ਭਾਰਤੀ ਕਿਸਾਨ ਯੂਨੀਅਨ ਵਲੋਂ 3 ਜੂਨ ਨੂੰ ਸਬ-ਤਹਿਸੀਲ ਚੀਮਾ ਮੰਡੀ ਦਫ਼ਤਰ ਅੱਗੇ ਧਰਨੇ ਦਾ ਐਲਾਨ
Saturday, May 30, 2020 - 05:19 PM (IST)
ਚੀਮਾ ਮੰਡੀ(ਗੋਇਲ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਗਰੁੱਪ ਵੱਲੋਂ ਬਲਾਕ ਸੁਨਾਮ ਦੇ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਦੀ ਅਗਵਾਈ ਵਿਚ ਮੰਗਾਂ ਨੂੰ ਲੈ ਕੇ ਕੇਂਦਰ ਤੇ ਪੰਜਾਬ ਸਰਕਾਰ ਦਾ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਮੁਜ਼ਾਹਰੇ ਦੌਰਾਨ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਆਗੂਆਂ ਨੇ ਕਰੋਨਾ ਵਾਇਰਸ ਦੇ ਚਲਦਿਆਂ ਸਰਕਾਰ ਵੱਲੋਂ ਕੀਤੇ ਕੰਮਾਂ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਲਾਕਡਾਉਨ ਨੇ ਗਰੀਬ ਕਿਰਤੀ ਲੋਕਾਂ ਨੂੰ ਦੋ ਡੰਗ ਦੀ ਰੋਟੀ ਲਈ ਮੁਥਾਜ ਬਣਾ ਦਿੱਤਾ। ਇਸ ਮੌਕੇ ਆਗੂਆਂ ਨੇ ਕੋਰੋਨਾ ਵਾਇਰਸ ਦੀ ਬਿਮਾਰੀ ਨਾਲ ਪੀੜਤ ਮਰੀਜ਼ਾਂ ਲਈ, ਜੋ ਸਰਕਾਰ ਨੇ ਨਵੀਂ ਪਾਲਸੀ ਤਹਿਤ ਮਰੀਜ਼ਾਂ ਨੂੰ ਘਰ ਭੇਜਿਆ ਜਾ ਰਿਹਾ ਹੈ ਉਸ ਦੀ ਵੀ ਉਨ੍ਹਾਂ ਨੇ ਨਿੰਦਾ ਕੀਤੀ।
ਇਸ ਦੌਰਾਨ ਉਨ੍ਹਾਂ ਮੰਗ ਕਰਦੀਆਂ ਕਿਹਾ ਕਿ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਨੂੰ ਸਰਕਾਰ ਸਰਕਾਰੀ ਜਾਂ ਪ੍ਰਾਈਵੇਟ ਹਸਪਤਾਲਾਂ ਵਿਚ ਦਾਖਲ ਕਰੇ, ਪ੍ਰਾਈਵੇਟ ਹਸਪਤਾਲਾਂ ਦਾ ਪ੍ਰਬੰਧ ਸਰਕਾਰ ਆਪਣੇ ਹੱਥਾਂ 'ਚ ਲਵੇ ਤੇ ਇਹਨਾਂ ਹਸਪਤਾਲਾਂ ਵਿਚ ਕੋਰੋਨਾ ਸਮੇਤ ਹਰ ਲੋੜਵੰਦ ਦਾ ਇਲਾਜ ਆਪਣੇ ਖਰਚੇ 'ਤੇ ਕਰੇ। ਇਸ ਤੋਂ ਇਲਾਵਾ ਛੋਟੇ ਵੱਡੇ ਡਾਕਟਰਾਂ ਸਮੇਤ ਸਿਹਤ ਕਰਮਚਾਰੀਆਂ, ਆਸ਼ਾ ਵਰਕਰਾਂ ਅਤੇ ਜੋ ਵੀ ਕੋਰੋਨਾ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ ਸਰਕਾਰ ਉਨ੍ਹਾਂ ਦਾ ਫੌਰੀ ਤੋਰ 'ਤੇ 50 ਲੱਖ ਦਾ ਬੀਮਾ ਕਰੇ ਅਤੇ ਸਿਹਤ ਕਰਮਚਾਰੀਆਂ ਨੂੰ ਮਿਆਰੀ ਕਿੱਟਾਂ ਦਿੱਤੀਆਂ ਜਾਣ ਦੇ ਨਾਲ-ਨਾਲ ਉਨ੍ਹਾਂ ਦੀ ਤਨਖਾਹ ਵੀ ਤੁਰੰਤ ਵਧਾਈ ਜਾਵੇ। ਆਗੂਆਂ ਨੇ ਮੰਗ ਕੀਤੀ ਕਿ ਵੱਡੇ ਕਾਰਪੋਰੇਟ ਘਰਾਣਿਆਂ, ਵੱਡੇ ਉਦਯੋਗਪਤੀਆਂ, ਵੱਡੇ ਜਗੀਰਦਾਰਾਂ ਅਤੇ ਵੱਡੇ ਭੂ-ਮਾਫੀਆ 'ਤੇ ਫੋਰੀ ਮਹਾਮਾਰੀ ਦਾ ਮੋਟਾ ਟੈਕਸ ਲਾ ਕੇ ਇਸ ਪੈਸੇ ਨਾਲ ਕਿਸਾਨਾਂ ਮਜ਼ਦੂਰਾਂ ਦੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇ। ਕਿਸਾਨ ਮਜ਼ਦੂਰਾਂ ਦਾ ਟੋਟਲ ਕਰਜ਼ਾ ਖਤਮ ਕੀਤਾ ਜਾਵੇ, ਝੋਨਾ ਲਾਉਣ ਦੀ ਤਰੀਕ ਇੱਕ ਜੂਨ ਕੀਤੀ ਜਾਵੇ ਅਤੇ ਇੱਕ ਜੂਨ ਤੋਂ ਬਿਜਲੀ ਸਪਲਾਈ 16 ਘੰਟੇ ਦਿੱਤੀ ਜਾਵੇ। ਆਗੂਆਂ ਨੇ ਧਮਕੀ ਭਰੇ ਲਹਿਜੇ 'ਚ ਕਿਹਾ ਕਿ ਜੇਗਰ ਸਰਕਾਰ ਨੇ ਇਨ੍ਹਾਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਆਪਣੇ ਸੰਬੋਧਨ ਵਿਚ ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਨੇ ਕਿਹਾ ਕਿ ਇਸੇ ਲੜੀ ਤਹਿਤ 3 ਜੂਨ ਨੂੰ ਸਬ ਤਹਿਸੀਲ ਚੀਮਾ ਮੰਡੀ ਅੱਗੇ 12 ਵਜੇ ਤੋਂ 4 ਵਜੇ ਤੱਕ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਗੁਰਭਗਤ ਸਿੰਘ ਸ਼ਾਹਪੁਰ ਕਲਾਂ, ਸੁਖਪਾਲ ਸਿੰਘ ਮਾਣਕ, ਜਿੰਦਰ ਅੌਲਖ ਚੀਮਾ, ਗੁਰਮੇਲ ਸਿੰਘ ਚੀਮਾ, ਦਰਸ਼ਨ ਸਿੰਘ ਤੋਲਾਵਾਲ ਤੋਂ ਇਲਾਵਾ ਇਕਾਈ ਚੀਮਾ, ਤੋਲਾਵਾਲ, ਬੀਰ ਕਲਾਂ,ਸਤੌਜ, ਸ਼ਾਹਪੁਰ ਕਲਾਂ, ਮਾਡਲ ਟਾਊਨ ਤੋਂ ਵੀ ਕਿਸਾਨ ਹਾਜ਼ਰ ਸਨ।