ਨੌਜਵਾਨਾਂ ਦੀ ਰਿਹਾਈ ਨੂੰ ਲੈ ਕੇ ਲੋਹੜੀ ਵਾਲੇ ਦਿਨ ਐੱਸ.ਐੱਸ.ਪੀ. ਦਫ਼ਤਰ ਅੱਗੇ ਜਥੇਬੰਦੀਆਂ ਵੱਲੋਂ ਸੰਘਰਸ਼ ਜਾਰੀ

01/13/2022 4:59:46 PM

ਸੰਗਰੂਰ (ਵਿਜੈ ਕੁਮਾਰ ਸਿੰਗਲਾ) : ਪਿੰਡ ਸ਼ਾਦੀਹਰੀ ਦੇ ਨੌਜਵਾਨਾਂ ਦੀ ਰਿਹਾਈ ਨੂੰ ਲੈ ਕੇ ਅੱਜ ਲੋਹੜੀ ਵਾਲੇ ਦਿਨ ਵੀ ਵੱਖ-ਵੱਖ ਜਥੇਬੰਦੀਆਂ ਵੱਲੋਂ ਐੱਸ.ਐੱਸ.ਪੀ ਦਫ਼ਤਰ ਸੰਗਰੂਰ ਦੇ ਗੇਟ ਅੱਗੇ ਧਰਨਾ ਜਾਰੀ ਰਿਹਾ ਅਤੇ ਤਿੰਨ ਨੌਜਵਾਨਾਂ ਵੱਲੋਂ ਸ਼ੁਰੂ ਕੀਤੀ ਭੁੱਖ ਹੜਤਾਲ ਅੱਜ ਦੂਜੇ ਦਿਨ ਵਿਚ ਸ਼ਾਮਲ ਹੋ ਗਈ ਹੈ। ਮੋਰਚੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਜਨਤਕ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਕਾਨੂੰਨ ਮੁਤਾਬਕ ਕੋਆਪਰੇਟਿਵ ਸੁਸਾਇਟੀ ਵਿੱਚ  ਹਿੱਸਾ ਮੰਗਦੇ ਲੋਕਾਂ ’ਤੇ ਧਨਾਂਡ ਚੌਧਰੀਆਂ ਦੀ ਸ਼ਹਿ ’ਤੇ ਝੂਠੇ ਪਰਚੇ ਕੀਤੇ ਜਾਦੇ ਹਨ ਅਤੇ ਗੱਲਬਾਤ  ਦੇ ਬਹਾਨੇ ਨਾਲ ਬੁਲਾ ਕੇ ਜੇਲ੍ਹ ਭੇਜ ਦਿੱਤਾ ਜਾਦਾ ਹੈ ।

ਇਹ ਵੀ ਪੜ੍ਹੋ: ਲਾਰਿਆਂ ਦੀ ਪੰਡ ਫੂਕ ਮੁਲਾਜ਼ਮਾਂ ਕੀਤਾ ਚੰਨੀ ਸਰਕਾਰ ਦਾ ਪਿੱਟ ਸਿਆਪਾ

ਇਸ ਤੋਂ ਪੁਲਸ ਪ੍ਰਸ਼ਾਸਨ ਅਤੇ  ਪੰਜਾਬ ਸਰਕਾਰ ਦਾ ਦਲਿਤ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ । ਇਸ ਤੋਂ ਇੱਕ ਗੱਲ ਸਾਫ਼ ਹੋ ਚੁੱਕੀ ਹੈ ਕਿ ਜਿਹੜੀ ਮਰਜੀ ਸਰਕਾਰ ਆ ਜਾਵੇ ਪਰ ਦਲਿਤਾਂ  ਦੇ ਹੱਕ ’ਚ ਕੋਈ ਰਾਜਨੀਤਕ ਪਾਰਟੀ ਹਾਂ ਦਾ ਨਾਅਰਾ ਨਹੀ ਮਾਰਦੀ ਪਰ ਵੋਟਾਂ ਲਈ ਅੱਜ ਸਾਰੇ ਦਲਿਤਾਂ ਦਾ ਨਾਮ ਵਰਤ ਰਹੀਆ ਹਨ। ਇਸ ਲਈ ਚਾਹੇ ਠੰਡ ਜ਼ੋਰਾਂ ’ਤੇ ਪੈ ਰਹੀ ਹੈ ਪਰ ਲੋਕ ਆਪਣੇ ਨਜਾਇਜ਼ ਤਰੀਕੇ ਨਾਲ ਗ੍ਰਿਫ਼ਤਾਰ ਕੀਤੇ ਸਾਥੀਆਂ ਦੀ ਰਿਹਾਈ ਲਈ ਲੋਹੜੀ ਦੇ ਤਿਉਹਾਰ ਵਾਲੇ ਦਿਨ ਵੀ ਡਟੇ ਹੋਏ ਹਨ ਅਤੇ ਆਗੂਆਂ ਨੇ ਐਲਾਨ ਕੀਤਾ ਕਿ ਮਸਲਾ ਹੱਲ ਨਾ ਹੋਣ ਤੱਕ ਮੋਰਚਾ ਜਾਰੀ ਰਹੇਗਾ। ਚਾਹੇ ਪ੍ਰਸ਼ਾਸਨ ਨੇ ਲਗਾਤਾਰ ਗੱਲਬਾਤ ਵਿੱਚ ਉਲਝਾ ਕੇ ਮੋਰਚਾ ਖ਼ਤਮ ਕਰਾਉਣ ਦਾ ਜ਼ੋਰ ਲਾਇਆ ਪਰ ਜਥੇਬੰਦੀ ਨੇ ਕੋਈ ਠੋਸ ਹੱਲ ਨਾ ਹੋਣ ਤੱਕ ਮੋਰਚਾ ਜਮਾਇਆ ਹੋਇਆ ਹੈ। ਅੱਜ ਦੇ ਮੋਰਚੇ ਵਿੱਚ ਜਬਰ ਵਿਰੋਧੀ ਸੰਘਰਸ਼ ਕਮੇਟੀ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ, ਡੈਮੋਕ੍ਰੇਟਿਕ  ਸਟੂਡੈਂਟਸ ਯੂਨੀਅਨ ਦੇ ਬੁਲਾਰਿਆਂ ਨੇ ਸੰਬੋਧਨ ਕੀਤਾ ।

ਨੋਟ: ਇਸ ਖ਼ਬਰ  ਸਬੰਧੀ ਕੀ ਹੈ ਤੁਹਾਡੀ ਰਾਏ ? ਕੁਮੈਂਟ ਕਰਕੇ ਦੱਸੋ


Anuradha

Content Editor

Related News