡੀ ਸਾਬੋ ਪੁਲਸ ਨੇ ਸਪਰਨ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।