ਸਿੱਖਿਆਰਥੀਆਂ ਲਈ ਮਾਨਸਿਕ ਰੋਗ ਬਣੀ ਆਨਲਾਈਨ ਸਿੱਖਿਆ; ਪੜਾਅਵਾਰ ਸਕੂਲ ਖੋਲਣ ਦੀ ਕੀਤੀ ਗਈ ਮੰਗ
Saturday, Jun 27, 2020 - 11:41 AM (IST)
ਸੰਗਰੂਰ (ਵਿਜੈ ਕੁਮਾਰ ਸਿੰਗਲਾ): ਡੈਮੋਕਰੇਟਿਕ ਟੀਚਰਜ਼ ਫਰੰਟ ਦੀ ਜ਼ਿਲ੍ਹਾ ਕਮੇਟੀ ਦੇ ਵਫ਼ਦ ਵਲੋਂ ਸਿੱਖਣ ਸਿਖਾਉਣ ਦੇ ਅਸਲ ਮਨੋਰਥ ਤੋਂ ਵਿਦਿਆਰਥੀਆਂ ਨੂੰ ਦੂਰ ਕਰ ਰਹੀ ਆਨਲਾਈਨ ਸਿੱਖਿਆ ਦੀ ਬਜਾਏ ਸਕੂਲਾਂ ਨੂੰ ਪੜਾਅਵਾਰ ਖੋਲ੍ਹਣ ਸਮੇਤ ਹੋਰ ਅਧਿਆਪਕ ਮੰਗਾਂ ਦੇ ਹੱਲ ਲਈ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਰਾਹੀਂ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਭੇਜਿਆ ਗਿਆ।ਮੰਗ ਪੱਤਰ ਦੇਣ ਉਪਰੰਤ ਡੀ.ਟੀ.ਐੱਫ. ਦੀ ਜ਼ਿਲ੍ਹਾ ਕਮੇਟੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਕਨਵੀਨਰ ਕੁਲਦੀਪ ਸਿੰਘ, ਜ਼ਿਲ੍ਹਾ ਆਗੂ ਮੇਘਰਾਜ ਅਤੇ ਸੂਬਾ ਮੀਤ ਪ੍ਰਧਾਨ ਰਾਜੀਵ ਬਰਨਾਲਾ ਨੇ ਕਿਹਾ ਕਿ ਸਮੂਹ ਠੇਕਾ ਅਧਾਰਿਤ, ਕੱਚੇ ਤੇ ਸੁਸਾਇਟੀਆਂ ਅਧੀਨ ਅਧਿਆਪਕ ਅਤੇ ਨਾਨ ਟੀਚਿੰਗ ਨੂੰ ਰੈਗੂਲਰ ਕੀਤਾ ਜਾਵੇ, ਵਿਦਿਆਰਥੀਆਂ ਨੂੰ ਮਾਨਸਿਕ ਤੇ ਸਰੀਰਕ ਰੋਗੀ ਬਣਾ ਰਹੀ ਆਨਲਾਈਨ ਸਿੱਖਿਆ ਬੰਦ ਕਰਕੇ ਸਕੂਲ ਢੁੱਕਵੇਂ ਢੰਗ ਨਾਲ ਪੜਾਅਵਾਰ ਖੋਲ੍ਹਿਆ ਜਾਵੇ, ਸਾਰੀਆਂ ਜਮਾਤਾਂ ਦੇ ਸਿਲੇਬਸ ਤਰਕਸੰਗਤ ਢੰਗ ਨਾਲ ਘਟਾਏ ਜਾਣ ਤੇ ਪੈਡਿਗ ਕਿਤਾਬਾਂ ਸਕੂਲ ਤੱਕ ਪੁੱਜਦੀਆਂ ਕੀਤੀਆਂ ਜਾਣ।
ਉਨ੍ਹਾਂ ਕਿਹਾ ਕਿ ਮੰਗਾਂ ਦੇ ਠੋਸ ਹੱਲ ਨਾ ਹੋਣ ਦੀ ਸੂਰਤ 'ਚ ਜੁਲਾਈ ਮਹੀਨੇ 'ਚ ਸੂਬਾ ਕਮੇਟੀ ਵਲੋਂ ਸੰਘਰਸ਼ ਦੇ ਦਿੱਤੇ ਕਿਸੇ ਵੀ ਸੱਦੇ ਲਈ ਸਰਗਰਮੀਆਂ ਤੇਜ਼ ਕੀਤੀਆਂ ਜਾਣਗੀਆਂ।ਇਸ ਮੌਕੇ ਅਧਿਆਪਕ ਯੂਨੀਅਨ ਐੱਸ .ਐੱਸ.ਏ/ਰਮਸਾ ਦੇ ਸੂਬਾ ਪ੍ਰਧਾਨ ਹਰਦੀਪ ਟੋਡਰਪੁਰ, ਜਿਲ੍ਹਾ ਆਗੂ ਨਿਰਭੈ ਸਿੰਘ, 6060 ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਰਘਵੀਰ ਸਿੰਘ, 3582 ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਦਲਜੀਤ ਸਫੀਪੁਰ ਅਤੇ ਸੁਖਵਿੰਦਰ ਨੇ ਕਿਹਾ ਕਿ ਸਮੇਤ ਸਾਰੇ ਜਿਲ੍ਹਿਆਂ ਦੇ 3582 ਦੇ ਅਧਿਆਪਕਾਂ ਦੇ ਗ੍ਰਹਿ ਜਿਲ੍ਹਿਆਂ ਤੋਂ ਬਾਹਰ ਭਰਤੀ ਤੇ ਤਰੱਕੀ ਹੋਏ ਸਮੂਹ ਅਧਿਆਪਕਾਂ ਨੂੰ ਬਦਲੀ ਨੀਤੀ ਦੀਆ ਸਰਤਾਂ ਤੋ ਛੋਟ ਦਿੰਦੀਆਂ ਬਦਲੀ ਕਰਾਉਣ ਦਾ ਵਿਸ਼ੇਸ਼ ਮੌਕਾ ਦਿੱਤਾ ਜਾਵੇ। ਅਧਿਆਪਕਾਂ ਦਾ ਪ੍ਰਮੋਸ਼ਨ ਕੋਟਾ 75 ਫੀਸਦੀ ਅਨੁਸਾਰ ਬਹਾਲ ਕੀਤਾ ਜਾਵੇ, ਸਾਰੀਆਂ ਪੈਡਿਗ ਪ੍ਰਮੋਸ਼ਨਾਂ ਕੀਤੀਆਂ ਜਾਣ, 30 ਸਤੰਬਰ 2020 ਤੱਕ ਦੀ ਰਿਟਾਇਰਮੈਂਟ ਅਨੁਸਾਰ ਸਿੱਖਿਆ ਵਿਭਾਗ ਵਿੱਚ ਖਾਲੀ ਬਣਦੀਆਂ ਸਾਰੀਆਂ ਅਸਾਮੀਆਂ ਲਈ ਭਰਤੀ ਦਾ ਇਸਤਿਹਾਰ ਜਾਰੀ ਕੀਤਾ ਜਾਵੇ। ਛੇਵੇਂ ਪੇਅ ਕਮਿਸ਼ਨ ਦੀ ਟਰਮ ਨੂੰ ਅੱਗੇ ਪਾਉਣ ਦਾ ਸਖਤ ਵਿਰੋਧ ਕੀਤਾ ਗਿਆ। ਡੀ.ਸੀ ਨਾਲ ਮੀਟਿੰਗ ਵਿੱਚ ਅਧਿਆਪਕਾਂ ਦੁਆਰਾ ਨਿਭਾਈਆਂ ਜਾ ਰਹੀਆਂ ਵਿਭਾਗੀ/ਸਕੂਲੀ ਜ਼ਿੰਮੇਵਾਰੀਆਂ ਦੇ ਮੱਦੇਨਜ਼ਰ, ਤਹਿਸੀਲ ਪ੍ਰਬੰਧਕੀ ਦਫ਼ਤਰ, ਇਕਾਤਵਾਸ ਕੇਦਰ,ਨਾਕਿਆਂ ਤੇ ਲੱਗੀਆਂ ਕੋਵਿਡ ਡਿਊਟੀਆਂ ਤੋਂ ਅਧਿਆਪਕਾਂ ਨੂੰ ਫਾਰਗ ਕਰਨ ਦੀ ਮੰਗ ਵੀ ਕੀਤੀ ਗਈ।ਜਿਲ੍ਹਾਂ ਮੀਟਿੰਗ ਵਿੱਚ ਡੀ .ਐਮ.ਐੱਫ ਦੇ ਸਾਬਕਾ ਆਗੂ ਸਵਰਨਜੀਤ ਸਿੰਘ, ਅਮਨ ਵਸ਼ਿਸ਼ਟ, ਸੁਖਵਿੰਦਰ ਸੁੱਖ, ਹੇਮੰਤ ਸਿੰਘ, ਸੁਖਵੀਰ ਖਨੌਰੀ, ਮਨੋਜ ਲਹਿਰਾ, ਸੁਖਦੇਵ ਬਾਲਦ, ਸੁਖਪਾਲ ਸਫੀਪੁਰ, ਮਨਜੀਤ ਲਹਿਰਾ, ਰਮਨ ਲਹਿਰਾ, ਅਸ਼ਵਨੀ ਲਹਿਰਾ, ਸੁਖਵੀਰ ਸੰਗਰੂਰ, ਗੁਰਜੀਤ ਭਵਾਨੀਗੜ੍ਹ , ਕੁਲਵੀਰ ਭਵਾਨੀਗੜ੍ਹ ਅਤੇ ਹੋਰ ਸਾਥੀ ਹਾਜ਼ਰ ਸਨ।